ਸ਼ਹਿਰੀ ਆਵਾਜਾਈ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਡੀ.ਸੀ. ਵੱਲੋਂ ਐਸ.ਐਸ.ਪੀ ਅਤੇ ਐਮ.ਸੀ. ਕਮਿਸ਼ਨਰ ਨਾਲ ਮੀਟਿੰਗ
ਬੇਸਹਾਰਾ ਪਸ਼ੂਆਂ ਦੇ ਮੁੱਦੇ ਨੂੰ ਵੀ ਜਲਦੀ ਹੱਲ ਕੀਤਾ ਜਾਵੇਗਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 24 ਜੁਲਾਈ: ਦੇਸ਼ ਕਲਿੱਕ ਬਿਓਰੋ
ਮੁਹਾਲੀ ਪ੍ਰਸ਼ਾਸਨ ਸ਼ਹਿਰ ਦੀਆਂ ਸੜਕਾਂ ‘ਤੇ ‘ਪੀਕ ਆਵਰਸ’ ਦੌਰਾਨ ਭਾਰੀ ਵਾਹਨਾਂ ਦੀ ਆਵਾਜਾਈ ‘ਤੇ ਪਾਬੰਦੀਆਂ ਲਗਾਉਣ ‘ਤੇ ਸਰਗਰਮੀ ਨਾਲ ਵਿਚਾਰ ਕਰ ਰਿਹਾ ਹੈ, ਜਿਸ ਵਿੱਚ ਏਅਰਪੋਰਟ ਰੋਡ ‘ਤੇ ਟ੍ਰੈਫਿਕ ਭੀੜ ਨੂੰ ਘਟਾਉਣ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਸ਼ਹਿਰ ਵਿੱਚ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਸੰਭਵ ਉਪਾਵਾਂ ਦੀ ਪੜਚੋਲ ਕਰਨ ਲਈ ਅੱਜ ਐਸ.ਐਸ.ਪੀ. ਹਰਮਨਦੀਪ ਸਿੰਘ ਹੰਸ ਅਤੇ ਐਮ.ਸੀ. ਕਮਿਸ਼ਨਰ ਪਰਮਿੰਦਰ ਪਾਲ ਸਿੰਘ ਨਾਲ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ, ਜਦੋਂ ਤੱਕ ਸਮਾਨਾਂਤਰ ਅਤੇ ਵਿਕਲਪਿਕ ਰਸਤੇ ਪੂਰੇ ਨਹੀਂ ਹੋ ਜਾਂਦੇ, ਉਦੋਂ ਤਕ ਆਰਜ਼ੀ ਉਪਾਵਾਂ ਵਜੋਂ ਸਵੇਰ ਅਤੇ ਸ਼ਾਮ ਦੇ ‘ਪੀਕ ਆਵਰਸ’ ਦੌਰਾਨ ਭਾਰੀ ਵਾਹਨਾਂ ਦੇ ਸ਼ਹਿਰ ਵਿੱਚ ਦਾਖਲੇ ਨੂੰ ਘੱਟ ਕਰ ਕਰਨ ਤੇ ਵਿਚਾਰ ਜਾਣਾ ਚਾਹੀਦਾ ਹੈ – ਮਿਸਾਲ ਦੇ ਤੌਰ ‘ਤੇ ਸਵੇਰੇ 8:00 ਵਜੇ ਤੋਂ ਸਵੇਰੇ 11:00 ਵਜੇ ਅਤੇ ਸ਼ਾਮ 5:00 ਵਜੇ ਤੋਂ ਸ਼ਾਮ 8:00 ਵਜੇ ਤੱਕ।
ਡੀ.ਸੀ. ਨੇ ਇਸ ਪ੍ਰਸਤਾਵ ਨੂੰ ਰਸਮੀ ਰੂਪ ਦੇਣ ਲਈ ਜ਼ਿਲ੍ਹਾ ਪੁਲਿਸ ਅਤੇ ਹੋਰ ਵਿਭਾਗਾਂ ਤੋਂ ਵਿਸਤ੍ਰਿਤ ਜਾਣਕਾਰੀ ਮੰਗੀ। ਉਨ੍ਹਾਂ ਅੱਗੇ ਕਿਹਾ ਕਿ ਨਗਰ ਨਿਗਮ, ਗਮਾਡਾ ਅਤੇ ਜ਼ਿਲ੍ਹਾ ਪੁਲਿਸ ਸਮੇਤ ਸਾਰੇ ਪ੍ਰਮੁੱਖ ਹਿੱਸੇਦਾਰਾਂ ਨੂੰ ਸ਼ਹਿਰ ਦੀਆਂ ਸੜਕਾਂ ‘ਤੇ ਭੀੜ-ਭੜੱਕਾ ਘਟਾਉਣ ਲਈ ਆਪਣੀਆਂ ਸਬੰਧਤ ਯੋਜਨਾਵਾਂ ਤੇ ਚੱਲ ਰਹੇ ਕੰਮ ਨੂੰ ਤੇਜ਼ ਕਰਨ ਦੀ ਬੇਨਤੀ ਕੀਤੀ ਗਈ ਹੈ।
