ਐਸ ਡੀ ਐਮ ਦਿਵਿਆ ਪੀ ਨੇ ਵਸੀਕਾ ਨਵੀਸਾਂ ਅਤੇ ਸਬ ਰਜਿਸਟਰਾਰਾਂ ਨੂੰ ਮੀਟਿੰਗਾਂ ਦੌਰਾਨ ਕੀਤਾ ਸਪੱਸ਼ਟ ਕੀਤਾ
ਕਸੂਰਵਾਰ ਪਾਏ ਜਾਣ ਦੀ ਸੂਰਤ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ, ਐਸ ਡੀ ਐਮ ਨੇ ਕਿਹਾ
ਖਰੜ, 22 ਜੁਲਾਈ: ਦੇਸ਼ ਕਲਿੱਕ ਬਿਓਰੋ
ਖਰੜ ਸਬ ਡਿਵੀਜ਼ਨ ਦੇ ਸਬ ਰਜਿਸਟਰਾਰ ਦਫਤਰਾਂ ਵਿੱਚ ਮਾਲ ਵਿਭਾਗ ਨਾਲ ਸਬੰਧਤ ਕੰਮਾਂ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਲਈ, ਉਪ ਮੰਡਲ ਮੈਜਿਸਟਰੇਟ, ਸ਼੍ਰੀਮਤੀ ਦਿਵਿਆ ਪੀ ਨੇ ਸਪੱਸ਼ਟ ਕੀਤਾ ਹੈ ਕਿ ਵਸੀਕਾ ਨਵੀਸਾਂ ਦੁਆਰਾ ਕਿਸੇ ਵੀ ਤਰ੍ਹਾਂ ਦੀ ਓਵਰਚਾਰਜਿੰਗ ਜਾਂ ਸਬ ਰਜਿਸਟਰਾਰਾਂ ਦੇ ਨਾਮ ‘ਤੇ ਪੈਸੇ ਦੀ ਮੰਗ ਦੀਆਂ ਸ਼ਿਕਾਇਤਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।
ਸਬ ਡਿਵੀਜ਼ਨ ਖਰੜ ਦੇ ਸਬ ਰਜਿਸਟਰਾਰਾਂ ਅਤੇ ਡੀਡ ਰਾਈਟਰਾਂ ਦੇ ਨੁਮਾਇੰਦਿਆਂ ਦੀਆਂ ਵੱਖ-ਵੱਖ ਮੀਟਿੰਗਾਂ ਕਰਦਿਆਂ, ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਅਤੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੇ ਨਿਰਦੇਸ਼ਾਂ ਅਨੁਸਾਰ, ਸਬ ਡਿਵੀਜ਼ਨ ਪ੍ਰਸ਼ਾਸਨ ਮਾਲ ਵਿਭਾਗ ਦੁਆਰਾ ਨਿਰਧਾਰਤ ਚਾਰਜਾਂ ‘ਤੇ ਮਾਲ ਮਹਿਕਮੇ/ਡੀਡ ਰਜਿਸਟ੍ਰੇਸ਼ਨ ਨਾਲ ਸਬੰਧਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਨਵੀਂ ਸ਼ੁਰੂ ਕੀਤੀ ਗਈ ਈਜ਼ੀ ਰਜਿਸਟਰੀ ਨੇ ਦਸਤਾਵੇਜ਼ਾਂ ਅਤੇ ਪ੍ਰਕਿਰਿਆ ਨੂੰ ਔਨਲਾਈਨ ਬਣਾ ਕੇ ਡੀਡ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਅਤੇ ਸਰਲ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਪਹਿਲਾਂ ਹੀ ਡੀਡ ਰਜਿਸਟ੍ਰੇਸ਼ਨ (ਡੀਡ ਦਾ ਖਰੜਾ ਤਿਆਰ ਕਰਨਾ, ਪੂਰਵ-ਪੜਤਾਲ ਲਈ ਡੀਡ ਜਮ੍ਹਾਂ ਕਰਵਾਉਣਾ, ਨਿਯੁਕਤੀ, ਸਟੈਂਪ ਡਿਊਟੀ ਦਾ ਭੁਗਤਾਨ ਅਤੇ ਹੋਰ ਖਰਚੇ),
ਇੰਤਕਾਲ ਲਈ ਬੇਨਤੀ (ਵਿਰਾਸਤ ਜਾਂ ਰਜਿਸਟਰਡ ਡੀਡ ਦੇ ਆਧਾਰ ‘ਤੇ), ਰਪਟਾਂ ਦੀ ਐਂਟਰੀ ਲਈ ਬੇਨਤੀ (ਅਦਾਲਤੀ ਹੁਕਮਾਂ, ਬੈਂਕ ਕਰਜ਼ਿਆਂ / ਗਿਰਵੀਨਾਮੇ ਜਾਂ ਬੈਂਕ ਕਰਜ਼ਿਆਂ / ਗਿਰਵੀਨਾਮੇ ਦੀ ਸਮਾਪਤੀ ਨਾਲ ਸਬੰਧਤ),
ਫਰਦ ਬਦਰ (ਰਿਕਾਰਡ ਵਿੱਚ ਦਰੁਸਤੀ) ਲਈ ਬੇਨਤੀ ਅਤੇ ਫਰਦ ਤੇ ਡਿਜੀਟਲ ਦਸਤਖਤ ਲਈ ਬੇਨਤੀ ਆਦਿ ਸੇਵਾਵਾਂ ਸੇਵਾ ਕੇਂਦਰਾਂ ਰਾਹੀਂ ਵੀ ਸ਼ੁਰੂ ਕਰ ਚੁੱਕਾ ਹੈ। ਇਸ ਤੋਂ ਇਲਾਵਾ ਘਰ ਜਾ ਕੇ ਸੇਵਾਵਾਂ ਦੇਣ ਦੇ ਉਪਰਾਲੇ ਵਜੋਂ ਟੋਲ ਫ੍ਰੀ ਨੰਬਰ 1076 ‘ਤੇ ਡਾਇਲ ਕਰਕੇ ਵੀ ਇਹ ਸੇਵਾਵਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।
ਉਨ੍ਹਾਂ ਮੀਟਿੰਗ ਵਿੱਚ ਭ੍ਰਿਸ਼ਟਾਚਾਰ ਪ੍ਰਤੀ ਪੰਜਾਬ ਸਰਕਾਰ ਦੀ ਜ਼ੀਰੋ-ਟੌਲਰੈਂਸ ਨੀਤੀ ‘ਤੇ ਜ਼ੋਰ ਦਿੰਦਿਆਂ ਸਾਰੇ ਅਧਿਕਾਰੀਆਂ ਨੂੰ ਪਾਰਦਰਸ਼ੀ ਅਤੇ ਜਵਾਬਦੇਹ ਸੇਵਾ ਪ੍ਰਦਾਨ ਕਰਨ ਨੂੰ ਯਕੀਨੀ ਬਣਾਉਣ ਲਈ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਰਿਸ਼ਵਤਖੋਰੀ ਜਾਂ ਗਲਤ ਕੰਮ ਕਰਨ ਵਾਲੇ ਕਿਸੇ ਵੀ ਅਧਿਕਾਰੀ ਜਾਂ ਵਿਅਕਤੀ ਨੂੰ ਸਖ਼ਤ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ, ਜਿਸ ਵਿੱਚ ਮੁਅੱਤਲੀ ਅਤੇ ਐਫ ਆਈ ਆਰ ਦਰਜ ਕਰਨਾ ਸ਼ਾਮਲ ਹੈ।
ਮੀਟਿੰਗਾਂ ਵਿੱਚ ਸ਼ਾਮਿਲ ਸਨ ਰਜਿਸਟਰਾਰਾਂ ਵਿੱਚ ਸ਼੍ਰੀਮਤੀ ਰਮਨਦੀਪ ਕੌਰ, ਐਸ ਆਰ ਮਾਜਰੀ, ਸੋਹਣ ਸਿੰਘ, ਐਸ ਆਰ ਘੜੂੰਆਂ, ਅੰਕੁਸ਼ ਕਾਲੜਾ, ਐਸ ਆਰ-1 ਖਰੜ,ਅਤੇ ਅੰਕੁਸ਼ ਅੰਗੁਰਾਲ, ਐਸ ਆਰ-2, ਖਰੜ ਸ਼ਾਮਲ ਸਨ।