ਚੰਡੀਗੜ੍ਹ, 19 ਜੁਲਾਈ, ਦੇਸ਼ ਕਲਿੱਕ ਬਿਓਰੋ :
ਖਰੜ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਅਨਮੋਲ ਗਗਨ ਮਾਨ (Anmol Gagan Mann) ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਕਾਂਗਰਸ ਪਾਰਟੀ ਦੇ ਵੱਖ ਵੱਖ ਆਗੂਆਂ ਨੇ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾਇਆ ਹੈ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਬਿਨਾਂ ਨਾਮ ਲਏ ‘ਆਪ’ ਉਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਅਨਮੋਲ ਗਗਨ ਮਾਨ ਦੀ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ, ‘ਮਿਲਿਆ ਜੋ ਮੌਕਾ, ਸਾਰੇ ਕੰਮਾਂ ਨੂੰ ਤਮਾਮ ਕਰ ਚੱਲੇ ਆਂ, ਅਸੀਂ ਤੇਰੇ ‘ਇਨਕਲਾਬ’ ਨੂੰ ਸਲਾਮ ਕਰ ਚੱਲੇ ਆਂ।
ਕਾਂਗਰਸ ਦੇ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਸੋਸ਼ਲ ਮੀਡੀਆ ਉਤੇ ਕਿਹਾ, ‘3.5 ਸਾਲਾਂ ਦੌਰਾਨ ਪੰਜਾਬੀਆਂ ਨੂੰ ਇੱਕ ਗੱਲ ਤਾਂ ਪਤਾ ਲੱਗ ਗਈ ਹੈ ਕਿ ਇਸ ਆਮ ਆਦਮੀ ਪਾਰਟੀ ਨੇ ਲੋਕਤੰਤਰ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ, ਮੰਤਰੀਆਂ ਨੂੰ ਬਾਰ-ਬਾਰ ਬਦਲਣਾ, ਮੰਤਰੀਆਂ ਅਤੇ ਵਿਧਾਇਕਾਂ ਨੂੰ ਸ਼ਕਤੀਹੀਣ ਰੱਖ ਕੇ ਸਾਰੇ ਅਧਿਕਾਰ ਦਿੱਲੀ ਵਾਲਿਆਂ ਦੀਆਂ ਜੇਬਾਂ ‘ਚ ਪਾਉਣਾ, ਵਿਰੋਧੀ ਧਿਰਾਂ ਨੂੰ ਖ਼ਤਮ ਕਰਨ ਦੀਆਂ ਕੋਸ਼ਿਸਾਂ ਅਤੇ ਹੁਣ ਵਿਧਾਇਕ ਦਾ ਅਸਤੀਫ਼ਾ। ਔਰ ਇਹ ਸਭ ਦਿੱਲੀ ਤੋਂ ਪੰਜਾਬ ਸਰਕਾਰ ਨੂੰ ਕੰਟਰੋਲ ਕਰਨ ਵਾਲਿਆਂ ਦੇ ਇਸ਼ਾਰਿਆਂ ਤੇ ਕੀਤਾ ਜਾ ਰਿਹਾ ਹੈ, ਜਿਹੜੇ ਖੁਦ ਨੂੰ ਲੋਕਤੰਤਰ ਤੋਂ ਉੱਤੇ ਸਮਝ ਕੇ ਬੈਠੇ ਨੇ।