ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚਾਨਣ ਵਾਲਾ ਬਣਿਆ ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲਾਂ ਵਿੱਚੋ ਸਭ ਤੋਂ ਵੱਧ ਗਿਣਤੀ ਵਾਲਾ ਸਕੂਲ

ਸਿੱਖਿਆ \ ਤਕਨਾਲੋਜੀ

ਫਾਜ਼ਿਲਕਾ ਸ਼ਹਿਰ ਦੇ ਨਾਲ ਨਾਲ 15 ਪਿੰਡਾਂ ਦੇ ਵਿਦਿਆਰਥੀਆਂ ਆਉਂਦੇ ਨੇ ਸਿੱਖਿਆ ਪ੍ਰਾਪਤ ਕਰਨ

ਸਰਹੱਦੀ ਖੇਤਰ ਦੀ ਸਿੱਖਿਆ ਦਾ ਧੁਰਾ ਬਣਿਆ ਚਾਨਣ ਵਾਲਾ

ਫਾਜ਼ਿਲਕਾ: 19 ਜੁਲਾਈ, ਦੇਸ਼ ਕਲਿੱਕ ਬਿਓਰੋ

ਜ਼ਿਲ੍ਹਾ ਫਾਜ਼ਿਲਕਾ ਦੇ ਨਾਲ਼ ਨਾਲ਼ ਪੰਜਾਬ ਦੇ ਮੋਹਰੀ ਸਕੂਲਾਂ  ਵਿੱਚ ਸ਼ੁਮਾਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚਾਨਣ ਵਾਲਾ  ਕਿਸੇ ਪਹਿਚਾਣ ਦਾ ਮੁਥਾਜ ਨਹੀ ਹੈ। ਪਹਿਲਾਂ ਦੀਆਂ ਅਨੇਕਾਂ ਪ੍ਰਾਪਤੀਆ ਦੇ ਨਾਲ ਸਕੂਲ ਦੇ ਨਾਂ ਇੱਕ ਵੱਡੀ ਪ੍ਰਾਪਤੀ ਹੋਰ ਜੁੜ ਗਈ ਹੈ। 580 ਵਿਦਿਆਰਥੀਆਂ ਦੀ ਗਿਣਤੀ ਨਾਲ ਚਾਨਣ ਵਾਲਾ ਜ਼ਿਲ੍ਹਾ ਫਾਜ਼ਿਲਕਾ ਦਾ ਸਭ ਤੋਂ ਵੱਧ ਗਿਣਤੀ ਵਾਲਾ ਸਕੂਲ ਬਣ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਸੀ ਐਚ ਟੀ ਲਵਜੀਤ ਸਿੰਘ ਗਰੇਵਾਲ ਨੈਸ਼ਨਲ ਅਵਾਰਡੀ ਨੇ ਦੱਸਿਆ ਕਿ ਉਹਨਾਂ ਇਸ ਸਕੂਲ ਵਿੱਚ ਸੈਸ਼ਨ 2018-19 ਵਿੱਚ ਲਗਭਗ 145 ਬੱਚਿਆਂ ਨਾਲ ਸਫ਼ਰ ਸ਼ੁਰੂ ਕੀਤਾ ਜੀ ਹਰ ਸਾਲ  ਲਗਾਤਾਰ ਬੱਚਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ। ਉਹਨਾਂ ਦੱਸਿਆ ਕਿ ਸੈਸ਼ਨ 2025-26 ਵਿੱਚ ਸਕੂਲ ਵਿੱਚ ਬੱਚਿਆਂ ਦੀ ਗਿਣਤੀ 580 ਹੋਣ ਨਾਲ ਸਕੂਲ ਨੂੰ ਜ਼ਿਲ੍ਹੇ ਦਾ ਸਭ ਤੋਂ ਵੱਧ ਗਿਣਤੀ ਵਾਲਾ ਸਕੂਲ ਬਨਣ ਦਾ ਮਾਣ ਪ੍ਰਾਪਤ ਹੋਇਆ ਹੈ। ਉਹਨਾਂ ਕਿਹਾ ਕਿ ਮਾਪਿਆਂ ਦਾ ਸਕੂਲ ਵਿੱਚ ਵਿਸ਼ਵਾਸ ਐਨਾ  ਮਜ਼ਬੂਤ ਹੈ ਕਿ ਆਉਣ ਵਾਲੇ ਸੈਸ਼ਨ ਲਈ ਛੇ ਮਹੀਨੇ ਪਹਿਲਾਂ ਦਾਖਲੇ ਸ਼ੁਰੂ ਹੋ ਜਾਂਦੇ ਹਨ ਅਤੇ ਅਪ੍ਰੈਲ ਚੜਦਿਆਂ ਦਾਖਲੇ ਬੰਦ ਕਰਨੇ ਪੈਂਦੇ ਹਨ ।ਉਹਨਾਂ ਦੱਸਿਆ ਕਿ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ, ਜ਼ਿਲ੍ਹੇ ਅਤੇ ਸੂਬੇ ਦੇ ਸਿੱਖਿਆ ਅਧਿਕਾਰੀ ਦੇ ਸਹਿਯੋਗ ਅਤੇ ਮਾਰਗਦਰਸ਼ਨ ਨਾਲ ਸਕੂਲ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਸਕੂਲ ਦੇ ਹਰ ਕਲਾਸ ਰੂਮ ਵਿਚ ਐਲ ਈ ਡੀ , ਪ੍ਰੋਜੈਕਟ ਅਤੇ ਉੱਚ ਪਾਏ ਦੇ ਇੰਟਰੈਕਟਿਵ ਪੈਨਲਾਂ ਨਾਲ ਵਿਦਿਆਰਥੀਆਂ ਨੂੰ ਸਿੱਖਿਅਤ ਕੀਤਾ ਜਾਦਾ ਹੈ। ਵਿਦਿਆਰਥੀਆਂ ਨੂੰ ਪੰਜਾਬੀ ਅਤੇ ਅੰਗਰੇਜ਼ੀ ਮਾਧਿਅਮ ਰਾਹੀ ਆਧੁਨਿਕ ਪੜਣ ਵਿਧੀਆਂ ਰਾਹੀ ਪੜ੍ਹਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਮੇਂ ਸਮੇਂ ਤੇ ਵਿਦਿਅਕ ਟੂਰ ਕਰਵਾਏ ਜਾਂਦੇ ਹਨ। ਵਿਦਿਆਰਥੀ ਵੱਖ ਵੱਖ ਵਿਦਿਅਕ ਮੁਕਾਬਲੇ ਅਤੇ ਖੇਡ ਮੁਕਾਬਲਿਆਂ ਵਿੱਚ ਸੂਬਾ ਪੱਧਰ ਤੇ ਮੱਲਾਂ ਮਾਰ ਰਹੇ ਹਨ। ਹਰ ਸਾਲ ਵਿਦਿਆਰਥੀਆਂ ਦੇ ਨਵੋਦਿਆ ਵਿਦਿਆਲੇ ਵਿੱਚ ਦਾਖਲੇ ਹੋ ਰਹੇ ਹਨ। ਸਕੂਲ ਦਾ ਸਲਾਨਾ ਸਮਾਰੋਹ ਪੂਰੇ ਖੇਤਰ ਵਿੱਚ ਵੱਖਰੀ ਪਹਿਚਾਣ ਬਣਾ ਚੁੱਕਿਆ ਹੈ, ਜਿੱਥੇ ਸਕੂਲ ਦਾ ਤਿੰਨ ਸਾਲ ਦਾ ਵਿਦਿਆਰਥੀ ਵੀ ਗੱਤਕੇ ਦੇ ਜੌਹਰ ਦਿਖਾਉਂਦਾ ਨਜ਼ਰ ਆਉਂਦਾ ਹੈ। ਉਹਨਾਂ ਕਿਹਾ ਕਿ ਇੱਕ ਸਮਾਂ ਜੀ ਜਦੋਂ ਲੋਕ ਸ਼ਹਿਰਾਂ ਵਿੱਚ ਬੱਚੇ ਪੜਾਉਣ ਨੂੰ ਤਰਜੀਹ ਦਿੰਦੇ ਸਨ  ਪਰ ਇਹ ਸਾਡੇ ਸਕੂਲ ਦੀ ਵਿਲੱਖਣ ਪ੍ਰਾਪਤੀ ਹੈ ਕਿ ਜ਼ਿਲ੍ਹਾ ਹੈਡਕੁਆਰਟਰ ਫਾਜ਼ਿਲਕਾ ਤੋਂ 147 ਬੱਚੇ  ਅਤੇ ਵੱਖ ਵੱਖ 15 ਪਿੰਡਾ ਤੋਂ ਵਿਦਿਆਰਥੀਆਂ ਪੜਣ ਲਈ ਆਉਂਦੇ ਹਨ। ਉਹਨਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕੀਤਾ ਜਿਹਨਾਂ ਨੇ ਸਕੂਲ ਨੂੰ ਟ੍ਰਾਂਸਪੋਰਟ ਦੀ ਸਹੂਲਤ ਦਿੱਤੀ ਹੈ। ਉਹਨਾਂ ਨੇ ਸਕੂਲ ਨੂੰ ਟ੍ਰਾਂਸਪੋਰਟ ਦੀ ਸੇਵਾ ਦੇਣ ਵਾਲੇ ਸਾਥੀਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਸ ਵੱਡੀ ਪ੍ਰਾਪਤੀ ਦਾ ਸਿਹਰਾ ਸਕੂਲ ਦੇ ਮਿਹਨਤੀ ਅਤੇ ਸਮੱਰਪਿਤ ਸਟਾਫ ਨੂੰ ਜਾਂਦਾ ਹੈ ਜਿਨ੍ਹਾਂ  ਦੇ ਸਹਿਯੋਗ ਨਾਲ ਇਹ ਸੰਭਵ ਹੋ ਸਕਿਆ ਹੈ।ਇਸ ਪ੍ਰਾਪਤੀ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਅਜੇ ਕੁਮਾਰ ਸ਼ਰਮਾ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਤੀਸ਼ ਕੁਮਾਰ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਰਵਿੰਦਰ ਸਿੰਘ , ਬੀਪੀਈਓ ਪ੍ਰਮੋਦ ਕੁਮਾਰ,ਸਮੂਹ ਬੀਪੀਈਓ,ਸਮੂਹ ਬੀਐਨਓ, ਵੱਖ ਸਕੂਲਾਂ ਦੇ ਮੁੱਖੀਆਂ ਅਤੇ ਅਧਿਆਪਕਾਂ ਵੱਲੋਂ ਇਸ ਪ੍ਰਾਪਤੀ ਲਈ ਸਕੂਲ ਸਟਾਫ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।