ਖੰਨਾ, 24 ਜੁਲਾਈ, ਦੇਸ਼ ਕਲਿਕ ਬਿਊਰੋ :
ਅੱਜ ਵੀਰਵਾਰ ਸਵੇਰੇ ਖੰਨਾ ਦੇ ਬੀਜਾ ਚੌਕ ‘ਤੇ ਇੱਕ ਮਿੰਨੀ ਬੱਸ ਅਤੇ ਪੱਥਰਾਂ ਨਾਲ ਲੱਦੇ ਟਿੱਪਰ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਬੱਸ ਪਲਟ ਗਈ, ਜਿਸ ਕਾਰਨ 20 ਤੋਂ ਵੱਧ ਮਹਿਲਾ ਮਜ਼ਦੂਰ ਜ਼ਖਮੀ ਹੋ ਗਏ।ਇਨ੍ਹਾਂ ਵਿੱਚੋਂ 10 ਔਰਤਾਂ ਦੀ ਹਾਲਤ ਗੰਭੀਰ ਹੈ। ਉਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਜਾਣਕਾਰੀ ਅਨੁਸਾਰ ਦੋਰਾਹਾ ਦੀ ਇੱਕ ਨਿੱਜੀ ਫੈਕਟਰੀ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਆਮ ਵਾਂਗ ਬੱਸ ਰਾਹੀਂ ਕੰਮ ‘ਤੇ ਜਾ ਰਹੀਆਂ ਸਨ। ਜਦੋਂ ਬੱਸ ਬੀਜਾ ਚੌਕ ‘ਤੇ ਰੁਕ ਰਹੀ ਸੀ, ਤਾਂ ਇੱਕ ਤੇਜ਼ ਰਫ਼ਤਾਰ ਟਿੱਪਰ ਨੇ ਸਾਈਡ ਤੋਂ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਬੱਸ ਪਲਟ ਗਈ ਅਤੇ ਔਰਤਾਂ ਚੀਕਣ ਲੱਗ ਪਈਆਂ।
ਮੌਕੇ ‘ਤੇ ਮੌਜੂਦ ਲੋਕਾਂ ਨੇ ਜ਼ਖਮੀ ਔਰਤਾਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ। ਸਾਰਿਆਂ ਨੂੰ ਐਂਬੂਲੈਂਸ ਰਾਹੀਂ ਖੰਨਾ ਸਰਕਾਰੀ ਹਸਪਤਾਲ ਲਿਜਾਇਆ ਗਿਆ। ਚਸ਼ਮਦੀਦਾਂ ਅਨੁਸਾਰ ਦੋਵੇਂ ਗੱਡੀਆਂ ਤੇਜ਼ ਰਫ਼ਤਾਰ ਨਾਲ ਚੱਲ ਰਹੀਆਂ ਸਨ। ਡਰਾਈਵਰ ਵਾਹਨਾਂ ‘ਤੇ ਕਾਬੂ ਨਹੀਂ ਰੱਖ ਸਕੇ।
ਸਰਪੰਚ ਗੁਰਮੀਤ ਸਿੰਘ ਨੇ ਕਿਹਾ ਕਿ ਹਾਦਸੇ ਦਾ ਕਾਰਨ ਵਾਹਨਾਂ ਦੀ ਤੇਜ਼ ਰਫ਼ਤਾਰ ਸੀ। ਬੱਸ ਡਰਾਈਵਰ ਦਾ ਕਹਿਣਾ ਹੈ ਕਿ ਟਿੱਪਰ ਅਚਾਨਕ ਟੱਕਰ ਮਾਰ ਗਿਆ। ਜ਼ਖਮੀ ਔਰਤਾਂ ਨੇ ਵੀ ਇਹੀ ਗੱਲ ਦੁਹਰਾਈ। ਰੋਡ ਸੇਫਟੀ ਫੋਰਸ ਦੇ ਸਬ-ਇੰਸਪੈਕਟਰ ਸੁਖਦੇਵ ਸਿੰਘ ਟੀਮ ਨਾਲ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖਮੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
