ਸਾਹਿਬਜ਼ਾਦਾ ਅਜੀਤ ਸਿੰਘ ਨਗਰ, 23 ਜੁਲਾਈ, ਦੇਸ਼ ਕਲਿੱਕ ਬਿਓਰੋ :
ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ੍ਰੀਮਤੀ ਗੀਤਿਕਾ ਸਿੰਘ ਵੱਲੋਂ ਵੀਜ਼ਾ ਪੇਲੈਸ ਫਰਮ ਐਸ.ਸੀ.ਐਫ 20, ਪਹਿਲੀ ਮੰਜ਼ਿਲ, ਫੇਜ਼-3ਏ, ਮੋਹਾਲੀ, ਜ਼ਿਲ੍ਹਾ-ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਕੰਸਲਟੈਂਸੀ ਦੇ ਕੰਮ ਲਈ ਜਾਰੀ ਲਾਇਸੰਸ ਤੁਰੰਤ ਪ੍ਰਭਾਵ ਨਾਲ 15 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਗੀਤਿਕਾ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਵੀਜ਼ਾ ਪੇਲੈਸ ਫਰਮ ਦੇ ਮਾਲਕ ਸ੍ਰੀ ਅਮਰਜੀਤ ਸਿੰਘ ਪੁੱਤਰ ਸ੍ਰੀ ਕੁਲਦੀਪ ਸਿੰਘ ਪਤਾ ਮਕਾਨ ਨੰ: ਬੀ22-1831, ਐਲ.ਆਈ.ਸੀ ਕਲੋਨੀ, ਨੇੜੇ ਰੋਇਲ ਹੋਮਸ ਫਲੈਟ, ਮੁੰਡੀ ਖਰੜ, ਤਹਿਸੀਲ ਖਰੜ, ਮੋਹਾਲੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਨੰਬਰ ਲਾਇਸੰਸ ਨੰ: 541/ਆਈ.ਸੀ. ਮਿਤੀ 22.02.2023 ਜਾਰੀ ਕੀਤਾ ਗਿਆ ਹੈ। ਜਿਸ ਦੀ ਮਿਆਦ ਮਿਤੀ 21.02.2028 ਤੱਕ ਹੈ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਡਿਪਟੀ ਕਪਤਾਨ ਪੁਲਿਸ, ਸਾਈਬਰ ਕਰਾਇਮ, ਪੰਜਾਬ, ਐਸ.ਏ.ਐਸ.ਨਗਰ ਦੇ ਪੱਤਰ ਅਨੁਸਾਰ ਅਮਰਜੀਤ ਸਿੰਘ ਅਤੇ ਹੋਰ, ਫਰਮ ਵੀਜ਼ਾ ਪੈਲੇਸ ਤੇ ਐਫ.ਆਈ.ਆਰ. ਦਰਜ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਜਿਸ ਸਬੰਧੀ ਲਾਇਸੰਸੀ ਦੇ ਦਫਤਰੀ ਅਤੇ ਰਿਹਾਇਸ਼ੀ ਪਤੇ ਤੇ ਰਜਿਸਟਰਡ ਡਾਕ ਰਾਹੀਂ ਨੋਟਿਸ ਜਾਰੀ ਕੀਤਾ ਗਿਆ ਸੀ। ਜਿਸ ਦੇ ਸਬੰਧ ਵਿੱਚ ਲਾਇਸੰਸੀ ਵੱਲੋਂ ਦਰਖਾਸਤ ਰਾਹੀਂ ਨੋਟਿਸ ਦਾ ਜਵਾਬ ਦਿੱਤਾ ਗਿਆ, ਜਿਸ ਨੂੰ ਵਾਚਣ ਤੇ ਪਾਇਆ ਗਿਆ ਕਿ ਜਵਾਬ ਸਪਸ਼ਟ ਨਹੀਂ ਸੀ। ਇਸ ਤੋਂ ਇਲਾਵਾ ਲਾਇਸੰਸੀ ਵੱਲੋਂ ਇਹ ਵੀ ਲਿਖਿਆ ਸੀ ਕਿ ਲਾਇਸੰਸੀ/ਫਰਮ ਦੇ ਖਿਲਾਫ ਦਰਜ ਮੁਕੱਦਮੇ ਸਬੰਧੀ, ਉਸਦਾ ਦੂਜੀ ਧਿਰ ਨਾਲ ਸਮਝੌਤਾ ਹੋ ਚੁੱਕਾ ਹੈ। ਜਿਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿੱਚ ਐਫ.ਆਈ.ਆਰ ਨੂੰ ਰੱਦ ਕਰਨ ਸਬੰਧੀ ਦਾਇਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਕਤ ਕੇਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਪਾਸ ਮਿਤੀ 01.04.2025 ਨੂੰ ਲੱਗਿਆ ਹੋਇਆ ਸੀ।
