ਮਰੀਜ਼ਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਮੁਹੱਈਆ ਕਰਾਉਣ ਲਈ ਸਖਤ ਹਿਦਾਇਤਾਂ ਜਾਰੀ
ਹਰ ਇੱਕ ਡਾਕਟਰ ਓਪੀਡੀ ਸਮੇਂ ਅਨੁਸਾਰ ਆਪਣੀ ਹਾਜ਼ਰੀ ਯਕੀਨੀ ਬਣਾਏ
ਬਾਹਰ ਦੀ ਦਵਾਈ ਲਿਖਣ ਵਾਲੇ ਡਾਕਟਰਾਂ ਖਿਲਾਫ ਸਖਤ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ
ਮੋਰਿੰਡਾ , 25 ਜੁਲਾਈ ਭਟੋਆ
ਜਿਲਾ ਰੂਪਨਗਰ ਦੀ ਸਿਵਲ ਸਰਜਨ ਡਾ. ਬਲਵਿੰਦਰ ਕੌਰ ਵੱਲੋਂ ਅੱਜ ਸਿਵਿਲ ਹਸਪਤਾਲ ਮੋਰਿੰਡਾ (Morinda Hospital) ਦੀ ਅਚਨਚੇਤ ਚੈਕਿੰਗ (surprise check) ਕੀਤੀ ਗਈ ਅਤੇ ਹਸਪਤਾਲ ਦੇ ਐਸਐਮਓ ਸ੍ਰੀ ਪਰਮਿੰਦਰਜੀਤ ਸਿੰਘ ਨੂੰ ਮਰੀਜ਼ਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਮੁਹੱਈਆ ਕਰਾਉਣ ਸਬੰਧੀ ਵੱਖ-ਵੱਖ ਮੁੱਦਿਆਂ ‘ਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਆਪਣੇ ਨਿਰੀਖਣ ਦੌਰਾਨ ਉਹਨਾਂ ਵੱਲੋਂ ਜਿੱਥੇ ਹਸਪਤਾਲ ਵਿੱਚ ਇਲਾਜ ਲਈ ਆਏ ਤੇ ਦਾਖਲ ਮਰੀਜ਼ਾਂ ਨਾਲ ਗੱਲਬਾਤ ਕਰਕੇ ਉਹਨਾਂ ਦਾ ਹਾਲ ਚਾਲ ਜਾਣਿਆ , ਉੱਥੇ ਹੀ ਮਰੀਜ਼ਾਂ ਤੋਂ ਹਸਪਤਾਲ ਵਿੱਚੋਂ ਮਿਲਦੀਆਂ ਦਵਾਈਆਂ ਅਤੇ ਹੋਰ ਸਹੂਲਤਾਂ ਬਾਰੇ ਵੀ ਪੁੱਛਗਿੱਛ ਕੀਤੀ ਗਈ।
ਇਸ ਮੌਕੈ ਤੇ ਸਿਵਲ ਸਰਜਨ ਡਾਕਟਰ ਬਲਵਿੰਦਰ ਕੌਰ ਨੇ ਐਸਐਮਓ ਨੂੰ ਇਹ ਵੀ ਨਿਸ਼ਚਿਤ ਕਰਨ ਲਈ ਕਿਹਾ ਕਿ Morinda Hospital ਦੇ ਕਿਸੇ ਵੀ ਡਾਕਟਰ ਵੱਲੋ ਕਿਸੇ ਵੀ ਹਾਲਾਤ ਵਿੱਚ ਮਰੀਜਾਂ ਨੂੰ ਬਾਹਰ ਤੋਂ ਦਵਾਈਆਂ ਨਾ ਲਿਖੀਆਂ ਜਾਣ ਅਤੇ ਅਜਿਹਾ ਕਰਨ ਵਾਲੇ ਡਾਕਟਰਾਂ ਖਿਲਾਫ ਸਖਤ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਦਵਾਈਆਂ ਹਸਪਤਾਲ ਦੇ ਅੰਦਰੋਂ ਹੀ ਉਪਲਬਧ ਕਰਵਾਈਆ ਜਾਣ। ਇਸ surprise check ਦੌਰਾਨ ਉਨਾ ਨੇ ਹਸਪਤਾਲ ਵਿਚ .ਓਪੀਡੀ. ਰਜਿਸਟਰੇਸ਼ਨ ਕਾਊਂਟਰ, ਜੱਚਾ ਬੱਚਾ ਵਾਰਡ, ਡਿਸਪੈਂਸਰੀ, ਈਸੀਜੀ ਰੂਮ, ਓਟ ਸੈੰਟਰ, ਲੈਬੋਰੇਟਰੀ, ਐਮਰਜੈਂਸੀ ਵਾਰਡ ਅਤੇ ਬਾਥਰੂਮ ਆਦਿ ਚੈਕ ਕੀਤੇ ਗਏ ਅਤੇ ਮੁਫਤ ਦਵਾਈਆਂ ਦੀ ਡਿਸਪੈਂਸਰੀ ਵਿਖੇ ਸਟਾਫ ਦੀ ਹਾਜਰੀ ਦੀ ਵੀ ਜਾਂਚ ਕੀਤੀ ਗਈ।