ਚਮਕੌਰ ਸਾਹਿਬ / ਮੋਰਿੰਡਾ 24 ਜੁਲਾਈ ਭਟੋਆ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਉਸ ਵੇਲੇ ਖੁਸ਼ੀ ਦੀ ਲਹਿਰ ਦੌੜ ਗਈ ਜਦੋ ਕਾਲਜ ਦੇ ਸਾਬਕਾ ਵਿਦਿਆਰਥੀ ਅਤੇ ਏ.ਆਈ.ਜੀ. ਵਿਜੀਲੈਂਸ ਪੰਜਾਬ, ਸ੍ਰੀ ਦਲਜੀਤ ਸਿੰਘ ਰਾਣਾ ਵੱਲੋਂ ਅੰਤਰਰਾਸ਼ਟਰੀ ਪੁਲੀਸ ਗੇਮਜ਼ ਐਲਬਾਮਾ ( USA ) ਵਿਖੇ ਜੈਵਲਿਨ ਥ੍ਰੋਅ ਵਿੱਚ ਸੋਨ ਤਗਮਾ ਹਾਸਲ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਸ.ਦਲਜੀਤ ਸਿੰਘ ਰਾਣਾ ਨੇ ਬੇਲਾ ਕਾਲਜ ਦੇ ਵਿਦਿਆਰਥੀ ਵਜੋਂ ਜਨਵਰੀ 1990 ਵਿੱਚ ਆਲ ਇੰਡੀਆ ਅੰਤਰ-ਯੂਨੀਵਰਸਿਟੀ ਖੇਡਾਂ ਵਿੱਚ ਜੈਵਲਿਨ ਥ੍ਰੋਅ ਵਿੱਚ ਗੋਲਡ ਮੈਡਲ ਹਾਸਲ ਕੀਤਾ ਸੀ।ਅੰਤਰ- ਰਾਸ਼ਟਰੀ ਪੁਲੀਸ ਗੇਮਜ਼ ਵਿੱਚ ਦਲਜੀਤ ਸਿੰਘ ਰਾਣਾ ਨੇ ਆਪਣੇ ਹੀ ਸਾਲ 2005 ਦੇ ਰਿਕਾਰਡ ਨੂੰ ਮਾਤ ਪਾਉਂਦਿਆਂ ਇਹ ਤਮਗਾ ਆਪਣੇ ਨਾਮ ਕੀਤਾ ਹੈ। ਡਾ ਮਮਤਾ ਅਰੋੜਾ ਨੇ ਦੱਸਿਆ ਕਿ ਕਾਲਜ ਕਮੇਟੀ ਦੇ ਪ੍ਰਧਾਨ ਸੰਗਤ ਸਿੰਘ ਲੌਂਗੀਆਂ ਨੇ ਸ੍ਰੀ ਰਾਣਾ ਨੂੰ ਇਸ ਉਪਲੱਬਧੀ ਲਈ ਮੁਬਾਰਕਬਾਦ ਦਿੱਤੀ। ਉਨ੍ਹਾਂ ਆਸ ਜਤਾਈ ਕਿ ਇਹ ਰਿਕਾਰਡ ਅਤੇ ਜਿੱਤ ਨੌਜਵਾਨਾਂ ਨੂੰ ਨਵੀ ਸੇਧ ਦੇਵੇਗੀ। ਕਮੇਟੀ ਦੇ ਸਕੱਤਰ ਜਗਵਿੰਦਰ ਸਿਘ ਪੰਮੀ ਅਤੇ ਮੈਨੇਜਰ ਸੁਖਵਿੰਦਰ ਸਿੰਘ ਵਿਸਕੀ ਨੇ ਕਿਹਾ ਕਿ ਕਾਲਜ ਨੇ ਸਦਾ ਹੀ ਆਪਣੇ ਵਿਦਿਆਰਥੀਆਂ ਨੂੰ ਅਗਾਂਹ ਵਧੂ ਸੋਚ ਅਤੇ ਦ੍ਰਿੜਤਾ ਨਾਲ ਅਣਥੱਕ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਹੈ, ਅਤੇ ਸ੍ਰੀ ਰਾਣਾ ਨੇ ਇਸ ਨੂੰ ਸੱਚ ਦਾ ਜਾਮਾ ਪਹਿਨਾਇਆ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀਆਂ ਉਪਲੱਬਧੀਆਂ ਉੱਤੇ ਸੰਸਥਾਵਾਂ ਸਦਾ ਹੀ ਮਾਣ ਕਰਦੀਆਂ ਹਨ ਅਤੇ ਸ੍ਰੀ ਰਾਣਾ ਦੀ ਇਸ ਪ੍ਰਾਪਤੀ ਨਾਲ
ਬੇਲਾ ਕਾਲਜ ਦਾ ਸਿਰ ਅੱਜ ਫ਼ਖਰ ਨਾਲ ਉੱਚਾ ਹੋਇਆ ਹੈ।