ਪਟਿਆਲਾ, 17 ਜੁਲਾਈ, ਦੇਸ਼ ਕਲਿਕ ਬਿਊਰੋ :
ਪਟਿਆਲਾ ਵਿੱਚ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ। ਪਟਿਆਲਾ ਦੇ ਪਾਤੜਾਂ ਵਿੱਚ ਤਿੰਨ ਮਾਸੂਮ ਬੱਚੀਆਂ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ। ਇਸ ਘਟਨਾ ਨੇ ਇਲਾਕੇ ਵਿੱਚ ਹੜਕੰਪ ਮਚਾ ਦਿੱਤਾ। ਤਿੰਨੋਂ ਬੱਚੀਆਂ ਸਕੀਆਂ ਭੈਣਾਂ ਸਨ। ਬੱਚੀਆਂ ਦੇ ਮਾਂ-ਬਾਪ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦੇ ਹਨ। ਬੱਚੀਆਂ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੈ।
ਜਾਣਕਾਰੀ ਮੁਤਾਬਕ ਬੀਤੇ ਕੱਲ੍ਹ ਪਾਤੜਾਂ ਵਿਖੇ ਬਿਜਲੀ ਦੇ ਕਰੰਟ ਲੱਗਣ ਕਾਰਨ ਤਿੰਨ ਸਕੀਆਂ ਭੈਣਾਂ ਦੀ ਮੌਤ ਹੋ ਗਈ। ਇਸ ਹਾਦਸੇ ਸਮੇਂ ਤਿੰਨੋਂ ਘਰ ਵਿੱਚ ਇਕੱਲੀਆਂ ਸਨ, ਜਦੋਂ ਕਿ ਉਨ੍ਹਾਂ ਦੇ ਮਾਪੇ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਨ ਲਈ ਬਾਹਰ ਗਏ ਹੋਏ ਸਨ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਮ੍ਰਿਤਕਾਂ ਵਿੱਚ ਮੁਹੰਮਦ ਫਾਰੂਕਦੀਨ ਦੀਆਂ ਧੀਆਂ ਨਗਮਾ ਖਾਤਿਮ (7), ਰੁਕਸਰ ਖਾਤਿਮ (5) ਅਤੇ ਖੁਸ਼ੀ ਖਾਤਿਮ (3) ਸ਼ਾਮਲ ਹਨ।
ਜਾਣਕਾਰੀ ਅਨੁਸਾਰ ਇਹ ਘਟਨਾ ਬੁੱਧਵਾਰ ਦੁਪਹਿਰ ਕਰੀਬ 2 ਵਜੇ ਵਾਪਰੀ। ਪਾਤੜਾਂ ਥਾਣਾ ਇੰਚਾਰਜ ਹਰਵਿੰਦਰ ਸਿੰਘ ਨੇ ਦੱਸਿਆ ਕਿ ਤਿੰਨੋਂ ਭੈਣਾਂ ਘਰ ਦੇ ਬਾਹਰ ਖੇਡ ਰਹੀਆਂ ਸਨ। ਜਿਵੇਂ ਹੀ ਮੀਂਹ ਸ਼ੁਰੂ ਹੋਇਆ, ਤਿੰਨੋਂ ਘਰ ਦੇ ਅੰਦਰ ਆ ਗਈਆਂ। ਉਨ੍ਹਾਂ ਦੱਸਿਆ ਕਿ ਮੌਕੇ ‘ਤੇ ਦੇਖਣ ‘ਤੇ ਲੱਗਦਾ ਹੈ ਕਿ ਘਰ ਵਿੱਚ ਰੱਖੇ ਬਿਜਲੀ ਦੇ ਪੱਖੇ ਦੀ ਤਾਰ ਲੋਹੇ ਦੇ ਮੰਜੇ ਦੇ ਇੱਕ ਪਾਵੇ ਹੇਠਾਂ ਸੀ। ਤਿੰਨੋਂ ਭੈਣਾਂ ਮੰਜੇ ‘ਤੇ ਚੜ੍ਹ ਗਈਆਂ ਅਤੇ ਛਾਲਾਂ ਮਾਰ ਕੇ ਖੇਡਣ ਲੱਗ ਪਈਆਂ। ਇਸ ਦੌਰਾਨ ਬਿਜਲੀ ਦੀ ਤਾਰ ਕੱਟ ਗਈ ਅਤੇ ਲੋਹੇ ਦਾ ਮੰਜਾ ਬਿਜਲੀ ਦੀ ਤਾਰ ਨਾਲ ਟਕਰਾ ਗਿਆ। ਇਸ ਕਾਰਨ ਤਿੰਨਾਂ ਭੈਣਾਂ ਦੀ ਮੌਕੇ ‘ਤੇ ਹੀ ਕਰੰਟ ਲੱਗਣ ਕਾਰਨ ਮੌਤ ਹੋ ਗਈ।
ਪੁਲਿਸ ਅਨੁਸਾਰ ਜਦੋਂ ਮਾਂ ਆਪਣੀਆਂ ਧੀਆਂ ਨੂੰ ਦੇਖਣ ਘਰ ਪਹੁੰਚੀ ਤਾਂ ਉਸਨੇ ਦੇਖਿਆ ਕਿ ਉਹ ਸਾਰੀਆਂ ਕੁੜੀਆਂ ਮਰੀਆਂ ਪਈਆਂ ਸਨ। ਮਾਂ ਦਾ ਰੌਲਾ ਸੁਣ ਕੇ ਗੁਆਂਢੀ ਮੌਕੇ ‘ਤੇ ਪਹੁੰਚੇ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਅਨੁਸਾਰ, ਇਹ ਪਰਿਵਾਰ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਪਿੰਡ ਲੱਖਾ ਬਸਤੀ ਜ਼ਿਲ੍ਹਾ ਰਈਆ (ਬਿਹਾਰ) ਤੋਂ ਪਾਤੜਾਂ ਵਿਖੇ ਆਇਆ ਹੋਇਆ ਹੈ।
