ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਦਸਤ ਰੋਕੋ ਮੁਹਿੰਮ ਦੀ ਸ਼ੁਰੂਆਤ
ਚੰਡੀਗੜ੍ਹ, 15 ਜੁਲਾਈ: ਦੇਸ਼ ਕਲਿੱਕ ਬਿਓਰੋ
ਸੂਬੇ ਵਿੱਚ ਛੋਟੇ ਬੱਚਿਆਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਦਮ ਦੇ ਹਿੱਸੇ ਵਜੋਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ “ਦਸਤ ਰੋਕੋ ਮੁਹਿੰਮ 2025” ਦੀ ਸ਼ੁਰੂਆਤ ਕੀਤੀ। ਦੋ ਮਹੀਨੇ ਲੰਬੀ ਇਹ ਹਮਲਾਵਰ ਮੁਹਿੰਮ ਸਿੱਧੇ ਤੌਰ ‘ਤੇ ਬੱਚਿਆ ਵਿੱਚ ਦਸਤ, ਜੋ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਮੌਤ ਦਰ ਦਾ ਇੱਕ ਪ੍ਰਮੁੱਖ ਕਾਰਨ ਹੈ ਅਤੇ ਪਰ ਪੂਰੀ ਤਰ੍ਹਾਂ ਰੋਕਥਾਮਯੋਗ ਬਿਮਾਰੀ ਹੈ, ਦੀ ਰੋਕਥਾਮ ‘ਕੇ ਧਿਆਨ ਕੇਂਦਰਤ ਕਰਦੀ ਹੈ। ਕੈਬਨਿਟ ਮੰਤਰੀ ਨੇ ਇਸ ਮੌਕੇ ਜਾਗਰੂਕਤਾ ਪੋਸਟਰ ਵੀ ਜਾਰੀ ਕੀਤੇ।
ਡਾ. ਬਲਬੀਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਦਸਤ ਬੱਚਿਆਂ ‘ਚ ਮੌਤਾਂ ਦਾ ਇੱਕ ਵੱਡਾ ਕਾਰਨ ਹੈ, ਜੋ ਕਿ ਇੱਕ ਬਹੁਤ ਹੀ ਗੰਭੀਰ ਪਰ ਰੋਕਥਾਮਯੋਗ ਬਿਮਾਰੀ ਹੈ। ਇਹ ਮੁਹਿੰਮ ਜਾਗਰੂਕਤਾ, ਰੋਕਥਾਮ ਅਤੇ ਸਮੇਂ ਸਿਰ ਇਲਾਜ ਰਾਹੀਂ ਹਰ ਬੱਚੇ ਦੀ ਰੱਖਿਆ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਉੱਚ-ਜੋਖਮ ਵਾਲੇ ਮਾਨਸੂਨ ਦੇ ਮਹੀਨਿਆਂ ‘ਤੇ ਧਿਆਨ ਕੇਂਦਰਤ ਕਰਦਿਆਂ ਇੱਕ ਰੋਕਥਾਮ-ਬਚਾਅ-ਇਲਾਜ (ਪੀਪੀਟੀ) ਰਣਨੀਤੀ ਅਪਣਾਏਗਾ। ਸੂਬਾ ਸਰਕਾਰ ਆਸ਼ਾ ਵਰਕਰਾਂ ਦੀ ਮਦਦ ਨਾਲ ਘਰ-ਘਰ ਓਆਰਐਸ-ਜ਼ਿੰਕ ਕਿੱਟ ਦੀ ਵੰਡ ਨੂੰ ਯਕੀਨੀ ਬਣਾਏਗੀ। ਇਸ ਤੋਂ ਇਲਾਵਾ ਸਾਰੀਆਂ ਸਿਹਤ ਸੰਸਥਾਵਾਂ ਅਤੇ ਆਂਗਣਵਾੜੀਆਂ ਵਿੱਚ ਓਆਰਐਸ-ਜ਼ਿੰਕ ਕਾਰਨਰ ਸਥਾਪਤ ਕੀਤੇ ਜਾਣਗੇ ਅਤੇ ਦਸਤ ਦੇ ਮਾਮਲਿਆਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਲਈ ਸਿਹਤ ਕਰਮਚਾਰੀਆਂ ਦੇ ਹੁਨਰ ਨੂੰ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਕੋਈ ਵੀ ਬੱਚਾ ਇਲਾਜ ਦੀ ਅਣਹੋਂਦ ਕਰਕੇ ਨਹੀਂ ਮਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਹਰ ਸਿਹਤ ਸਹੂਲਤ ‘ਤੇ ਓਆਰਐਸ, ਜ਼ਿੰਕ, ਆਈਵੀ ਤਰਲ ਪਦਾਰਥ ਅਤੇ ਐਂਟੀਬਾਇਓਟਿਕਸ ਉਪਲਬਧ ਹੋਣ।
ਜਾਗਰੂਕਤਾ ਦੀ ਲੋੜ ‘ਤੇ ਚਾਨਣਾ ਪਾਉਂਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਮੁਹਿੰਮ ਹੱਥ ਧੋਣ, ਸੁਰੱਖਿਅਤ ਪੀਣ ਵਾਲੇ ਪਾਣੀ, ਦੁੱਧ ਚੁੰਘਾਉਣ, ਸੈਨੀਟੇਸ਼ਨ ਅਤੇ ਟੀਕਾਕਰਨ ਪ੍ਰਤੀ ਜਾਗਰੂਕਤਾ ਨੂੰ ਤਰਜੀਹ ਦਿੰਦੀ ਹੈ। ਸਿਹਤ ਮੰਤਰੀ ਨੇ ਕਿਹਾ ਕਿ ਦਸਤ ਇੱਕ ਰੋਕਥਾਮਯੋਗ ਬਿਮਾਰੀ ਹੈ ਅਤੇ ਹੱਥਾਂ ਦੀ ਸਫ਼ਾਈ, ਸਾਫ਼ ਪਾਣੀ ਅਤੇ ਸਮੇਂ ਸਿਰ ਦੇਖਭਾਲ ਨਾਲ ਕੀਮਤੀ ਜਾਨਾਂ ਬਚ ਸਕਦੀਆਂ ਹਨ। ਉਨ੍ਹਾਂ ਨੇ ਇਸ ਮੁਹਿੰਮ ਨੂੰ ਅੱਗੇ ਵਧਾਉਣ ਲਈ ਪੰਚਾਇਤੀ ਰਾਜ ਦੇ ਮੈਂਬਰਾਂ, ਸਵੈ-ਸਹਾਇਤਾ ਸਮੂਹਾਂ, ਅਧਿਆਪਕਾਂ ਅਤੇ ਮਾਪਿਆਂ ਦਾ ਸਹਿਯੋਗ ਮੰਗਿਆ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦਸਤ ਦੇ ਮੂਲ ਕਾਰਨਾਂ ਨੂੰ ਹੱਲ ਕਰਨ ਲਈ ਸਿੱਖਿਆ, ਮਹਿਲਾ ਤੇ ਬਾਲ ਵਿਕਾਸ, ਜਲ ਤੇ ਸੈਨੀਟੇਸ਼ਨ ਅਤੇ ਪੇਂਡੂ ਵਿਕਾਸ ਵਿਭਾਗਾਂ ਨਾਲ ਅੰਤਰ-ਵਿਭਾਗੀ ਸਹਿਯੋਗ ਨੂੰ ਉਤਸ਼ਾਹਿਤ ਕਰ ਰਿਹਾ ਹੈ। ਡਾ. ਬਲਬੀਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਿਰਫ਼ ਸਿਹਤ ਦਾ ਮੁੱਦਾ ਨਹੀਂ ਹੈ ਬਲਕਿ ਇਹ ਪੰਜਾਬ ਦੇ ਭਵਿੱਖ ਲਈ ਇੱਕ ਲੜਾਈ ਹੈ ਅਤੇ ਅਸੀਂ ਇਕੱਠੇ ਮਿਲ ਕੇ ਇਸ ਬਿਮਾਰੀ ਨੂੰ ਮਾਤ ਪਾਵਾਂਗੇ।
