ਪੰਜਾਬ ਵੀ ਰਾਸ਼ਟਰੀ ਪ੍ਰਸ਼ਨ ਬੈਂਕ ਵਿੱਚ ਪਾਵੇਗਾ ਯੋਗਦਾਨ: ਮੁਕਾਬਲਿਆਂ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਵਿਦਿਆਰਥੀਆਂ ਲਈ ਵੱਡਾ ਉਪਰਾਲਾ
ਐੱਸ. ਏ. ਐੱਸ. ਨਗਰ (ਮੋਹਾਲੀ), 15 ਜੁਲਾਈ, ਦੇਸ਼ ਕਲਿੱਕ ਬਿਓਰੋ :
“ਅਗਲੀ ਪੀੜ੍ਹੀ ਲਈ ਸਿੱਖਿਆ ਢਾਂਚੇ ਸਬੰਧੀ ਮੁੜ ਵਿਚਾਰਾਂ” ਵਿਸ਼ੇ ਉੱਤੇ ਕਰਵਾਏ ਗਏ ਰਾਸ਼ਟਰੀ ਸੰਮੇਲਨ ਦੌਰਾਨ, ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਆਈ.ਏ.ਐਸ. (ਰਿਟਾਇਰਡ) ਨੇ ਪੰਜਾਬ ਦੇ ਸਕੂਲਾਂ ਵਿੱਚ ਬੋਰਡ ਪ੍ਰੀਖਿਆ ਪ੍ਰਣਾਲ਼ੀ ਨੂੰ ਬਦਲਾਅਕਾਰੀ ਦਿਸ਼ਾ ਦੇਣ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਹੁਣ ਇਮਤਿਹਾਨਾਂ ਵਿੱਚ ਵਿਦਿਆਰਥੀਆਂ ਦੀ ਯਾਦ ਸ਼ਕਤੀ ਦੇ ਨਾਲ-ਨਾਲ, ਉਹਨਾਂ ਦੀ ਸੋਚਣ ਦੀ ਯੋਗਤਾ, ਸਮੱਸਿਆ ਹੱਲ ਕਰਨ ਦੀ ਸਮਰੱਥਾ ਅਤੇ ਖੋਜਕਾਰੀ ਤਬੀਅਤ ਨੂੰ ਉਚੇਚੀ ਅਹਿਮੀਅਤ ਦਿੱਤੀ ਜਾਵੇਗੀ।
ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਦੇ ਵਿਦਿਆਰਥੀਆਂ ਨੂੰ ਸਿਰਫ਼ ਸ਼੍ਰੇਣੀਆਂ ਪਾਸ ਕਰਵਾਉਣ ਲਈ ਨਹੀਂ, ਸਗੋਂ ਉਨ੍ਹਾਂ ਨੂੰ ਰਾਸ਼ਟਰੀ ਪੱਧਰ ‘ਤੇ ਮੁਕਾਬਲਿਆਂ ਲਈ ਵੀ ਤਿਆਰ ਕੀਤਾ ਜਾਣ ਦਾ ਅਮਲ ਅਰੰਭਿਆ ਜਾ ਰਿਹਾ ਹੈ । ਇਸ ਕਾਰਜ ਲਈ ਸਕੂਲ ਪੱਧਰੀ ਹਰ ਪ੍ਰਸ਼ਨ ਪੱਤਰ ਵੀ ਹੁਣ ਅਸਲੋਂ ਸੂਝ ਅਤੇ ਸੋਚ ਨੂੰ ਜਾਂਚਣ ਲਈ ਬਣਾਇਆ ਜਾਵੇਗਾ, ਨਾ ਕਿ ਸਿਰਫ਼ ਯਾਦ ਸ਼ਕਤੀ ਸਹਾਰੇ ਪ੍ਰਸ਼ਨਾਂ ਦੇ ਉੱਤਰ ਦੇਣ ਲਈ।
ਇਸੇ ਸੰਦੇਸ਼ ਦੇ ਤਹਿਤ, ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨ ਕੀਤਾ ਹੈ ਕਿ ਉਹ ਕੇਂਦਰੀ ਸਿੱਖਿਆ ਮੰਤਰਾਲੇ ਦੇ ਪ੍ਰੋਗਰਾਮ ‘ਪਰਖ’ PARAKH (NCERT ਦੇ ਰਾਸ਼ਟਰੀ ਮੁਲਾਂਕਣ ਕੇਂਦਰ) ਨਾਲ ਮਿਲ ਕੇ ਰਾਸ਼ਟਰੀ ਪ੍ਰਸ਼ਨ ਬੈਂਕ ਵਿੱਚ ਪੰਜਾਬ ਵੱਲੋਂ ਵੀ ਉੱਚ-ਮਿਆਰੀ ਅਤੇ ਕਾਬਲੀਅਤ-ਆਧਾਰਤ ਪ੍ਰਸ਼ਨ ਸ਼ਾਮਲ ਕੀਤੇ ਜਾਣਗੇ ।
ਇਹ ਨੈਸ਼ਨਲ ਪ੍ਰਸ਼ਨ ਬੈਂਕ NEET, CUET, JEE ਅਤੇ ਮੁਕਾਬਲਿਆਂ ਦੀਆਂ ਹੋਰ ਪ੍ਰੀਖਿਆਵਾਂ ਲਈ ਸਵਾਲ ਉਪਲੱਬਧ ਕਰਵਾਏਗਾ ਜਿਸ ਨਾਲ ਪੰਜਾਬ ਦੇ ਵਿਦਿਆਰਥੀਆਂ ਦੀ ਤਿਆਰੀ ਹੋਰ ਸਿੱਟਾਮੁਖੀ ਹੋ ਸਕੇਗੀ।
ਇਸ ਯਤਨ ਰਾਹੀਂ ਵਿਦਿਆਰਥੀਆਂ ਨੂੰ ਬਿਹਤਰ ਪ੍ਰਸ਼ਨ ਪੱਤਰ ਮਿਲਣਗੇ ਜੋ ਉਨ੍ਹਾਂ ਦੀ ਅਸਲ ਸੂਝ, ਸੋਚ ਅਤੇ ਸਮਝ ਨੂੰ ਲਾਗੂ ਕਰਨ ਦੀ ਯੋਗਤਾ ਦੀ ਜਾਂਚ ਕਰਨਗੇ। ਇਹ ਪ੍ਰਸ਼ਨ ਪੱਤਰ ਰਾਸ਼ਟਰੀ ਪ੍ਰੀਖਿਆਵਾਂ ਦੇ ਅਮਲ ਨਾਲ ਜੁੜੇ ਹੋਣਗੇ, ਜਿਸ ਨਾਲ ਵਿਦਿਆਰਥੀਆਂ ਨੂੰ ਉੱਚ ਪੱਧਰੀ ਅਭਿਆਸ ਕਰਨ ਅਤੇ ਆਪਣੀ ਹੀ ਸਮਰੱਥਾ ਉੱਤੇ ਵਿਸ਼ਵਾਸ ਬਣਾਉਣ ਵਿੱਚ ਮਦਦ ਮਿਲੇਗੀ।
ਉਕਤ ਕਾਰਜ ਲਈ ਉਚੇਚੀ ਤਰ੍ਹਾਂ ਦੀ ਸਿਖਲਾਈ ਪ੍ਰਾਪਤ ਅਧਿਆਪਕ ਵਿਗਿਆਨ, ਗਣਿਤ, ਸਮਾਜਿਕ ਵਿਗਿਆਨ ਅਤੇ ਭਾਸ਼ਾਵਾਂ ਵਿੱਚ ਅਜਿਹੇ ਪ੍ਰਸ਼ਨ ਬਣਾਉਣਗੇ ਜੋ ਸਿਰਫ਼ ਅੰਕ ਦੇਣ ਨੂੰ ਹੀ ਨਹੀਂ, ਬਲਕਿ ਵਿਦਿਆਰਥੀ ਦੇ ਅਸਲ ਸਿੱਖਣ ਨੂੰ ਤਰਜੀਹ ਦੇਣਗੇ।
ਇਸ ਦੇ ਨਾਲ, ਪੰਜਾਬ ਦੇ ਵਿਦਿਆਰਥੀਆਂ ਨੂੰ ਵੀ ਮੌਕਾ ਦਿੱਤਾ ਜਾਵੇਗਾ ਕਿ ਉਹ ਆਪਣੀ ਸੋਚ ਅਤੇ ਸਮਝ ਦੇ ਆਧਾਰ ‘ਤੇ ਪ੍ਰਸ਼ਨ ਬਣਾਉਣ ਅਤੇ ਮੁਕਾਬਲੇ ਵਿੱਚ ਭਾਗ ਲੈਣ। ਇਨ੍ਹਾਂ ਵਿੱਚੋਂ ਚੁਣੇ ਹੋਏ ਪ੍ਰਸ਼ਨ ਰਾਸ਼ਟਰੀ ਪ੍ਰਸ਼ਨ ਬੈਂਕ ਵਿੱਚ ਸ਼ਾਮਲ ਕੀਤੇ ਜਾਣਗੇ।
