ਮੋਹਾਲੀ 12 ਜੁਲਾਈ , ਜਸਵੀਰ ਗੋਸਲ
ਗੌਰਮਿੰਟ ਟੀਚਰਜ਼ ਯੂਨੀਅਨ ਮੁਹਾਲੀ ਦੇ ਪ੍ਰਧਾਨ ਰਵਿੰਦਰ ਸਿੰਘ ਪੱਪੀ ਸਿੱਧੂ ਅਤੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ 15 ਜੁਲਾਈ ਤੋਂ ਅਗਲੇ ਦੋ ਸਾਲਾਂ ਲਈ ਹੋਂਦ ਵਿੱਚ ਆਉਣ ਵਾਲੀਆਂ ਸਕੂਲ ਮੈਨੇਜਮੈਂਟ ਕਮੇਟੀਆਂ ਲਈ ਆਮ ਆਦਮੀ ਪਾਰਟੀ ਵੱਲੋਂ ਸਿਆਸੀ ਦਖਲਅੰਦਾਜ਼ੀ ਕਰਦਿਆਂ ਇਲਾਕੇ ਦੇ ਚੁਣੇ ਹੋਏ ਜਨਤਕ ਪ੍ਰਤੀਨਿਧੀ ਅਤੇ ਸਿੱਖਿਆ ਕਰਮੀ ਦੀ ਥਾਂ ਆਪਣੇ ਚਹੇਤਿਆਂ ਨੂੰ ਮੈਂਬਰ ਬਣਾਉਣ ਲਈ ਸਿਫ਼ਾਰਸ਼ ਕੀਤੀਆਂ ਲਿਸਟਾਂ ਜ਼ਿਲ੍ਹਿਆਂ ਦੇ ਸਿੱਖਿਆ ਅਧਿਕਾਰੀਆਂ ਨੂੰ ਭੇਜ ਕੇ ਉਨ੍ਹਾਂ ਨੂੰ ਹੀ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਬਣਾਉਣ ਦੇ ਜ਼ੁਬਾਨੀ ਹੁਕਮ ਦੇ ਦਿੱਤੇ ਹਨ। ਜਦੋਂ ਕਿ ਬੱਚਿਆਂ ਦੇ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦੇ ਅਧਿਕਾਰ ਐਕਟ, 2009 ਦੀ ਧਾਰਾ 21, ਪੰਜਾਬ ਮੁਫ਼ਤ ਤੇ ਲਾਜ਼ਮੀ ਸਿੱਖਿਆ ਦੇ ਅਧਿਕਾਰ ਨਿਯਮਾਂ, 2011 ਦੇ ਨਿਯਮ 13, ਅਤੇ 26/04/2025 ਦੇ ਸਰਕਾਰੀ ਨੋਟੀਫ਼ਿਕੇਸ਼ਨ ਅਨੁਸਾਰ ਸਮੂਹ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ‘ਚ ਹੁਣ ਅਗਲੇ ਦੋ ਸਾਲ (2025-2027) ਲਈ ਸਕੂਲ ਮੈਨੇਜਮੈਂਟ ਕਮੇਟੀਆਂ ਗਠਿਤ ਕੀਤੀਆਂ ਜਾਣੀਆਂ ਹਨ।
ਇਸ ਸਬੰਧੀ ਡਾਇਰੈਕਟਰ ਸਿੱਖਿਆ ਵਿਭਾਗ ਵੱਲੋਂ 7 ਜੁਲਾਈ ਨੂੰ ਜਾਰੀ ਪੱਤਰ ਅਨੁਸਾਰ ਹਰ ਇਕ ਸਕੂਲ ਮੈਨੇਜਮੈਂਟ ਕਮੇਟੀ ਵਿਚ ਸਕੂਲ ਵਿਚ ਪੜ੍ਹ ਰਹੇ ਵਿਦਿਆਰਥੀਆਂ ਦੇ ਮਾਤਾ-ਪਿਤਾ ਜਾਂ ਸਰਪ੍ਰਸਤਾਂ ‘ਚੋਂ ਘੱਟੋ-ਘੱਟ 6 ਮਹਿਲਾਵਾਂ ਸਮੇਤ 12 ਮੈਂਬਰ, ਸਕੂਲ ਮੁਖੀ ਮੈਂਬਰ ਸਕੱਤਰ ਤੇ ਕਨਵੀਨਰ, ਇਕ ਅਧਿਆਪਕ ਮੈਂਬਰ, ਇਕ ਮੈਂਬਰ ਇਲਾਕੇ ਦਾ ਚੁਣਿਆ ਹੋਇਆ ਜਨਤਕ ਪ੍ਰਤੀਨਿਧੀ ਜਾਂ ਉਸਦਾ ਨਾਮਜ਼ਦ ਵਿਅਕਤੀ ਤੇ ਇਕ ਮੈਂਬਰ ਸਿੱਖਿਆ ਕਰਮਚਾਰੀ ਸਮੇਤ ਕੁੱਲ 16 ਮੈਂਬਰ ਹੋਣਗੇ।
