– ਕੈਂਪ ਵਿੱਚ 60 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ
ਸੰਗਰੂਰ, 17 ਜੁਲਾਈ- ਦੇਸ਼ ਕਲਿੱਕ ਬਿਓਰੋ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੰਗਰੂਰ ਜ਼ਿਲ੍ਹੇ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਵੱਲੋਂ ਪਿੰਡ ਖੋਖਰ ਕਲਾਂ ਨੇੜੇ ਲਹਿਰਾਗਾਗਾ ਵਿਖੇ ਮਾੜ੍ਹੇ ਪਾਣੀਆਂ ਦੀ ਸੁਯੋਗ ਵਰਤੋਂ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਕੈਂਪ ਵਿੱਚ 60 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ। ਕੈਂਪ ਦੀ ਅਗਵਾਈ ਕਰਦੇ ਹੋਏ ਕੇਂਦਰ ਦੇ ਇੰਚਾਰਜ ਡਾ. ਅਸ਼ੋਕ ਕੁਮਾਰ, ਜ਼ਿਲ੍ਹਾ ਪਸਾਰ ਵਿਗਿਆਨੀ ਨੇ ਕਿਸਾਨਾਂ ਨੂੰ ਸਿੰਚਾਈ ਵਾਲੇ ਮਾੜ੍ਹੇ ਪਾਣੀਆਂ ਦੀਆਂ ਵੱਖ-ਵੱਖ ਸ਼੍ਰੇਣੀਆਂ ਬਾਰੇ ਜਾਣੂੰ ਕਰਵਾਇਆ।
ਉਨ੍ਹਾਂ ਦੱਸਿਆ ਕਿ ਸਿੰਚਾਈ ਵਾਲੇ ਪਾਣੀਆਂ ਨੂੰ ਲਗਾਉਣ ਤੋਂ ਪਹਿਲਾਂ ਟੈਸਟ ਜ਼ਰੂਰ ਕਰਵਾ ਲੈਣਾ ਚਾਹੀਦਾ ਹੈ। ਕਿਉਂਕਿ ਲੂਣੇ ਜਾਂ ਖਾਰੇ ਪਾਣੀਆਂ ਦੀ ਲਗਾਤਾਰ ਵਰਤੋਂ ਨਾਲ ਜ਼ਮੀਨਾਂ ਮਾੜੀਆਂ ਹੋ ਸਕਦੀਆਂ ਹਨ। ਉਹਨਾਂ ਕਿਹਾ ਕਿ ਜੇਕਰ ਪਾਣੀ ਦੀ ਚਾਲਕਤਾ 2000 ਮਾਈਕਰੋ ਮਹੋਸ ਪ੍ਰਤੀ ਸੈਂਟੀਮੀਟਰ ਤੋਂ ਘੱਟ ਹੈ ਤਾਂ ਪਾਣੀ ਲੂਣੇ ਨਹੀਂ ਹੁੰਦੇ ਅਤੇ ਦੂਜੇ ਪਾਸੇ ਜੇਕਰ ਬਾਕੀ ਸੋਡੀਅਮ ਕਾਰਬੋਨੇਟ ਦੀ ਮਾਤਰਾ 2.5 ਮਿਲੀਇਕਿਉਲੈਂਟ ਪ੍ਰਤੀ ਲਿਟਰ ਤੋ ਘੱਟ ਹੋਵੇ ਤਾਂ ਖਾਰੇ ਪਾਣੀ ਦੀ ਕੋਈ ਸਮੱਸਿਆਂ ਨਹੀਂ ਹੁੰਦੀ। ਪਰ ਜਿਵੇਂ ਜਿਵੇਂ ਚਾਲਕਤਾ ਵਧਦੀ ਹੈ, ਪਾਣੀ ਲੂਣੇ ਹੁੰਦੇ ਜਾਂਦੇ ਹਨ ਅਤੇ ਜੇਕਰ ਬਾਕੀ ਸੋਡੀਅਮ ਕਾਰਬੋਨੇਟ ਦੀ ਮਾਤਰਾ 2.5 ਤੋਂ ਵੱਧ ਜਾਵੇ ਤਾਂ ਪਾਣੀ ਖਾਰੇ ਹੋ ਜਾਂਦੇ ਹਨ। ਡਾ. ਅਸ਼ੋਕ ਕੁਮਾਰ ਨੇ ਕੈਂਪ ਦੌਰਾਨ ਹੀ ਸ. ਹਰਵਿੰਦਰ ਸਿੰਘ ਦੇ ਪਾਣੀ ਅਤੇ ਮਿੱਟੀ ਦੀ ਰਿਪੋਰਟ ਦੀ ਵਿਆਖਿਆ ਕੀਤੀ ਅਤੇ ਹੋਰਨਾਂ ਕਿਸਾਨਾਂ ਨੂੰ ਦੱਸਿਆ ਕਿ ਹਰਵਿੰਦਰ ਸਿੰਘ ਦੇ ਦੋਨਾਂ ਮੋਟਰਾਂ ਦੇ ਪਾਣੀ ਲੂਣੇ ਹਨ। ਉਹਨਾਂ ਨੂੰ ਨਹਿਰੀ ਪਾਣੀ ਨਾਲ ਰਲਾ ਕੇ ਸਿੰਚਾਈ ਕਰਨੀ ਚਾਹੀਦੀ ਹੈ।