ਉਨ੍ਹਾਂ ਵੱਲੋਂ ਸਖਤ ਤਾੜਨਾ ਕੀਤੀ ਗਈ ਕਿ ਡਿਊਟੀ ਦੇ ਸਬੰਧ ਵਿੱਚ ਕਿਸੇ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾ ਵੱਖ-ਵੱਖ ਵਾਰਡਾਂ ਵਿੱਚ ਦਾਖਲ ਮਰੀਜਾਂ ਨਾਲ ਗੱਲਬਾਤ ਕਰਦਿਆ ਐਸਐਮਓ ਨੂੰ ਜੱਚਾ ਬੱਚਾ ਵਾਰਡ ਤੇ ਇਕੱਲਤਾ ਵਾਲੇ ਵਾਰਡ ਵਿੱਚ ਮਰੀਜਾਂ ਨੂੰ ਡਾਇਟ ਦੇਣ, ਲੋੜੀਂਦੇ ਪੋਸਟਰ ਲਗਾਉਣ ਅਤੇ ਹਸਪਤਾਲ ਦੇ ਪੂਰੇ ਆਹਾਤੇ ਦੀ 24 ਘੰਟਿਆ ਵਿੱਚ ਸਫਾਈ ਕਰਾਉਣ ਦੇ ਆਦੇਸ਼ ਦਿੱਤੇ ।ਇਸ ਮੌਕੇ ਉਨ੍ਹਾਂ ਵਲੋਂ ਸਟਾਫ ਨੂੰ ਡਿਊਟੀ ਰੋਸਟਰ ਮੁਤਾਬਿਕ ਕਰਨ ਅਤੇ ਹਸਪਤਾਲ ਦੇ ਵਿੱਚ ਸਾਫ ਸਫਾਈ ਰੱਖਣ ਦੀ ਹਦਾਇਤ ਕੀਤੀ ਗਈ। ਇਸ ਦੇ ਨਾਲ ਹੀ ਉਨਾ ਐਸਐਮਓ ਨੂੰ ਲੋਕਾਂ ਨੂੰ ਹੋਰ ਬੇਹਤਰ ਇਲਾਜ਼ ਮੁਹਈਆ ਕਰਵਾਉਣ ਲਈ ਮੈਡੀਸਿਨ ਦੇ ਡਾਕਟਰ ਨਾਲ ਇਕ ਮੈਡੀਕਲ ਅਫ਼ਸਰ ਅਤੇ ਨਰਸਿੰਗ ਸਟੂਡੈਂਟਸ ਨੂੰ ਵੀ ਲਗਾਉਣ ਲਈ ਵੀ ਕਿਹਾ । ਉਨ੍ਹਾਂ ਕਿਹਾ ਕਿ ਆਯੁਸ਼ਮਾਨ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਵੱਧ ਤੋਂ ਵੱਧ ਕੇਸ ਬੁਕ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਇਲਾਜ ਲਈ ਪ੍ਰਾਈਵੇਟ ਸਿਹਤ ਸੰਸਥਾਵਾਂ ਵਿਖੇ ਨਾ ਜਾਣਾ ਪਵੇ। ਉਨਾ ਹਰੇਕ ਡਾਕਟਰ ਨੂੰ ਓਪੀਡੀ ਸਮੇਂ ਅਨੁਸਾਰ ਆਪਣੀ ਹਾਜ਼ਰੀ ਅਤੇ ਮੈਡੀਕੋ-ਲੀਗਲ ਕੇਸਾਂ ਵਿੱਚ ਰਿਪੋਰਟਾਂ ਸਮੇਂ ਸਿਰ ਦੇਣੀਆਂ ਯਕੀਨੀ ਬਣਾਉਣ ਲਈ ਵੀ ਹਦਾਇਤ ਕੀਤੀ । ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਸਾਫ ਸਫਾਈ, ਸਟਾਫ ਦੀਆ ਡਿਊਟੀਆਂ, ਦਵਾਈਆਂ ਦੀ ਉਪਲਬਧਤਾ ਆਦਿ ਲਈ ਸੀਨੀਅਰ ਮੈਡੀਕਲ ਅਫਸਰ ਜਿੰਮੇਵਾਰ ਹੋਵੇਗਾ।
ਸਿਵਲ ਸਰਜਨ ਨੇ ਐਸਐਮਓ ਨੂੰ ਆਸ਼ਾ ਵਰਕਰਾਂ ਦੀ ਮਹੀਨਾਵਰ ਮੀਟਿੰਗ ਵਿੱਚ ਉਹਨਾਂ ਨੂੰ ਆਯੁਸ਼ਮਾਨ ਅਰੋਗਿਆ ਕੇਂਦਰਾਂ ਵਿਖੇ ਦਿੱਤੀਆਂ ਜਾ ਰਹੀਆਂ ਨਵੀਆਂ ਸਿਹਤ ਸਹੂਲਤਾਂ ਬਾਰੇ ਜਾਗਰੂਕ ਕਰਨ ਲਈ ਕਿਹਾ , ਤਾਂ ਜੋ ਵੱਧ ਤੋਂ ਵੱਧ ਲੋਕ ਇਹਨਾਂ ਸੇਵਾਵਾਂ ਦਾ ਫਾਇਦਾ ਉਠਾ ਸਕਣ। ਇਸ ਤੋਂ ਇਲਾਵਾ ਆਯੁਸ਼ਮਾਨ ਆਰੋਗਿਆ ਕੇਂਦਰਾਂ ਵਿੱਚ ਨਵੀਆਂ ਸਿਹਤ ਸਹੂਲਤਾਂ ਬਾਰੇ ਬੋਰਡ ਡਿਸਪਲੇ ਕੀਤੇ ਜਾਣ।