ਸਿਹਤ ਮੰਤਰੀ ਨੇ ਲੋਕਾਂ ਨੂੰ ਆਲੇ-ਦੁਆਲੇ ਨੂੰ ਸਾਫ਼ ਰੱਖਣ, ਸਾਫ਼ ਤੇ ਸੁਰੱਖਿਅਤ ਪਾਣੀ ਦੀ ਵਰਤੋਂ ਅਤੇ ਦਸਤ ਦੇ ਲੱਛਣ ਦਿਖਣ ‘ਤੇ ਜਲਦ ਇਲਾਜ ਲੈਣ ਦੀ ਅਪੀਲ ਕੀਤੀ, ਜਿਸ ਵਿੱਚ ਤੁਰੰਤ ਓਆਰਐਸ-ਜ਼ਿੰਕ ਅਤੇ ਡਾਕਟਰੀ ਸਹਾਇਤਾ ਲੈਣਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਦਸਤ ਦੌਰਾਨ ਹਾਈਡਰੇਸ਼ਨ ਲਈ ਤਰਲ ਪਦਾਰਥਾਂ ਜਿਵੇਂ ਨਿੰਬੂ ਪਾਣੀ (ਸ਼ਕੰਜਵੀ) ਆਦਿ ਦਾ ਸੇਵਨ ਜ਼ਰੂਰੀ ਹੈ।
ਇਸ ਦੌਰਾਨ ਐਸਏਐਸ ਨਗਰ ਵਿਖੇ ਸਥਿਤ ਸੰਸਥਾ ਪੀਡੂ (ਪਸ਼ੂ ਭਲਾਈ ਐਨਜੀਓ) ਨਾਲ ਰਾਸ਼ਟਰੀ ਰੇਬੀਜ਼ ਕੰਟਰੋਲ ਪ੍ਰੋਗਰਾਮ ਅਧੀਨ ਇੱਕ ਸਮਝੌਤਾ ਪੱਤਰ (ਐਮਓਯੂ) ‘ਤੇ ਵੀ ਹਸਤਾਖਰ ਕੀਤੇ ਗਏ ਜਿਸ ਤਹਿਤ 2030 ਤੱਕ ਰੇਬੀਜ਼ ਦੇ ਖਾਤਮੇ ਲਈ ਰਾਜ ਕਾਰਜ ਯੋਜਨਾ ਦੀ ਤਿਆਰੀ ਵਾਸਤੇ ਆਪਸੀ ਤਾਲਮੇਲ ਨਾਲ ਯਤਨ ਕਰਨਾ ਸ਼ਾਮਲ ਹੈ। ਇਸ ਪਹਿਲਕਦਮੀ ਵਿੱਚ ਵੱਖ-ਵੱਖ ਹਿੱਸੇਦਾਰਾਂ ਦੀ ਸ਼ਮੂਲੀਅਤ, ਸਿਹਤ ਸਟਾਫ ਦੀ ਸਿਖਲਾਈ ਅਤੇ ਮੋਹਾਲੀ ਜ਼ਿਲ੍ਹੇ ਵਿੱਚ ਐਂਟੀ-ਰੇਬੀਜ਼ ਕਲੀਨਿਕਾਂ, ਜਿਨ੍ਹਾਂ ਦੀ ਗਿਣਤੀ ਭਵਿੱਖ ਵਿੱਚ ਵਧਾਈ ਜਾ ਸਕਦੀ ਹੈ, ‘ਚ ਸਲਾਹ-ਮਸ਼ਵਰਾ ਸੈਸ਼ਨ ਕਰਵਾਉਣਾ ਸ਼ਾਮਲ ਹੈ।
ਇਸ ਮੌਕੇ ਪ੍ਰਮੁੱਖ ਸਕੱਤਰ ਸਿਹਤ ਕੁਮਾਰ ਰਾਹੁਲ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਹਿਤਿੰਦਰ ਕੌਰ, ਡਾਇਰੈਕਟਰ ਪਰਿਵਾਰ ਭਲਾਈ ਡਾ. ਜਸਮਿੰਦਰ, ਡਾਇਰੈਕਟਰ ਐਨਐਚਐਮ ਡਾ. ਬਲਵਿੰਦਰ ਕੌਰ, ਸਲਾਹਕਾਰ ਜੇਐਸਐਸਕੇ ਡਾ. ਮੀਨੂ ਲਖਨਪਾਲ, ਐਸਪੀਓ ਐਮਸੀਐਚ ਡਾ. ਹਰਪ੍ਰੀਤ ਕੌਰ, ਐਸਪੀਓ ਐਨਆਰਸੀਪੀ ਡਾ. ਅਰਸ਼ਦੀਪ ਕੌਰ, ਐਮਓ ਐਮਸੀਐਚ ਡਾ. ਹਰਸਿਮਰਤ ਕੌਰ, ਏਪੀਓ ਐਮਸੀਐਚ ਡਾ. ਦੀਕਸ਼ਾ ਸ਼ਰਮਾ ਅਤੇ ਐਸਏ ਐਮਸੀਐਚ ਬਰੁਣ ਗੁਪਤਾ ਵੀ ਮੌਜੂਦ ਸਨ।