ਉਹਨਾਂ ਅੱਗੇ ਕਿਹਾ ਕਿ ਮੌਜੂਦਾ ਸਮੇਂ ਤੇ ਜ਼ਿੰਕ ਦੀ ਘਾਟ ਦੇ ਲੱਛਣ ਵੀ ਝੋਨੇ ਤੇ ਦਿਖਾਈ ਦੇ ਰਹੇ ਹਨ ਇਸ ਕਰਕੇ ਕਿਸਾਨਾਂ ਨੂੰ ਖੇਤੀ ਮਾਹਿਰਾਂ ਨਾਲ ਸਲਾਹ ਕਰਕੇ ਸਿਫਾਰਸ਼ ਕੀਤੀ ਜ਼ਿੰਕ ਦੀ ਮਾਤਰਾ ਪਾਉਣੀ ਚਾਹੀਦੀ ਹੈ।ਝੋਨੇ ਦੀ ਸਿੱਧੀ ਬਿਜਾਈ ਦੇ ਅਗਾਂਹਵਧੂ ਕਿਸਾਨ ਨਿਰਮਲ ਸਿੰਘ, ਰਜਿੰਦਰ ਸਿੰਘ, ਜਸਵਿੰਦਰ ਸਿੰਘ, ਮਲਕੀਤ ਸਿੰਘ ਅਤੇ ਹੋਰਾਂ ਨੇ ਵੀ ਇਸ ਕੈਂਪ ਵਿੱਚ ਭਾਗ ਲਿਆ ਅਤੇ ਆਪਣੇ ਤਜ਼ਰਬੇ ਸਾਂਝੇ ਕੀਤੇ।
ਇਸ ਮੌਕੇ ਖੇਤੀ ਸਾਹਿਤ, ਫਰੂਟ ਫਲਾਈ ਟਰੈਪ, ਧਾਤਾਂ ਦਾ ਚੂਰਾ, ਆਦਿ ਦੀ ਪ੍ਰਦਰਸ਼ਨੀ ਅਤੇ ਸੇਲ ਵੀ ਕੀਤੀ ਗਈ। ਕਿਸਾਨਾਂ ਨੂੰ ਅਮਰੂਦ ਕਾਣੇ ਹੋਣ ਤੋਂ ਬਚਾਉਣ ਲਈ ਫਰੂਟ ਫਲਾਈ ਟੈ੍ਰਪ ਬਾਰੇ ਦੱਸਿਆ ਗਿਆ। ਉਹਨਾਂ ਨੇ ਨਦੀਨਾਂ ਦੀ ਰੋਕਥਾਮ ਲਈ ਵੱਖ-ਵੱਖ ਤਰ੍ਹਾਂ ਦੇ ਨਦੀਨ ਨਾਸ਼ਕਾਂ ਨੂੰ ਰਲਾ ਕੇ ਵਰਤੋਂ ਕਰਨ ਤੋਂ ਗੁਰੇਜ਼ ਕਰਨ ਲਈ ਕਿਹਾ ਅਤੇ ਜਿਨ੍ਹਾਂ ਕਿਸਾਨਾਂ ਨੇ ਅਜੇ ਪੀ ਆਰ 126 ਕਿਸਮ ਲਗਾਉਣੀ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਇਸ ਕਿਸਮ ਦੀ ਲੁਆਈ ਕਰ ਲੈਣੀ ਚਾਹੀਦੀ ਹੈ। ਝੋਨੇ ਤੇ ਬਾਸਮਤੀ ਦੇ ਕੀੜੇ ਮਕੌੜੇ ਜਿਵੇਂ ਕਿ ਤਣੇ ਦੇ ਗੰਡੂਏ, ਪੱਤਾ ਲਪੇਟ ਸੁੰਡੀ ਆਦਿ ਦਾ ਨਿਰੀਖਣ ਕਰਕੇ ਇਕਨਾਮਿਕ ਥਰੈਸ਼ਹੋਲਡ ਲੈਵਲ ਤੋਂ ਵੱਧ ਮਾਤਰਾ ਵਿੱਚ ਹਮਲਾ ਹੋਣ ਦੀ ਸੂਰਤ ਵਿੱਚ ਹੀ ਛਿੜਕਾਅ ਕਰਨ ਨੂੰ ਕਿਹਾ।ਉਹਨਾਂ ਨੇ ਪੋਟਾਸ਼ੀਅਮ ਨਾਈਟ੍ਰੇਟ ਦੀ ਵਰਤੋਂ ਬਾਰੇ ਵੀ ਵਿਸਥਾਰ ਨਾਲ ਦੱਸਿਆ ਅਤੇ ਪ੍ਰਭਾਵਸ਼ਾਲੀ ਨਦੀਨਨਾਸ਼ਕਾਂ ਅਤੇ ਜਿਪਸਮ ਦੀ ਵਰਤੋਂ ਬਾਰੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਅੰਤ ਵਿੱਚ ਸ. ਨਿਰਮਲ ਸਿੰਘ ਦੇ ਖੇਤਾਂ ਦਾ ਦੌਰਾ ਕੀਤਾ ਗਿਆ।