ਮਾਨਸਾ, 17 ਜੁਲਾਈ: ਦੇਸ਼ ਕਲਿੱਕ ਬਿਓਰੋ
ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ, ਆਈ.ਏ.ਐਸ. ਨੇ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ 2012 ਦੇ ਸੈਕਸ਼ਨ 6 (1) (g) ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ‘ਮੈਸਰਜ਼ ਰੈੱਡ ਲੀਫ ਇੰਸਟੀਚਿਊਟ ਆਫ ਆਈਲਟਸ ਕੋਚਿੰਗ’ ਦਾ ਲਾਇਸੰਸ ਨੰਬਰ 87/ਆਰਮਸ ਬਰਾਂਚ, ਮਿਤੀ 31.08.2023 ਤੁਰੰਤ ਪ੍ਰਭਾਵ ਤੋਂ ਰੱਦ ਕਰ ਦਿੱਤਾ ਹੈ |
ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਪੰਜਾਬ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਤਹਿਤ ਸ੍ਰੀ ਚਮਕੌਰ ਸਿੰਘ ਪੁੱਤਰ ਹਰਦੀਪ ਸਿੰਘ, ਵਾਸੀ ਮਾਖਾ ਚਹਿਲਾਂ, ਤਹਿਸੀਲ ਅਤੇ ਜ਼ਿਲ੍ਹਾ ਮਾਨਸਾ ਨੂੰ ‘ਮੈਸਰਜ਼ ਰੈੱਡ ਲੀਫ ਇੰਸਟੀਚਿਊਟ ਆਫ ਆਈਲਟਸ ਕੋਚਿੰਗ’ (ਚੰਦ ਚਹਿਲ ਸਟਰੀਟ, ਸਾਹਮਣੇ ਬਸ ਸਟੈਂਡ ਮਾਨਸਾ) ਦੇ ਨਾਮ ‘ਤੇ ਲਾਇਸੰਸ ਜਾਰੀ ਕੀਤਾ ਗਿਆ ਸੀ |
ਸੀਨੀਅਰ ਕਪਤਾਨ ਪੁਲਿਸ ਵੱਲੋਂ ਆਈਲਟਸ/ਇੰਮੀਗਰੇਸ਼ਨ ਸੈਂਟਰਾਂ ਦੀ ਚੈਕਿੰਗ ਕਰਨ ਉਪਰੰਤ ਉਕਤ ਸੈਂਟਰ ਪਿਛਲੇ ਛੇ ਮਹੀਨੇ ਤੋਂ ਬੰਦ ਹੋਣ ਦੀ ਰਿਪੋਰਟ ਕੀਤੀ ਗਈ ਹੈ | ਇਸ ਸਬੰਧੀ ਪ੍ਰਾਰਥੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਇਕ ਹਫ਼ਤੇ ਦੇ ਅੰਦਰ ਅੰਦਰ ਜਵਾਬ ਮੰਗਿਆ ਗਿਆ ਸੀ | ਪ੍ਰਾਰਥੀ ਵੱਲੋਂ ਇਸ ਦਫ਼ਰਤ ਵਿਖੇ ਕਾਰਨ ਦੱਸੋ ਨੋਟਿਸ ਦਾ ਜਵਾਬ/ਦਰਖ਼ਾਸਤ ਪੇਸ਼ ਕਰਕੇ ਬੇਨਤੀ ਕੀਤੀ ਹੈ ਕਿ ਵਿਦਿਆਰਥੀਆਂ ਦਾ ਵਿਦੇਸ਼ ਜਾਣ ਦਾ ਰੁਝਾਨ ਘੱਟ ਹੋਣ ਕਾਰਨ ਸੈਂਟਰ ਦਾ ਖਰਚਾ ਪੂਰਾ ਨਹੀਂ ਹੋ ਰਿਹਾ ਸੀ, ਜਿਸ ਕਾਰਨ ਸੈਂਟਰ ਬੰਦ ਕਰ ਦਿੱਤਾ ਗਿਆ ਸੀ | ਇਸ ਤਰ੍ਹਾਂ ਇਹ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1) (g) ਦੀ ਉਲੰਘਣਾਂ ਹੈ |
ਇਸ ਲਈ ਉਪਰੋਕਤ ਤੱਥਾਂ ਦੀ ਰੌਸ਼ਨੀ ਵਿਚ ਸੀਨੀਅਰ ਪੁਲਿਸ ਕਪਤਾਨ, ਮਾਨਸਾ ਦੀ ਰਿਪੋਰਟ ਦੇ ਆਧਾਰ ‘ਤੇ ‘ਮੈਸਰਜ਼ ਰੈੱਡ ਲੀਫ ਇੰਸਟੀਚਿਊਟ ਆਫ ਆਈਲਟਸ ਕੋਚਿੰਗ ਸੈਂਟਰ’ ਦਾ ਲਾਇਸੰਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ |
