ਸੰਗਰੂਰ ਦੀ ‘ਜਬਰ ਵਿਰੋਧੀ’ ਰੈਲੀ ‘ਚ ਡੀ.ਐਮ ਐਫ, ਡੀ.ਟੀ.ਐੱਫ, ਮਿੱਡ ਡੇ ਮੀਲ ਅਤੇ ਜੰਗਲਾਤ ਜੱਥੇਬੰਦੀਆਂ ਕਰਨਗੀਆਂ ਭਰਵੀਂ ਸ਼ਮੂਲੀਅਤ

ਪੰਜਾਬ

ਸੰਗਰੂਰ ਦੀ ‘ਜਬਰ ਵਿਰੋਧੀ’ ਰੈਲੀ ‘ਚ ਡੀ.ਐਮ ਐਫ,ਡੀ.ਟੀ.ਐੱਫ, ਮਿੱਡ ਡੇ ਮੀਲ ਅਤੇ ਜੰਗਲਾਤ ਜੱਥੇਬੰਦੀਆਂ ਕਰਨਗੀਆਂ ਭਰਵੀਂ ਸ਼ਮੂਲੀਅਤ

ਲੁਧਿਆਣਾ, 22 ਜੁਲਾਈ, (ਮਲਾਗਰ ਖਮਾਣੋਂ ) :

ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਲੁਧਿਆਣਾ ਨਾਲ ਸਬੰਧਤ ਜੱਥੇਬੰਦੀਆਂ ਵੱਲੋਂ ਸੰਗਰੂਰ ਵਿਖੇ 25 ਜੁਲਾਈ ਨੂੰ ਹੋਣ ਜਾ ਰਹੀ ਜਬਰ ਵਿਰੁੱਧ ਰੈਲੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਆਗੂਆਂ ਸੁਖਵਿੰਦਰ ਸਿੰਘ ਲੀਲ, ਰਮਨਜੀਤ ਸਿੰਘ ਸੰਧੂ,ਹਰਜੀਤ ਕੌਰ ਸਮਰਾਲਾ ਅਤੇ ਪ੍ਰਵੀਨ ਕੁਮਾਰੀ ਆਦਿ ਕੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਪੁਲਿਸ ਰਾਜ ਵਿੱਚ ਬਦਲਣ ਅਤੇ ਲੋਕਾਂ ਦੇ ਸੰਘਰਸ਼ ਕਰਨ ਦੇ ਜਮਹੂਰੀ ਹੱਕ ਉੱਤੇ ਮਾਰੇ ਜਾ ਰਹੇ ਡਾਕੇ ਖ਼ਿਲਾਫ਼ ਕਿਸਾਨ, ਮਜ਼ਦੂਰ ਜਥੇਬੰਦੀਆਂ ਦੀ ਹਮਾਇਤ ਵਿੱਚ ਕੀਤੀ ਜਾ ਰਹੀ ਵਿਸ਼ਾਲ ਰੈਲੀ ਅਤੇ ਰੋਸ ਮੁਜ਼ਾਹਰੇ ਵਿੱਚ ਵੱਡੇ ਪੱਧਰ ਤੇ ਮੁਲਾਜ਼ਮਾਂ ਵੱਲੋਂ ਵੀ ਸ਼ਮੂਲੀਅਤ ਕੀਤੀ ਜਾਵੇਗੀ।ਇਸ ਸੰਬੰਧੀ ਆਨ ਲਾਈਨ ਹੋਈ ਮੀਟਿੰਗ ਤੋਂ ਬਾਅਦ ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਰੁਪਿੰਦਰਪਾਲ ਸਿੰਘ ਗਿੱਲ, ਸੁਰਿੰਦਰਪਾਲ ਸਿੰਘ ਇਆਲੀ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮੋਦੀ ਸਰਕਾਰ ਦੀ ਤਰਜ਼ ਤੇ ਵਿਰੋਧ ਦੀ ਹਰ ਆਵਾਜ਼ ਨੂੰ ਦਬਾਉਣ ਦੇ ਰਾਹ ਪਈ ਹੋਈ ਹੈ। ਪਿਛਲੇ ਸਮੇਂ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਚੰਡੀਗੜ੍ਹ ਕੂਚ ਨੂੰ ਗ੍ਰਿਫਤਾਰੀਆਂ ਦਾ ਦੌਰ ਚਲਾ ਕੇ ਫੇਲ ਕਰਨਾ, ਸ਼ੰਭੂ ਤੇ ਖਨੌਰੀ ਮੋਰਚਿਆਂ ਦੀ ਲੀਡਰਸ਼ਿਪ ਨੂੰ ਗੱਲਬਾਤ ਲਈ ਬੁਲਾ ਕੇ ਗ੍ਰਿਫ਼ਤਾਰ ਕਰਨ ਉਪਰੰਤ ਜ਼ਬਰੀ ਉਹਨਾਂ ਦੇ ਧਰਨੇ ਚੁਕਵਾਉਣਾ, ਸੰਗਰੂਰ ਵਿਖੇ ਬੇਗਮਪੁਰਾ ਵਸਾਉਣ ਲਈ ਜਾ ਰਹੇ ਸੈਂਕੜੇ ਮਜ਼ਦੂਰਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਬੰਦ ਕਰਨਾ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ‘ਤੇ ਅਣ ਐਲਾਨੀ ਪਾਬੰਦੀ ਲਗਾਉਣਾ ਅਤੇ ਉਨ੍ਹਾਂ ਦੇ ਆਗੂਆਂ ਦੀ ਕੀਤੀ ਜਾ ਰਹੀ ਛਾਪੇਮਾਰੀ, ਬੇਰੁਜ਼ਗਾਰ ਅਧਿਆਪਕਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਵਿੱਚ ਬੰਦ ਕਰਨਾ ਆਦਿ ਇਸਦੀਆਂ ਪ੍ਰਮੁੱਖ ਉਦਾਹਰਣਾਂ ਹਨ। ਇਸੇ ਤਰ੍ਹਾਂ ਇੱਕ ਪਾਸੇ ਪੰਜਾਬ ਪੁਲਿਸ ਨੂੰ ਅੰਨ੍ਹੇਵਾਹ ਤਾਕਤਾਂ ਦੇ ਕੇ ਨਿੱਤ ਦਿਨ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਹਨ ਜਦਕਿ ਕਿਸਾਨ ਆਗੂ ਨਿਰਭੈ ਸਿੰਘ ਖਾਈ (ਜੋ ਪੇਸ਼ੇ ਵਜੋਂ ਇੱਕ ਅਧਿਆਪਕ ਹਨ) ਉੱਤੇ ਜਾਨਲੇਵਾ ਹਮਲਾ ਕਰਨ ਵਾਲੇ ਦੋਸ਼ੀਆਂ ਦੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ ਅਤੇ ਮੁੱਖ ਦੋਸ਼ੀਆਂ ਨੂੰ ਹਾਲੇ ਵੀ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਹੈ। ਇਸ ਲਈ ਵੱਖ-ਵੱਖ ਜਨਤਕ ਤੇ ਜਮਹੂਰੀ ਜਥੇਬੰਦੀਆਂ ਵਲੋਂ 25 ਜੁਲਾਈ ਨੂੰ ਸੰਗਰੂਰ ਵਿਖੇ ਕੀਤੀ ਜਾ ਰਹੀ ਜਬਰ ਵਿਰੋਧੀ ਵਿਸ਼ਾਲ ਰੈਲੀ ਵਿੱਚ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਨਾਲ ਸਬੰਧਤ ਜੱਥੇਬੰਦੀਆ ਵੱਡੇ ਪੱਧਰ ਤੇ ਸ਼ਮੂਲੀਅਤ ਕਰਨਗੀਆਂ।
ਇਸ ਮੌਕੇ ਜੰਗਪਾਲ ਸਿੰਘ ਰਾਏਕੋਟ ,ਬਲਵੀਰ ਸਿੰਘ,ਮਨਪ੍ਰੀਤ ਸਿੰਘ ਸਮਰਾਲਾ, ਰਾਜਿੰਦਰ ਜੰਡਿਆਲੀ, ਮਨਪ੍ਰੀਤ ਕੌਰ, ਪਿੰਕੀ ਰਾਣੀ,ਰਾਧਾ ਰਾਣੀ ਆਦਿ ਹਾਜਰ ਹੋਏ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।