ਸਾਰਾ ਦਿਨ ਸੜਕਾਂ ਉਤੇ ਬੈਠਣ ਦੇ ਬਾਵਜੂਦ ਸ਼ਾਮ ਤੱਕ ਨਾ ਮਿਲਿਆ ਮੀਟਿੰਗ ਦਾ ਸਮਾਂ
ਸੰਗਰੂਰ, 18 ਸੰਗਰੂਰ, ਦੇਸ਼ ਕਲਿੱਕ ਬਿਓਰੋ :
ਪੰਜਾਬ ਭਰ ਦੇ ਵੱਖ ਵੱਖ ਕਾਲਜਾਂ ਵਿੱਚ ਪੜ੍ਹਾਉਂਦੇ ਸਹਾਇਕ ਪ੍ਰੋਫੈਸਰਾਂ ਅਤੇ ਲਾਇਬਰੇਰੀਅਨ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਵਿੱਚ ਸੜਕ ਉਤੇ ਸੰਘਰਸ਼ ਦੇ ਮੈਦਾਨ ਵਿੱਚ ਡਟੇ ਰਹੇ। ਸੰਘਰਸ਼ਕਾਰੀ ਪ੍ਰੋਫੈਸਰਾਂ ਵੱਲੋਂ ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਮੰਗਿਆ ਜਾ ਰਿਹਾ ਸੀ, ਪ੍ਰੰਤੂ 5 ਵਜੇ ਤੱਕ ਮੀਟਿੰਗ ਦਾ ਸਮਾਂ ਨਹੀਂ ਮਿਲਿਆ ਸੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸੁਪਰੀਮ ਕੋਰਟ ਵੱਲੋਂ 1158 ਅਸਟੈਂਟ ਪ੍ਰੋਫੈਸਰਾਂ ਦੀ ਭਰਤੀ ਰੱਦ ਕਰਨ ਦਾ ਫੈਸਲਾ ਸੁਣਾਇਆ ਗਿਆ ਸੀ। ਇਸ ਤੋਂ ਬਾਅਦ ਲਗਾਤਾਰ ਪ੍ਰੋਫੈਸਰ ਸੰਘਰਸ਼ ਦੇ ਮੈਦਾਨ ਵਿੱਚ ਹਨ।
ਸੰਘਰਸ਼ਕਾਰੀਆਂ ਵੱਲੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵੱਲ ਮਾਰਚ ਕਰਨ ਦਾ ਸੱਦਾ ਦਿੱਤਾ ਗਿਆ ਸੀ। ਹਜ਼ਾਰਾਂ ਦੀ ਗਿਣਤੀ ਵਿੱਚ ਅੱਜ ਪ੍ਰੋਫੈਸਰ ਪਹੁੰਚੇ। ਇਸ ਮੌਕੇ ਵੱਖ ਵੱਖ ਵਿਦਿਆਰਥੀ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਤੋਂ ਇਲਾਵਾ ਹੋਰਨਾਂ ਭਰਾਤਰੀ ਜਥੇਬੰਦੀਆਂ ਹਮਾਇਤ ਉਤੇ ਪਹੁੰਚੀਆਂ। ਸੰਘਰਸ਼ਕਾਰੀਆਂ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਵੱਧਣ ਤੋਂ ਰੋਕਣ ਲਈ ਬੈਰੀਕੇਡ ਲਗਾਇਆ ਗਏ। ਜਿੱਥੇ ਸੰਘਰਸ਼ਕਾਰੀਆਂ ਨੇ ਧਰਨਾ ਲਗਾ ਦਿੱਤਾ। ਸੰਘਰਸ਼ਕਾਰੀਆਂ ਨੇ ਐਲਾਨ ਕੀਤਾ ਕਿ ਉਹ ਆਪਣੇ ਲੜਾਈ ਉਦੋਂ ਤੱਕ ਲੜਨਗੇ ਜਦੋਂ ਤੱਕ ਉਨ੍ਹਾਂ ਨੂੰ ਹੱਕ ਨਹੀਂ ਮਿਲਦਾ।