ਉਨ੍ਹਾਂ ਕਿਹਾ ਕਿ ਲਾਇਸੰਸੀ ਤੋਂ ਸਪਸ਼ਟ ਜਵਾਬ ਪ੍ਰਾਪਤ ਨਾ ਹੋਣ ਕਰਕੇ ਫਰਮ ਨੂੰ ਮੁੜ ਨੋਟਿਸ ਜਾਰੀ ਕੀਤਾ ਗਿਆ। ਲਾਇਸੰਸੀ ਦੇ ਰਿਹਾਇਸ਼ੀ ਪਤੇ ਤੇ ਜਾਰੀ ਨੋਟਿਸ/ਪੱਤਰ ਅਣਡਲੀਵਰ ਪ੍ਰਾਪਤ ਹੋਇਆ ਹੈ। ਪ੍ਰੰਤੂ ਕਾਫੀ ਸਮਾਂ ਬੀਤ ਜਾਣ ਤੇ ਬਾਵਜੂਦ ਵੀ ਕੋਈ ਜਵਾਬ ਪ੍ਰਾਪਤ ਨਹੀਂ ਹੋਇਆ।
ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਸ੍ਰੀ ਭੁਵਨੇਸ਼ ਸਿੰਘ ਦੀ ਸ਼ਿਕਾਇਤ ਦਾਖਲ ਦਫਤਰ ਕਰਦੇ ਹੋਏ ਲਾਇਸੰਸੀ ਨੂੰ ਪੱਤਰ ਰਾਹੀਂ ਚੇਤਾਵਨੀ ਦਿੱਤੀ ਗਈ ਸੀ ਕਿ ਭਵਿੱਖ ਵਿੱਚ ਫਰਮ ਖਿਲਾਫ ਅਜਿਹੀਆਂ ਕੋਈ ਸ਼ਿਕਾਇਤਾਂ ਪ੍ਰਾਪਤ ਨਾ ਹੋਣ ਅਤੇ ਐਕਟ/ਰੂਲਜ ਦੇ ਉਪਬੰਧਾਂ ਦੀ ਪਾਲਣਾ ਕਰਨ, ਅਜਿਹਾ ਨਾ ਹੋਣ ਦੀ ਸੂਰਤ ਵਿੱਚ ਨਿਯਮਾਂ ਅਨੁਸਾਰ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪ੍ਰੰਤੂ ਸ਼ਿਕਾਇਤਕਰਤਾ ਸ੍ਰੀ ਅਸ਼ੀਸ਼ ਠਾਕੁਰ ਵੱਲੋਂ ਫਰਮ ਖਿਲਾਫ ਸ਼ਿਕਾਇਤ ਦਿੱਤੀ ਗਈ ਹੈ, ਜਿਸ ਦੀ ਪੜਤਾਲ ਲਈ ਉਪ ਮੰਡਲ ਮੈਜਿਸਟਰੇਟ, ਮੋਹਾਲੀ ਨੂੰ ਭੇਜੀ ਗਈ ਹੈ।
ਇਸ ਲਈ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਗੀਤਿਕਾ ਸਿੰਘ ਨੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਐਕਟ-2012 ਦੇ ਸੈਕਸ਼ਨ 6(1)(ਈ) ਦੇ ਉਪਬੰਧਾਂ ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਫਰਮ ਵੀਜ਼ਾ ਪੇਲੈਸ ਨੂੰ ਜਾਰੀ ਲਾਇਸੰਸ ਨੰ: 541/ਆਈ.ਸੀ. ਮਿਤੀ 22.02.2023 ਨੂੰ ਮਿੱਤੀ 17.07.2025 ਤੋਂ ਐਫ.ਆਈ.ਆਰ. ਰੱਦ ਹੋਣ ਤੱਕ ਅਤੇ ਉਕਤ ਫਰਮ ਦੇ ਖਿਲਾਫ ਸ਼ਿਕਾਇਤਾਂ ਦਾ ਨਿਪਟਾਰਾ ਹੋਣ ਤੱਕ ਮੁਅੱਤਲ ਕਰ ਦਿੱਤਾ ਹੈ।
ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(ਈ) ਤਹਿਤ ਲਾਇਸੰਸੀ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ ਲਈ 15 ਦਿਨਾਂ ਦਾ ਸਮਾਂ ਦਿੰਦੇ ਹੋਏ ਨੋਟਿਸ ਜਾਰੀ ਕੀਤਾ ਜਾਂਦਾ ਹੈ ਕਿ ਕਿਉਂ ਨਾ ਉਸ ਦਾ ਲਾਇਸੰਸ ਰੱਦ ਕਰ ਦਿੱਤਾ ਜਾਵੇ।