ਸ੍ਰੀ ਚਮਕੌਰ ਸਾਹਿਬ/ ਮੋਰਿੰਡਾ 17 ਜੁਲਾਈ ਭਟੋਆ
‘‘ਅਧਿਆਪਨ ਆਪਣੇ-ਆਪ ਵਿੱਚ ਵੱਡੀ ਸਮਾਜਿਕ-ਜ਼ੁੰਮੇਂਵਾਰੀ ਹੁੰਦੀ ਹੈ, ਜਿਸਦੇ ਨਾਲ ਵਿਦਿਆਰਥੀਆਂ ਦਾ ਭਵਿੱਖ ਜੁੜਿਆ ਹੋਇਆ ਹੈ, ਮਾਪਿਆਂ ਦੇ ਸੁਪਨੇ ਜੁੜੇ ਹੋਏ ਹਨ, ਅਧਿਆਪਕ ਦੀ ਜਗਿਆਸਾ ਜੁੜੀ ਹੈ, ਕਲਾਸ ਰੂਮ ਦੇ ਅੰਦਰਲਾ ਪ੍ਰਬੰਧ ਜੁੜਿਆ ਹੈ, ਵਿਸ਼ੇ ਦੀ ਨਿਪੁੰਨਤਾ ਅਤੇ ਪਹਿਰੇਦਾਰੀ ਜੁੜੀ ਹੈ, ਅਧਿਆਪਕ ਦਾ ਆਪਣਾ ਕਿਰਦਾਰ, ਵਿਵੇਕ, ਸਮੂਹ ਵਿੱਚ ਰਹਿਣ ਦੀ ਕਲਾ, ਸਿਖਣ/ਸਿਖਾਉਣ ਆਦਿ ਦਾ ਅਮਲ ਜੁੜਿਆ ਹੈ।’’
ਇਹ ਵਿਚਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋ: ਡਾ: ਕੁਲਦੀਪ ਸਿੰਘ ਨੇ ਪ੍ਰਗਟ ਕੀਤੇ। ਉਹ ਪਿੰਡ ਬਸੀ ਗੁੱਜਰਾਂ ਦੀਆਂ ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਦੇ ਅਧਿਆਪਕ ਅਮਲੇ ਨੂੰ, ਬਹੁਮੰਤਵੀ ਹਾਲ ਵਿੱਚ ਸੰਬੋਧਨ ਕਰ ਰਹੇ ਸਨ। ‘ਅਧਿਆਪਨ-ਕਿੱਤੇ ਵਿੱਚ ਨੈਤਿਕ-ਕਦਰਾਂ ਦੀ ਭੂਮਿਕਾ’’ ਵਿਸ਼ੇ ’ਤੇ ਉਨ੍ਹਾਂ ਦੱਸਿਆ ਕਿ ਸਮੁੱਚੀਆਂ ਸਿਫਤਾਂ ਪੱਖੋਂ ਹਰ ਅਧਿਆਪਕ ਦਾ ਪ੍ਰਭਾਵੀ-ਕਿਰਦਾਰ ਬੇਹੱਦ ਜ਼ਰੂਰੀ ਹੈ, ਕਿਉਂਕਿ ਉਹ ਆਪਣੇ ਸ਼ਗਿਰਦਾਂ ਲਈ ਜਿਊਂਦਾ-ਅਵਤਾਰ ਅਤੇ ਚੁਣੌਤੀ-ਰਹਿਤ ਹਸਤੀ ਹੁੰਦਾ ਹੈ। ਵਿਦਿਆਰਥੀ ਉਸਦੀ ਬੋਲਚਾਲ, ਪਹਿਰਾਵਾ, ਸਾਥੀ ਅਧਿਆਪਕਾਂ ਨਾਲ ਵਿਵਹਾਰ, ਵਿਦਿਆਰਥੀਆਂ ਪ੍ਰਤੀ ਹਾਂ-ਮੁਖੀ ਪਹੁੰਚ ਅਤੇ ਮਮਤਾਮਈ ਪਹਿਰੇਦਾਰੀ ਤੋਂ ਪ੍ਰਭਾਵਤ ਹੁੰਦੇ ਹਨ। ‘‘21ਵੀਂ ਸਦੀ ਦੀ ਅਧਿਆਪਨ-ਕਲਾ’’ ਵਿਸ਼ੇ ਸਬੰਧੀ ਉਨ੍ਹਾਂ ਕਿਹਾ, ਕਿ ਹਰ ਅਧਿਆਪਕ ਸਮੇਂ ਸਮੇਂ ਧਰਤੀ ਦੇ ਧਰਾਤਲ ’ਤੇ ਵਾਪਰਦੇ ਵਰਤਾਰਿਆਂ, ਗਲੋਬਲ ਵਾਰਮਿੰਗ ਦੇ ਪੈ ਰਹੇ ਪ੍ਰਭਾਵਾਂ, ਵਿਗਿਆਨਕ ਵਰਤਾਰਿਆਂ, ਅਧੁਨਿਕ ਖੋਜਾਂ, ਸਿੱਖਿਆ ਲਈ ਸਹਾਈ ਹੋਣ ਵਾਲੇ ਯੰਤਰਾਂ ਦਾ ਜਾਣਕਾਰ ਹੋਵੇ। ਪ੍ਰਿੰਸੀਪਲ ਅਮਨਦੀਪ ਕੌਰ ਨੇ ‘‘ਅਧਿਆਪਨ ਕਿੱਤੇ ਵਿੱਚ ਪ੍ਰਭਾਵੀ ਯੋਗਦਾਨ ਕਿਵੇਂ ਪਾਈਏ?’’ ਵਿਸ਼ੇ ’ਤੇ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਇਨ੍ਹਾਂ ਸੰਸਥਾਵਾਂ ਵਿੱਚ ਪੜ੍ਹਾ ਰਿਹਾ ਹਰ ਸਮਰੱਥ ਅਤੇ ਸੰਵੇਦਨ-ਅਧਿਆਪਕ, ਸੰਸਥਾਵਾਂ ਦੇ ਸਵਾਰਥ-ਰਹਿਤ ਖਾਸੇ ਨੂੰ ਸਮਝੇ, ਉਹ ਵਿਦਿਆਰਥੀ-ਮੁਖੀ ਬਣੇ, ਊਰਜਾਵਾਨ ਹੋ ਕੇ ਸੰਸਥਾ ਵਿੱਚ ਪਹੁੰਚੇ ਅਤੇ ਗਿਆਨ ਵੰਡਣ ਦੀ ਪਰਭੂਰ ਤਸੱਲੀ ਨਾਲ ਘਰ ਪਰਤੇ।
ਸੰਸਥਾ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਵਰਨ ਸਿੰਘ ਭੰਗੂ ਨੇ ‘‘ਅਸੀਂ ਦੁਖੀ ਕਿਉਂ ਹੁੰਦੇ ਹਾਂ?’’ ਵਿਸ਼ੇ ’ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ, ਦੁਖੀ ਹੋਣ ਦੇ ਕਾਰਨਾ, ਆਪਣੇ-ਆਪ ਨੂੰ ਵਧੇਰੇ ਦੁਖੀਆਂ ਨਾਲ ਤੁਲਨਾ ਕੇ, ਆਪਣੇ ਦੁੱਖ ਨੂੰ ਛੋਟੇ ਰੂਪ ਵਿੱਚ ਵੇਖਣ, ਦੁੱਖ ਨੂੰ ਸੀਮਤ ਕਰਨ ਲਈ ਵਿਵੇਕਸ਼ੀਲ ਬਣਨ ਅਤੇ ਕੁੱਲ ਮਿਲਾ ਕੇ ‘ਮੈ ਸਭ ਤੋਂ ਵੱਧ ਦੁਖੀ ਹਾਂ’ ਕਹਿਕੇ, ਆਪਣੇ-ਆਪ ਨੂੰ ਤਸੀਹੇ ਦੇਣ ਵਿਰੁੱਧ ਨਿਰਉਤਸ਼ਾਹਿਤ ਕੀਤਾ। ਇਸ ਮੌਕੇ ’ਤੇ ਉਨ੍ਹਾਂ ਨੇ ਪ੍ਰਬੰਧਕੀ-ਕਮੇਟੀ ਦੇ ਫੈਸਲੇ ਵਜੋਂ ਪ੍ਰਿੰਸੀਪਲ ਅਮਨਦੀਪ ਕੌਰ ਨੂੰ ਪਦਉੱਨਤ ਕਰਕੇ ਸੰਸਥਾਵਾਂ ਦੇ ਨਿਰਦੇਸ਼ਕ ਵਜੋਂ ਵੀ ਸੇਵਾਵਾਂ ਸੰਭਾਲੀਆਂ। ਡਰੀਮਲੈਂਡ ਪਬਲਿਕ ਸਕੂਲ ਦੇ ਅੰਦਰਲੀ ਪਹਿਰੇਦਾਰੀ ਵਿੱਚ ਹੋਰ ਵੀ ਮਜ਼ਬੂਤੀ ਲਿਆਉਣ ਲਈ ਮਨਦੀਪ ਕੌਰ ਨੂੰ ਵਾਈਸ ਪ੍ਰਿੰਸੀਪਲ, ਵਰਿੰਦਰ ਕੌਰ ਨੂੰ ਕੋਆਰਡੀਨੇਟਰ ਅਤੇ ਇੰਦਰਜੀਤ ਕੌਰ ਨੂੰ ਪ੍ਰਾਇਮਰੀ-ਵਿੰਗ ਸਹਾਇਕ ਵਜੋਂ ਪਦਉੱਨਤ ਕੀਤਾ ਗਿਆ। ਇਸ ਸਮੇਂ ਵਿਸ਼ੇਸ਼ ਤੌਰ ’ਤੇ ਪਹੁੰਚੀ ਪ੍ਰਸਿੱਧ ਅਦਾਕਾਰਾ ਸ੍ਰੀਮਤੀ ਗੁਰਪ੍ਰੀਤ ਕੌਰ ਭੰਗੂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।