ਮਲੋਟ/ਸ੍ਰੀ ਮੁਕਤਸਰ ਸਾਹਿਬ, 21 ਜੁਲਾਈ: ਦੇਸ਼ ਕਲਿੱਕ ਬਿਓਰੋ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਭੀਖ ਮੁਕਤ ਬਣਾਉਣ ਲਈ ਜੰਗੀ ਪੱਧਰ ‘ਤੇ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪ੍ਰਾਜੈਕਟ ਜੀਵਨਜੋਤ 2.0 ਦੇ ਤਹਿਤ ਬਲਾਕ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ‘ਚੋਂ ਭੀਖ ਮੰਗਦੇ ਕੁੱਲ 07 ਬੱਚਿਆਂ ਨੂੰ ਰੈਸਕਿਉ ਕੀਤਾ ਗਿਆ ਹੈ।
ਡਾ. ਬਲਜੀਤ ਕੌਰ ਵੱਲੋਂ ਬੱਚਿਆਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਬੱਚਿਆਂ ਨੂੰ ਸਕੂਲ ਵਿੱਚ ਪੜ੍ਹਾਉਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਉਹਨਾਂ ਦੇ ਬੱਚੇ ਪੜ੍ਹ ਲਿਖ ਕੇ ਉੱਚੇ ਅਹੁਦਿਆਂ ਤੇ ਪੁਹੰਚ ਸਕਣ ਅਤੇ ਦੇਸ਼ ਦੇ ਚੰਗੇ ਨਾਗਰਿਕ ਬਣ ਸਕਣ। ਉਹਨਾਂ ਨੂੰ ਅਪਣੇ ਬੱਚਿਆਂ ਨੂੰ ਸਕੂਲ ਵਿੱਚ ਦਾਖ਼ਲ ਕਰਵਾਉਣ ਲਈ ਕਿਹਾ ਗਿਆ ਅਤੇ ਇਸ ਦੇ ਨਾਲ ਹੀ ਉਹਨਾਂ ਨੂੰ ਕਿਹਾ ਕਿ ਜੇਕਰ ਬੱਚੇ ਭੀਖ ਮੰਗਦੇ ਪਾਏ ਗਏ ਤਾਂ ਉਹਨਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਇਹ ਵੀ ਦੱਸਿਆ ਕਿ ਜੇਕਰ ਕਿਸੇ ਬੱਚੇ ਦੇ ਮਾਤਾ-ਪਿਤਾ ਨਾ ਹੋਣ ਬਾਰੇ ਸ਼ੱਕ ਹੋਇਆ ਤਾਂ ਬਾਲ ਭਲਾਈ ਕਮੇਟੀ ਵਲੋਂ ਡਿਪਟੀ ਕਮਿਸ਼ਨਰ ਦੇ ਹੁਕਮਾਂ ਅਧੀਨ ਡੀ.ਐਨ.ਏ ਜਾਂਚ ਵੀ ਕਰਵਾਈ ਜਾ ਸਕਦੀ ਹੈ ਤਾਂ ਜੋ ਬੱਚਿਆਂ ਦੀ ਹਕੀਕਤੀ ਪਛਾਣ ਦੀ ਪਤਾ ਲੱਗ ਸਕੇ।
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਵਿਭਾਗ ਦੀ ਜ਼ਿਲ੍ਹਾ ਬਾਲ ਸੁਰੱਖਿਆ ਟੀਮ ਵਲੋਂ ਮਲੋਟ ਦੇ ਬੱਸ ਅੱਡਾ, ਰੇਲਵੇ ਸਟੇਸ਼ਨ ਅਤੇ ਹੋਰ ਵੱਖ- ਵੱਖ ਥਾਂਵਾ ਤੇ ਵਿਸ਼ੇਸ਼ ਛਾਪੇਮਾਰੀ ਕਰਕੇ ਇਨ੍ਹਾਂ ਬੱਚਿਆਂ ਨੂੰ ਬਚਾਇਆ ਗਿਆ। ਇਨ੍ਹਾਂ ਬੱਚਿਆਂ ਨੂੰ ਬਾਲ ਭਲਾਈ ਕਮੇਟੀ, ਸ੍ਰੀ ਮੁਕਤਸਰ ਸਾਹਿਬ ਅੱਗੇ ਪੇਸ਼ ਕੀਤਾ ਗਿਆ। ਇਨ੍ਹਾਂ ਬੱਚਿਆਂ ਵਿੱਚੋਂ ਇੱਕ ਬੱਚਾ ਦੂਸਰੇ ਜ਼ਿਲ੍ਹੇ ਨਾਲ ਸਬੰਧਿਤ ਸੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਸਿੱਧਾ ਉਦੇਸ਼ ਹੈ ਕਿ ਹਰ ਬੱਚੇ ਨੂੰ ਸੁਰੱਖਿਅਤ ਅਤੇ ਚੰਗੇ ਭਵਿੱਖ ਵਾਲਾ ਜੀਵਨ ਮਿਲੇ। ਪ੍ਰਾਜੈਕਟ ਜੀਵਨਜੋਤ 2.0 ਦੇ ਤਹਿਤ ਵਿਭਾਗ ਦੀਆਂ ਜ਼ਿਲ੍ਹਾ ਟੀਮਾਂ ਵੱਲੋਂ ਲਗਾਤਾਰ ਵੱਖ-ਵੱਖ ਥਾਂਵਾਂ ‘ਤੇ ਚੈਕਿੰਗ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਸੂਬਾ ਸਰਕਾਰ ਦੀ ਜਾਗਰੂਕਤਾ ਮੁਹਿੰਮ ਸਦਕਾ ਪੰਜਾਬ ਸੂਬੇ ਨੂੰ ਬਾਲ ਭਿੱਖਿਆ ਮੁਕਤ ਬਣਾਇਆ ਜਾ ਰਿਹਾ ਹੈ।
ਡਾ. ਬਲਜੀਤ ਕੌਰ ਵੱਲੋ ਆਮ ਪਬਲਿਕ ਅਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਕਿਸੇ ਵੀ ਛੋਟੇ ਬੱਚਿਆਂ ਨੂੰ ਭੀਖ ਨਾ ਦੇਣ ਅਤੇ ਜੇਕਰ ਕੋਈ ਬੱਚੇ ਨੂੰ ਭੀਖ ਮੰਗਦੇ ਦੇਖਦਾ ਹੈ ਤਾਂ ਉਹਨਾਂ ਵੱਲੋ ਇਸ ਸਬੰਧੀ ਜਾਣਕਾਰੀ 1098 ਤੇ ਦਿੱਤੀ ਜਾਵੇ ।
ਇਸ ਮੌਕੇ ਡਾ. ਸ਼ਿਵਾਨੀ ਨਾਗਪਾਲ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ, ਜ਼ਿਲ੍ਹਾ ਸਿੱਖਿਆ ਵਿਭਾਗ ਤੋਂ ਰਾਕੇਸ਼ ਕੁਮਾਰ ਸੀ ਐੱਚ .ਟੀ.ਸ੍ਰੀ ਮੁਕਤਸਰ ਸਾਹਿਬ, ਸੌਹਲਪ੍ਰੀਤ ਕੌਰ ਬਾਲ ਸੁਰੱਖਿਆ ਅਫਸਰ (ਆਈ.ਸੀ.), ਅਮਨਪ੍ਰੀਤ ਕੌਰ ਡਾਟਾ ਐਂਟਰੀ ਓਪਰੇਟਰ ਸ੍ਰੀ ਮੁਕਤਸਰ ਸਾਹਿਬ, ਗੁਰਜੌਤ ਸਿੰਘ ਸੁਪਰਵਾਇਜ਼ਰ (ਚਾਇਲਡ ਹੈਲਪ ਲਾਇਨ) ਸ੍ਰੀ ਮੁਕਤਸਰ ਸਾਹਿਬ, ਵਿਕਾਸ ਕੁਮਾਰ ਸੁਪਰਵਾਇਜ਼ਰ (ਚਾਇਲਡ ਹੈਲਪ ਲਾਇਨ) ਸ੍ਰੀ ਮੁਕਤਸਰ ਸਾਹਿਬ, ਪਰਮਜੀਤ ਕੌਰ ਕੇਸ ਵਰਕਰ(ਚਾਇਲਡ ਹੈਲਪ ਲਾਇਨ) ਸ੍ਰੀ ਮੁਕਤਸਰ ਸਾਹਿਬ ਹਾਜ਼ਰ ਸਨ।