ਅੰਮ੍ਰਿਤਸਰ, 15 ਜੁਲਾਈ, ਦੇਸ਼ ਕਲਿਕ ਬਿਊਰੋ :
ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ‘ਚ ਇੱਕ ਵਾਰ ਫਿਰ ਬੀ.ਐਸ.ਐੱਫ. ਦੇ ਜਵਾਨਾਂ ਨੇ ਆਪਣੀ ਚੌਕਸੀ ਅਤੇ ਸੂਝ-ਬੂਝ ਨਾਲ ਨਸ਼ਾ ਤਸਕਰਾਂ ਦੇ ਮੰਦੇ ਮਨਸੂਬਿਆਂ ‘ਤੇ ਪਾਣੀ ਫੇਰ ਦਿੱਤਾ। ਇੰਟੈਲੀਜੈਂਸ ਵਿੰਗ ਤੋਂ ਮਿਲੀ ਖ਼ੂਫ਼ੀਆ ਜਾਣਕਾਰੀ ਦੇ ਆਧਾਰ ’ਤੇ ਕੀਤੀ ਗਈ ਕਾਰਵਾਈ ਦੌਰਾਨ ਬੀ.ਐਸ.ਐੱਫ. ਨੇ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਕੱਕੜ ਨੇੜੇ ਖੇਤਾਂ ਵਿੱਚੋਂ 6 ਕਿਲੋ 250 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਇਹ ਖੇਪ ਇੱਕ ਲੱਕੜ ਦੇ ਹੁੱਕ ਵਾਲੇ ਵੱਡੇ ਪੈਕੇਟ ਵਿੱਚ ਚਤੁਰਾਈ ਨਾਲ ਛੁਪਾਈ ਗਈ ਸੀ, ਜਿਸਨੂੰ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਭੇਜਣ ਦੀ ਕੋਸ਼ਿਸ਼ ਕੀਤੀ ਗਈ ਸੀ।
ਬੀ.ਐਸ.ਐੱਫ. ਵੱਲੋਂ ਜਾਰੀ ਕੀਤੇ ਬਿਆਨ ਅਨੁਸਾਰ, ਸਰਹੱਦ ‘ਤੇ ਡਰੋਨ ਹਲਚਲ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਸੀ ਅਤੇ ਮਿਲੀ ਜਾਣਕਾਰੀ ਮੁਤਾਬਕ ਜਵਾਨ ਤੁਰੰਤ ਮੌਕੇ ‘ਤੇ ਪੁੱਜੇ। ਖੇਤ ਦੀ ਛਾਣਬੀਣ ਦੌਰਾਨ ਇਹ ਨਸ਼ੀਲੀ ਖੇਪ ਮਿਲੀ।