ਪਰ ਇਸ ਵਿੱਚ ਸਿੱਖਿਆ ਕਰਮੀ ਅਤੇ ਇਲਾਕੇ ਦੇ ਚੁਣੇ ਹੋਏ ਜਨਤਕ ਪ੍ਰਤੀਨਿਧੀ ਜਾਂ ਉਸ ਵੱਲੋਂ ਨਾਮਜ਼ਦ ਨੁਮਾਇੰਦੇ ਦੀ ਚੋਣ ਕਰਦਿਆਂ ਆਮ ਆਦਮੀ ਪਾਰਟੀ ਵੱਲੋਂ ਆਪਣੇ ਰਾਜਨੀਤਕ ਬੰਦੇ ਫਿੱਟ ਕਰਦਿਆਂ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਲਿਸਟਾਂ ਜਾਰੀ ਕਰਦਿਆਂ ਕੁਝ ਵਿਸ਼ੇਸ਼ ਵਿਅਕਤੀਆਂ ਨੂੰ ਕਮੇਟੀ ਮੈਂਬਰ ਲੈਣ ਦੇ ਜ਼ੁਬਾਨੀ ਸੰਦੇਸ਼ ਪ੍ਰਾਪਤ ਹੋਏ ਹਨ। ਜਿਸ ਕਾਰਨ ਜ਼ਿਲ੍ਹਾ ਸਿੱਖਿਆ ਅਫ਼ਸਰ ਵੀ ਸਰਕਾਰੀ ਹੁਕਮਾਂ ਦੇ ਦਬਾਅ ਵਿੱਚ ਹਨ । ਇੰਨ੍ਹਾਂ ਲਿਸਟਾਂ ਨਾਲ ਆਏ ਜ਼ੁਬਾਨੀ ਹੁਕਮਾਂ ਕਾਰਣ ਹੀ ਕਮੇਟੀਆਂ ਵਿੱਚ ਪਿੰਡ ਤੋਂ ਬਾਹਰੀ ਅਤੇ ਸਿੱਖਿਆ ਸਰੋਕਾਰਾਂ ਤੋਂ ਕੋਰੇ ਵਿਅਕਤੀਆਂ ਨੂੰ ਲਿਆ ਜਾ ਰਿਹਾ ਹੈ ਅਤੇ ਪਿੰਡ ਵਿਚਲੇ ਉਪਲਬਧ ਗ੍ਰੈਜੂਏਟ ਅਤੇ ਸਿੱਖਿਆ ਸਰੋਕਾਰਾਂ ਨਾਲ ਜੁੜੇ ਵਿਅਕਤੀਆਂ ਨੂੰ ਅਣਗੌਲਿਆਂ ਕਰਦਿਆਂ ਸਿਆਸੀ ਰੰਗਤ ਦਿੰਦਿਆਂ ਕਮੇਟੀ ਵਿੱਚ ਸ਼ਾਮਲ ਕਰਨ ਦੇ ਹੁਕਮ ਦਿੱਤੇ ਗਏ ਹਨ। ਕਈ ਜ਼ਿਲ੍ਹਿਆਂ ਵਿੱਚ ਦਸ ਦਸ ਜਾਂ ਇਸ ਤੋਂ ਵੀ ਵੱਧ ਸਕੂਲਾਂ ਲਈ ਇੱਕ ਸਿੱਖਿਆ ਕਰਮਚਾਰੀ ਦਿੱਤਾ ਗਿਆ ਹੈ ਜੋ ਕਿ ਉਨ੍ਹਾਂ ਸਾਰੇ ਸਕੂਲਾਂ ਦੀਆਂ ਮੈਨੇਜਮੈਂਟ ਕਮੇਟੀਆਂ ਦਾ ਮੈਂਬਰ ਬਣੇਗਾ। ਆਗੂਆਂ ਨੇ ਪ੍ਰਸ਼ਨ ਕੀਤਾ ਕਿ ਅਜਿਹਾ ਮੈਂਬਰ ਸਾਰੇ ਸਕੂਲਾਂ ਦੀਆਂ ਕਮੇਟੀਆਂ ਨਾਲ ਕਿਵੇਂ ਨਿਆਂ ਕਰ ਸਕੇਗਾ। ਇਸ ਸਮੇਂ ਜਥੇਬੰਦੀ ਦੇ ਆਗੂਆਂ ਚਰਨਜੀਤ ਸਿੰਘ, ਸਤਵਿੰਦਰ ਕੌਰ,ਵੀਨਾ ਕੁਮਾਰੀ,ਸਰਬਜੀਤ ਕੌਰ, ਸਤਿੰਦਰਪਾਲ ਕੌਰ, ਪ੍ਰਭਲੀਨ ਕੌਰ,ਹਰਪ੍ਰੀਤ ਸਿੰਘ ਭਜੌਲੀ,ਸੰਦੀਪ ਸਿੰਘ,ਰਾਕੇਸ਼ ਕੁਮਾਰ ,ਰਾਜੇਸ਼ ਜੋਸ਼ੀ,ਨਵਕਿਰਨ ਖੱਟੜਾ,ਗੁਰਪ੍ਰੀਤ ਸਿੰਘ, ਅਮਰੀਕ ਸਿੰਘ ,ਅਰਵਿੰਦਰ ਸਿੰਘ,ਗੁਲਜੀਤ ਸਿੰਘ,ਵੇਦ ਪ੍ਰਕਾਸ਼, ਮਨੋਜ ਕੁਮਾਰ,ਪਵਨ ਕੁਮਾਰ,ਵਰਿੰਦਰ ਕੁਮਾਰ,ਸੁਖਜਿੰਦਰ ਸਿੰਘ ,ਹਰਪ੍ਰੀਤ ਧਰਮਗੜ੍ਹ,ਬਲਜੀਤ ਸਿੰਘ,ਦਰਸ਼ਨ ਸਿੰਘ,ਬਲਜੀਤ ਸਿੰਘ ਚੁੰਬਰ,ਕੁਲਵਿੰਦਰ ਸਿੰਘ,ਗੁਰਵੀਰ ਸਿੰਘ ,ਸ਼ਮਸ਼ੇਰ ਸਿੰਘ , ਸੰਦੀਪ ਸਿੰਘ,ਰਵੀ ਕੁਮਾਰ ਆਦਿ ਸਾਥੀ ਹਾਜ਼ਰ ਸਨ।