ਚੰਡੀਗੜ੍ਹ, 18 ਜੁਲਾਈ, ਦੇਸ਼ ਕਲਿਕ ਬਿਊਰੋ :
ਪੰਜਾਬ ਵਿੱਚ ਸਾਈਬਰ ਠੱਗਾਂ ਨੇ ਇੱਕ ਪ੍ਰੋਫੈਸਰ ਨੂੰ 14 ਦਿਨਾਂ ਲਈ ਡਿਜੀਟਲੀ ਹਿਰਾਸਤ ਵਿੱਚ ਲੈ ਲਿਆ। ਬਦਮਾਸ਼ਾਂ ਨੇ ਖੁਦ ਨੂੰ ਸੀਬੀਆਈ ਅਧਿਕਾਰੀ ਅਤੇ ਆਈਪੀਐਸ ਅਧਿਕਾਰੀ ਦੱਸ ਕੇ ਉਸ ਨਾਲ 20 ਲੱਖ ਰੁਪਏ ਦੀ ਠੱਗੀ ਮਾਰੀ। ਇਹ ਘਟਨਾ ਲੁਧਿਆਣਾ ਦੀ ਹੈ।ਸਾਈਬਰ ਠੱਗਾਂ ਨੇ ਵੀਡੀਓ ਕਾਲ ‘ਤੇ ਮਨੁੱਖੀ ਤਸਕਰੀ ਦੇ ਮਾਮਲੇ ਵਿੱਚ ਫਸਾਉਣ ਦੀ ਧਮਕੀ ਦੇ ਕੇ ਉਸ ਤੋਂ ਪੈਸੇ ਵਸੂਲੇ।ਲੁਧਿਆਣਾ ‘ਚ ਥਾਣਾ ਸਾਈਬਰ ਸੈੱਲ ਦੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਦਾ ਦਾਅਵਾ ਹੈ ਕਿ ਠੱਗਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ।
ਜਾਣਕਾਰੀ ਅਨੁਸਾਰ, ਇਹ ਧੋਖਾਧੜੀ ਪੀਏਯੂ ਕੈਂਪਸ ਵਿੱਚ ਰਹਿਣ ਵਾਲੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ (ਗੜਵਾਸੂ) ਦੇ ਪ੍ਰੋਫੈਸਰ ਡਾ. ਦਲਪਤ ਸਿੰਘ ਨਾਲ ਹੋਈ ਹੈ। ਇਸ ਸਬੰਧੀ ਥਾਣਾ ਸਾਈਬਰ ਸੈੱਲ ਦੇ ਐਸਐਚਓ ਸਤਵੀਰ ਸਿੰਘ ਨੇ ਦੱਸਿਆ ਕਿ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
