ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਮੁੱਢਲੀ ਸਿੱਖਿਆ ਲਾਜ਼ਮੀ-ਰਤਿੰਦਰ ਪਾਲ ਕੌਰ
ਮਾਨਸਾ, 22 ਜੁਲਾਈ: ਦੇਸ਼ ਕਲਿੱਕ ਬਿਓਰੋ
ਡਾਇਰੈਕਟਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ, ਚੰਡੀਗੜ੍ਹ ਦੇ ਆਦੇਸ਼ਾਂ ਤਹਿਤ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਮਾਨਸਾ ਮਿਸ. ਰਤਿੰਦਰ ਪਾਲ ਕੌਰ ਧਾਰੀਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਮਾਨਸਾ ‘ਚ ਚੱਲ ਰਹੇ ਸਮੂਹ 840 ਆਂਗਣਵਾੜੀ ਸੈਂਟਰਾਂ ਵਿੱਚ 0 ਤੋਂ 6 ਸਾਲ ਦੇ ਬੱਚਿਆਂ ਨੂੰ ਅਰਲੀ ਚਾਇਲਡਹੁਡ ਕੇਅਰ ਐਂਡ ਐਜੂਕੇਸ਼ਨ (ECCE) ਤਹਿਤ ਮੁੱਢਲੀ ਸਿੱਖਿਆ ਦਿੱਤੀ ਜਾ ਰਹੀ ਹੈ, ਜਿਸ ਵਿੱਚ ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਮੁੱਖ ਰੱਖਦੇ ਹੋਏ, ਖੇਡਾਂ ਰਾਹੀਂ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ।
ਜਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਦੱਸਿਆ ਗਿਆ ਕਿ ਆਂਗਣਵਾੜੀ ਸੈਂਟਰਾਂ ਵਿੱਚ ਪੋਸ਼ਣ, ਪੜਾਈ ਤੇ ਈ.ਸੀ.ਸੀ.ਈ. ਤਹਿਤ ਵੱਖ-ਵੱਖ ਵਿਸ਼ਿਆਂ ‘ਤੇ 0 ਤੋਂ 6 ਸਾਲ ਦੇ ਬੱਚਿਆਂ ਨੂੰ ਸਿੱਖਲਾਈ ਦਿੱਤੀ ਜਾਂਦੀ ਹੈ। ਬੱਚਿਆਂ ਦੇ ਮਾਨਸਿਕ, ਸਰੀਰਕ, ਸਮਾਜਿਕ, ਸਭਿਆਚਾਰਕ ਅਤੇ ਭਾਵਨਾਤਮਕ ਵਿਕਾਸ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਆਉਂਦੇ ਬੱਚਿਆਂ ਦੀ ਸਾਂਭ ਸੰਭਾਲ, ਬੱਚਿਆਂ ਦੀ ਪੋਸ਼ਟਿਕ ਖੁਰਾਕ ਸਬੰਧੀ ਮਾਵਾਂ ਨੂੰ ਕਿਵੇਂ ਜਾਗਰੂਕ ਕਰਨਾ ਹੈ, ਬੱਚਿਆਂ ਨੂੰ ਸਿਹਤਮੰਦ ਰੱਖਣ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਸਮੇਂ ਸਿਰ ਟੀਕੇ ਆਦਿ ਵੱਖ ਵੱਖ ਕਾਰਜਾਂ ਬਾਰੇ ਆਂਗਣਵਾੜੀ ਵਰਕਰਾਂ ਵੱਲੋਂ ਲਾਭਪਾਤਰੀਆਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ। ਇਸ ਤੋਂ ਇਲਾਵਾ ਗਰਭਵਤੀ ਅਤੇ ਨਰਸਿੰਗ ਮਾਵਾਂ ਦੀ ਖੁਰਾਕ ਅਤੇ ਟੀਕਿਆਂ ਆਦਿ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ।