ਚੰਡੀਗੜ੍ਹ, 15 ਜੁਲਾਈ, ਦੇਸ਼ ਕਲਿੱਕ ਬਿਓਰੋ :
ਆਮ ਆਦਮੀ ਪਾਰਟੀ ਨੂੰ ਅੱਜ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਤਰਨਤਾਰਨ ਹਲਕੇ ਤੋਂ ਸਾਬਕਾ ਅਕਾਲੀ ਵਿਧਾਇਕ ਹਰਮੀਤ ਸਿੰਘ ਸੰਧੂ ਅੱਜ ਪਾਰਟੀ ਵਿੱਚ ਸ਼ਾਮਲ ਹੋ ਗਏ। ਅੱਜ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਜੀ ਦੀ ਮੌਜੂਦਗੀ ‘ਚ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ। ਮੁੱਖ ਮੰਤਰੀ ਭਗਵੰਤ ਮਾਨ ਨੇ ਹਰਮੀਤ ਸਿੰਘ ਸੰਧੂ ਦਾ ਪਾਰਟੀ ਵਿੱਚ ਸ਼ਾਮਲ ਹੋਣ ਉਤੇ ਸਵਾਗਤ ਕੀਤਾ।
ਇਸ ਮੌਕੇ ਬੋਲਦੇ ਹੋਏ ਹਰਮੀਤ ਸਿੰਘ ਸੰਧੂ ਨੇ ਕਿਹਾ ਕਿ ਮੈਨੂੰ ਤਿੰਨ ਦਹਾਕੇ ਹੋ ਗਏ ਰਾਜਨੀਤੀ ਵਿੱਚ ਪੈਰ ਰੱਖਿਆ ਨੂੰ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਆਜ਼ਾਦ ਤੌਰ ਉਤੇ ਚੋੜ ਲੜੀ ਸੀ। ਉਨ੍ਹਾਂ ਨੇ ਕਿਹਾ ਕਿ ਨੀਤੀ ਅਤੇ ਨੀਅਤ ਨੂੰ ਵੇਖਦੇ ਹੋਏ ਜੋ ਅੱਜ ਮੁੱਖ ਮੰਤਰੀ ਦੀ ਪੰਜਾਬ ਤੇ ਪੰਜਾਬੀਆਂ ਲਈ ਚੰਗੀ ਸੋਚ ਲੈ ਕੇ ਚੱਲੇ ਹਨ ਤਾਂ ਅੱਜ ਮੇਰਾ ਵੀ ਫਰਜ਼ ਬਣਦਾ ਹੈ ਕਿ ਸਹਿਯੋਗ ਦੇਈਏ ਅਤੇ ਇਲਾਕੇ ਦਾ ਕੁਝ ਸਵਾਰਿਆ ਜਾਵੇ। ਉਨ੍ਹਾਂ ਕਿਹਾ ਕਿ ਕੰਮ ਕਰਨ ਜਾਣਦੇ ਹਾਂ, ਮਾਂਝੇ ਵਿੱਚ ਤਕੜੇ ਹੋ ਕੇ ਕੰਮ ਕਰਾਂਗੇ। ਉਨ੍ਹਾਂ ਕਿਹਾ ਕਿ ਮੈਂ ਇਕ ਵਰਕਰ ਤੌਰ ਉਤੇ ਕੰਮ ਕਰਾਂਗਾ, ਜੋ ਵੀ ਪਾਰਟੀ ਵੱਲੋਂ ਦਿੱਤਾ ਜਾਵੇਗਾ।