ਦੂਸ਼ਿਤ ਪਾਣੀ ਤੇ ਮੱਛਰ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਅ ਲਈ ਸਾਵਧਾਨੀਆਂ ਵਰਤੀਆਂ ਜਾਣ : ਸਿਵਲ ਸਰਜਨ

ਸਿਹਤ

ਬਰਸਾਤ ਦੇ ਮੌਸਮ ’ਚ ਪਾਣੀ ਉਬਾਲ ਕੇ ਪੀਤਾ ਜਾਵੇ

ਮੋਹਾਲੀ, 13 ਜੁਲਾਈ : ਦੇਸ਼ ਕਲਿੱਕ ਬਿਓਰੋ
ਬਰਸਾਤੀ ਮੌਸਮ ਦੇ ਸਨਮੁਖ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਲੋਕਾਂ ਨੂੰ ਚੌਕਸ ਕਰਦਿਆਂ ਆਖਿਆ ਕਿ ਦੂਸ਼ਿਤ ਪਾਣੀ ਅਤੇ ਮੱਛਰ ਆਦਿ ਕਾਰਨ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਅ ਲਈ ਸਾਵਧਾਨੀਆਂ ਵਰਤੀਆਂ ਜਾਣ। ਇਥੇ ਜਾਰੀ ਪ੍ਰੈੱਸ ਨੋਟ ਰਾਹੀਂ ਡਾ. ਜੈਨ ਨੇ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਗੰਦੇ ਪਾਣੀ ਨਾਲ ਫੈਲਣ ਵਾਲੀਆਂ ਬੀਮਾਰੀਆਂ ਜਿਵੇਂ ਹੈਜ਼ਾ, ਟਾਈਫ਼ਾਈਡ, ਪੀਲੀਆ, ਡਾਇਰੀਆ ਆਦਿ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸੇ ਤਰ੍ਹਾਂ ਇਸ ਮੌਸਮ ’ਚ ਮੱਛਰਾਂ ਦੇ ਕੱਟਣ ਨਾਲ ਡੇਂਗੂ, ਮਲੇਰੀਆ, ਚਿਕਨਗੁਨੀਆਂ ਆਦਿ ਬੀਮਾਰੀਆਂ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਕੁੱਝ ਸਾਵਧਾਨੀਆਂ ਵਰਤ ਕੇ ਇਨ੍ਹਾਂ ਬੀਮਾਰੀਆਂ ਤੋਂ ਅਪਣਾ ਅਤੇ ਗੁਆਂਢੀਆਂ ਦਾ ਆਸਾਨੀ ਨਾਲ ਬਚਾਅ ਕਰ ਸਕਦਾ ਹੈ। ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੌਸਮ ਵਿਚ ਪਾਣੀ ਉਬਾਲ ਕੇ ਅਤੇ ਠੰਢਾ ਕਰ ਕੇ ਪੀਤਾ ਜਾਵੇ ਜਾਂ ਫ਼ਿਲਟਰ ਹੋਏ ਪਾਣੀ ਦਾ ਸੇਵਨ ਕੀਤਾ ਜਾਵੇ। ਉਨ੍ਹਾਂ ਦਸਿਆ ਕਿ ਪਾਣੀ ਨੂੰ ਸਾਫ਼ ਕਰਨ ਲਈ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਕਲੋਰੀਨ ਦੀਆਂ ਗੋਲੀਆਂ ਵੀ ਦਿਤੀਆਂ ਜਾਂਦੀ ਹਨ। ਕਲੋਰੀਨ ਦੀ ਇਕ ਗੋਲੀ 2 ਲੀਟਰ ਪਾਣੀ ਸਾਫ਼ ਕਰਨ ਲਈ ਕਾਫ਼ੀ ਹੁੰਦੀ ਹੈ। ਇਸ ਤੋਂ ਇਲਾਵਾ ਸਰਕਾਰੀ ਸਿਹਤ ਸੰਸਥਾਵਾਂ ਵਿਚ ਓ.ਆਰ.ਐਸ. ਕਾਰਨਰ ਬਣਾਏ ਗਏ ਹਨ ਜਿਥੋਂ ਬੱਚਿਆਂ ਵਾਸਤੇ ਓ.ਆਰ.ਐਸ. ਦੇ ਪੈਕਟ ਲਏ ਜਾ ਸਕਦੇ ਹਨ ਜਾਂ ਘਰ ਵੀ ਓ.ਆਰ.ਐਸ ਦਾ ਘੋਲ ਬਣਾਇਆ ਜਾ ਸਕਦਾ ਹੈ ਤਾਕਿ ਪਾਣੀ ਦੀ ਕਮੀ ਪੂਰੀ ਕਰਨ ਲਈ ਇਹ ਘੋਲ ਬੱਚੇ ਨੂੰ ਦਿਤਾ ਜਾ ਸਕੇ। ਸਿਹਤ ਕਾਮਿਆਂ ਦੁਆਰਾ ਇਹ ਪੈਕੇਟ ਘਰ-ਘਰ ਵੀ ਵੰਡੇ ਜਾ ਰਹੇ ਹਨ। ਉਨ੍ਹਾਂ ਦਸਿਆ ਕਿ ਡੇਂਗੂ ਅਤੇ ਮਲੇਰੀਆ ਜਿਹੀਆਂ ਬੀਮਾਰੀਆਂ ਤੋਂ ਬਚਾਅ ਦਾ ਇਕੋ ਕਾਰਗਰ ਤਰੀਕਾ ਹੈ ਕਿ ਕਿਸੇ ਵੀ ਥਾਂ ’ਤੇ ਪਾਣੀ ਜਮ੍ਹਾਂ ਨਾ ਹੋਣ ਦਿਤਾ ਜਾਵੇ ਕਿਉਂਕਿ ਇਹ ਮੱਛਰ ਪਾਣੀ ਵਿਚ ਹੀ ਪੈਦਾ ਹੁੰਦੇ ਹਨ। ਡਾ. ਜੈਨ ਨੇ ਆਖਿਆ ਕਿ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਮੱਛਰ ਆਦਿ ਕਾਰਨ ਹੋਣ ਵਾਲੀਆਂ ਬੀਮਾਰੀਆਂ ਦੀ ਜਾਂਚ ਅਤੇ ਇਲਾਜ ਬਿਲਕੁਲ ਮੁਫ਼ਤ ਹੁੰਦਾ ਹੈ। ਕਿਸੇ ਵੀ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।