ਐਸ ਐਸ ਪੀ ਹਰਮਨਦੀਪ ਸਿੰਘ ਹਾਂਸ ਨੇ ਏਅਰਪੋਰਟ ਰੋਡ ‘ਤੇ ਆਵਾਜਾਈ ਦੇ ਪ੍ਰਵਾਹ ਨੂੰ ਸੁਚਾਰੂ ਬਣਾਉਣ ਲਈ ਆਈ ਆਈ ਐਸ ਈ ਆਰ ਨੇੜੇ ਅਸਥਾਈ ਰੂਪ ਵਿੱਚ ਸੜਕ ਨੂੰ ਆਰਜ਼ੀ ਤੌਰ ਤੇ ਵੰਡਣ ਦਾ ਪ੍ਰਸਤਾਵ ਰੱਖਿਆ।
ਇੱਕ ਹੋਰ ਵੱਡੀ ਚਿੰਤਾ ਦਾ ਜ਼ਿਕਰ ਕਰਦੇ ਹੋਏ, ਕਮਿਸ਼ਨਰ ਪਰਮਿੰਦਰ ਪਾਲ ਸਿੰਘ ਨੇ ਸ਼ਹਿਰ ਦੀਆਂ ਸੜਕਾਂ ‘ਤੇ ਅਵਾਰਾ ਅਤੇ ਦੁਧਾਰੂ ਪਸ਼ੂਆਂ ਦੀ ਵੱਧ ਰਹੀ ਮੌਜੂਦਗੀ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਨਗਰ ਨਿਗਮ ਦੀਆਂ ਸੀਮਾਵਾਂ ਤੋਂ ਬਾਹਰ ਗਮਾਡਾ ਦੀ ਸਹਾਇਤਾ ਨਾਲ ਇੱਕ ਸਮਰਪਿਤ ਡੇਅਰੀ/ਪਸ਼ੂ ਪਾਲਣ ਕੰਪਲੈਕਸ ਸਥਾਪਤ ਕਰਨ ਦਾ ਸੁਝਾਅ ਦਿੱਤਾ। ਸਥਾਨਕ ਪਸ਼ੂ ਪਾਲਕਾਂ ਨੂੰ ਆਪਣੇ ਪਸ਼ੂਆਂ ਨੂੰ ਆਪਣੇ ਅਹਾਤੇ/ਘਰ ਵਿੱਚ ਹੀ ਰੱਖਣ ਲਈ ਉਤਸ਼ਾਹਿਤ ਕੀਤਾ ਜਾਵੇਗਾ, ਅਤੇ ਸੀਵਰੇਜ ਲਾਈਨਾਂ ਨੂੰ ਬਲਾਕ ਹੋਣ ਤੋਂ ਰੋਕਣ ਲਈ ਗਊ/ਮੱਝ ਦੇ ਗੋਬਰ ਦੇ ਸਹੀ ਨਿਪਟਾਰੇ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਵੇਗੀ।
ਕਮਿਸ਼ਨਰ ਨੇ ਡਿਪਟੀ ਕਮਿਸ਼ਨਰ ਦੀ ਬਲੌਂਗੀ ਖੇਤਰ ਤੋਂ ਕੂੜੇ ਨੂੰ ਐਮ ਸੀ ਡੰਪਿੰਗ ਸਾਈਟਾਂ ‘ਤੇ ਨਿਪਟਾਉਣ ਦੀ ਬੇਨਤੀ ਨਾਲ ਵੀ ਸਹਿਮਤੀ ਪ੍ਰਗਟਾਈ, ਜਿਸ ਨਾਲ ਪੁਰਾਣੀ ਬਲੌਂਗੀ ਬੈਰੀਅਰ ਰੋਡ ਤੋਂ ਮੋਹਾਲੀ ਰੋਡ ਤੱਕ ਦੇ ਹਿੱਸੇ ਦੀ ਸਫਾਈ ਅਤੇ ਸੁਹਜ ਵਿੱਚ ਸੁਧਾਰ ਹੋਵੇਗਾ।
ਮੀਟਿੰਗ ਵਿੱਚ ਏ ਡੀ ਸੀਜ਼ ਗੀਤਿਕਾ ਸਿੰਘ, ਅਨਮੋਲ ਸਿੰਘ ਧਾਲੀਵਾਲ ਅਤੇ ਸੋਨਮ ਚੌਧਰੀ, ਐਸ ਪੀ (ਟ੍ਰੈਫਿਕ) ਨਵਨੀਤ ਸਿੰਘ ਮਾਹਲ, ਡੀ ਐਸ ਪੀ (ਟ੍ਰੈਫਿਕ) ਕਰਨੈਲ ਸਿੰਘ, ਮਿਊਂਸੀਪਲ ਟਾਊਨ ਪਲੈਨਰ ਰਜਨੀਸ਼ ਵਧਵਾ, ਸਹਾਇਕ ਕਮਿਸ਼ਨਰ (ਐਮ ਸੀ ਮੋਹਾਲੀ) ਰੰਨਜੀਵ ਕੁਮਾਰ ਅਤੇ ਕਾਰਜਕਾਰੀ ਇੰਜੀਨੀਅਰ ਕਮਲਦੀਪ ਸਿੰਘ ਵੀ ਸ਼ਾਮਲ ਹੋਏ।