ਇਸ ਪਹਿਲ ਵਜੋਂ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇੱਕ ਸੂਬਾ ਪੱਧਰੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਵਿੱਚ ਅਧਿਆਪਕ ਪ੍ਰਸ਼ਨ ਬਣਾਉਣ ਦੇ ਨਵੇਂ ਢੰਗ ਸਿੱਖਣਗੇ। ਸਰਵੋਤਮ ਅਤੇ ਵਿਦਿਆਰਥੀ-ਭਵਿੱਖ ਪੱਖੀ ਪ੍ਰਸ਼ਨ ਬਣਾਉਣ ਵਾਲੇ ਅਧਿਆਪਕਾਂ ਨੂੰ ਇਨਾਮ ਦਿੱਤੇ ਜਾਣਗੇ।
ਇਸ ਦੇ ਨਾਲ, ਨੌਜਵਾਨ ਵਿਦਿਆਰਥੀ ਵੀ ਆਪਣੇ ਤਜ਼ਰਬੇ ਅਤੇ ਵਿਚਾਰਾਂ ਅਧਾਰ ‘ਤੇ ਪ੍ਰਸ਼ਨ ਬਣਾਕੇ ਭਾਗ ਲੈ ਸਕਣਗੇ।
ਡਾ. ਅਮਰਪਾਲ ਸਿੰਘ ਨੇ ਕਿਹਾ ਕਿ “ਇਮਤਿਹਾਨ ਉਹਨਾਂ ਦੀ ਅਸਲੀ ਯੋਗਤਾ ਦੀ ਜਾਂਚ ਹੋਣੀ ਚਾਹੀਦੀ ਹੈ, ਨਾ ਕਿ ਰਟਨ ਦੀ। ਪ੍ਰਸ਼ਨ ਪੱਤਰ ਵਿਦਿਆਰਥੀ ਨੂੰ ਡਰਾਵੇ ਨਾ ਸਗੋਂ ਉਨ੍ਹਾਂ ਨੂੰ ਪ੍ਰੇਰਿਤ ਕਰੇ।”
ਇਹ ਵਰਨਣਯੋਗ ਹੈ ਕਿ ਪਰਖ ਪ੍ਰੋਗਰਾਮ ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਡਾ. ਇੰਦਰਾਨੀ ਭਾਦੁੜੀ ਨੇ ਪੰਜਾਬ ਦੀ ਇਸ ਪਹਿਲ ਤਾਰੀਫ਼ ਕਰਦੇ ਹੋਏ ਕਿਹਾ, “ਜਦੋਂ ਵਿਦਿਆਰਥੀ ਸਵਾਲ ਪੁੱਛਣ ਲੱਗ ਪੈਂਦੇ ਹਨ ਤਾਂ ਕੇਵਲ ਜਵਾਬ ਹੀ ਨਹੀਂ ਉਡੀਕ ਰਹੇ ਹੁੰਦੇ ਸਗੋਂ ਇਹ ਅਸਲ ਸਿੱਖਲਾਈ ਦੀ ਸ਼ੁਰੂਆਤ ਹੁੰਦੀ ਹੈ। ਪੰਜਾਬ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ‘ਤੇ ਭਰੋਸਾ ਜਤਾਕੇ ਦੇਸ਼ ਲਈ ਵਿਲੱਖਣ ਮਿਸਾਲ ਪੇਸ਼ ਕੀਤੀ ਹੈ।”
ਇਸ ਸੰਮੇਲਨ ਦੌਰਾਨ CBSE ਦੀ ਰਿਸੋਰਸ ਪਰਸਨ ਮੋਨਿਕਾ ਚਾਵਲਾ ਵੱਲੋਂ ਅਧਿਆਪਕਾਂ ਲਈ ਮੌਕੇ ‘ਤੇ ਹੀ ਵਰਕਸ਼ਾਪ ਕਰਵਾਈ ਗਈ ਜਿਸ ਰਾਹੀਂ ਉਨ੍ਹਾਂ ਨੂੰ ਕਲਾਸ-ਰੂਮ ਮੁਲਾਂਕਣ ਦੇ ਰਵਾਇਤੀ ਢੰਗ ਤਰੀਕਿਆਂ ਤੋਂ ਹਟਵੀਆਂ ਨਵੀਨ ਵਿਧੀਆਂ ਸਿਖਾਈਆਂ ਗਈਆਂ।
ਇਸ ਇਨਕਲਾਬੀ ਮੁਹਿੰਮ ਦਾ ਇੱਕ ਹੋਰ ਮਹੱਤਵਪੂਰਨ ਪੱਖ ਇਹ ਹੈ ਕਿ ਭਵਿੱਖ ਵਿੱਚ ਸੂਬੇ ਭਰ ਵਿੱਚ ਹੋਣ ਵਾਲੇ ਇਮਤਿਹਾਨ ਹੁਣ ਲਾਈਵ CCTV ਨਿਗਰਾਨੀ ਹੇਠ ਹੋਣਗੇ ਅਤੇ ਜ਼ਿਲ੍ਹਾ ਪੱਧਰੀ ਕੰਟਰੋਲ ਰੂਮਾਂ ਰਾਹੀਂ ਇਮਤਿਹਾਨਾਂ ਦੀ ਸੁਰੱਖਿਆ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਇਆ ਜਾਵੇਗਾ। OMR ਸ਼ੀਟਾਂ ਰਾਹੀਂ ਨਿਰਪੱਖ ਅਤੇ ਅੰਕ ਆਧਾਰਿਤ ਮੁਲਾਂਕਣ ਕੀਤਾ ਜਾਵੇਗਾ ਤਾਂ ਜੋ ਕਿਸੇ ਵੀ ਵਿਦਿਆਰਥੀ ਦੀ ਮਿਹਨਤ ਵਿਅਰਥ ਨਾ ਜਾਵੇ।
PSEB ਚੇਅਰਮੈਨ ਦਾ ਵਿਦਿਆਰਥੀਆਂ ਨੂੰ ਸੰਦੇਸ਼:
“ਜੇਕਰ ਤੁਹਾਨੂੰ ਕਦੇ ਇਮਤਿਹਾਨਾਂ ਤੋਂ ਭੈਅ ਆਇਆ ਸੀ ਤਾਂ ਭਾਵ ਇਹ ਹੈ ਇਹ ਸਮਾਂ ਤੁਹਾਡੇ ਲਈ ਹੈ।ਹੁਣ ਤੁਹਾਡੇ ਵਿਚਾਰ, ਤੁਹਾਡੀ ਸੋਚ ਅਤੇ ਤੁਹਾਡੀ ਕਾਬਲੀਅਤ ਨੂੰ ਮਾਨਤਾ ਮਿਲੇਗੀ। ਤੁਸੀਂ ਸਿਰਫ਼ ਸਵਾਲਾਂ ਦੇ ਜਵਾਬ ਨਹੀਂ ਦੇਣੇ, ਸਵਾਲ ਵੀ ਬਣਾਉਣੇ ਹਨ। ਤੁਸੀਂ ਸਿੱਖਣ ਦਾ ਢੰਗ ਬਦਲ ਸਕਦੇ ਹੋ — ਆਪਣੇ ਰਾਹ ਤੈਅ ਕਰ ਸਕਦੇ ਹੋ।”
ਪੰਜਾਬ ਇਸ ਸੁਨੇਹੇ ਰਾਹੀਂ ਸਿਰਫ਼ ਆਪਣੇ ਵਿਦਿਆਰਥੀਆਂ ਨੂੰ ਹੀ ਨਹੀਂ, ਸਗੋਂ ਪੂਰੇ ਦੇਸ਼ ਨੂੰ ਹੋਕਾ ਦਿੰਦਿਆਂ ਕਿਹਾ ਕਿ ਹਰੇਕ ਬੱਚੇ ਨੂੰ ਦੇਖਿਆ ਜਾਵੇ, ਸੁਣਿਆ ਜਾਵੇ, ਅਤੇ ਸਮਰੱਥ ਮੰਨਿਆ ਜਾਵੇ ।