ਇਸ ਮੌਕੇ ਤੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸਿਵਲ ਸਰਜਨ ਨੇ ਦੱਸਿਆ ਕਿ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੀ ਰਹਿਨੁਮਾਈ ਹੇਠ ਸਿਹਤ ਵਿਭਾਗ ਵੱਲੋ ਸ਼ੁਰੂ ਕੀਤੀ ਡੇਂਗੂ ਵਿਰੁੱਧ ਜੰਗ ਮੁਹਿੰਮ ਤਹਿਤ ਹਰ ਸ਼ੁਕਰਵਾਰ ਨੂੰ ਸਵੇਰੇ 2 ਘੰਟਿਆ ਲਈ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋ ਹਸਪਤਾਲ, ਕਮਿਉਨਿਟੀ ਸੈੰਟਰ, ਸਕੂਲ,ਧਾਰਮਿਕ ਸਥਾਨ ਤੇ ਹੋਰ ਜਨਤਕ ਥਾਵਾਂ ਤੇ ਫੀਲਡ ਵਿੱਚ ਜਾ ਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਸਹਿਯੋਗ ਨਾਲ ਜਿੱਥੇ ਲੋਕਾਂ ਨੂੰ ਡੇਂਗੂ ਸਬੰਧੀ ਜਾਗਰੂਕ ਜਾਗਰੂਕ ਕੀਤਾ ਜਾ ਰਿਹਾ ਹੈ ਉਥੇ ਹੀ ਡੇਂਗੂ ਤੋਂ ਬਚਾਅ ਲਈ ਖਾਲੀ ਥਾਵਾਂ, ਕੂਲਰ , ਫ੍ਰਿਜ ,ਗਮਲਿਆਂ ਤੇ ਪੁਰਾਣੇ ਟਾਇਰਾਂ ਵਿੱਚ ਲੰਮੇ ਸਮੇਂ ਲਈ ਪਾਣੀ ਜਮਾ ਨਾ ਹੋਣ ਸਬੰਧੀ ਵੀ ਪ੍ਰੇਰਤ ਕੀਤਾ ਜਾਂਦਾ ਹੈ । ਉਹਨਾਂ ਨੇ ਦੱਸਿਆ ਕਿ ਇਸ ਮੁਹਿੰਮ ਦੇ ਨਤੀਜੇ ਵਜੋਂ ਰੋਪੜ ਜਿਲੇ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਪਿਛਲੇ ਸਾਲਾਂ ਨਾਲੋਂ ਘੱਟ ਹੈ। ਸਿਵਲ ਹਸਪਤਾਲ ਮੋਰਿੰਡਾ ਵਿੱਚ ਗਾਇਨੀਕੋਲੋਜਿਸਟ ਡਾਕਟਰ ਦੀ ਅਸਾਮੀ ਲੰਬੇ ਸਮੇਂ ਤੋਂ ਖਾਲੀ ਹੋਣ ਸਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਡਾਕਟਰ ਬਲਵਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਦੇ ਹਸਪਤਾਲਾਂ ਵਿੱਚੋਂ ਡਾਕਟਰਾਂ ਦੀ ਕਮੀ ਨੂੰ ਦੂਰ ਕਰਨ ਲਈ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ 1000 ਡਾਕਟਰਾਂ ਦੀ ਨਵੀਂ ਭਰਤੀ ਕੀਤੀ ਜਾ ਰਹੀ ਹੈ, ਜਿਹੜੀ ਮੁਕੰਮਲ ਹੋਣ ਕਿਨਾਰੇ ਪਹੁੰਚ ਚੁੱਕੀ ਹੈ ਅਤੇ ਜਲਦੀ ਹੀ ਹਸਪਤਾਲਾਂ ਵਿੱਚ ਮੈਡੀਕਲ ਡਾਕਟਰਾਂ ਅਤੇ ਸਪੈਸ਼ਲਿਸਟ ਡਾਕਟਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਪੁਰ ਹੋ ਜਾਣਗੀਆਂ। ਹਸਪਤਾਲ ਦੀ ਲੰਮੇ ਸਮੇਂ ਤੋਂ ਟੁੱਟੀ ਪਈ ਚਾਰਦੀਵਰੀ ਸਬੰਧੀ ਸਿਵਲ ਸਰਜਨ ਨੇ ਦੱਸਿਆ ਕਿ ਇਸ ਸਬੰਧੀ ਹਸਪਤਾਲ ਵਿੱਚ ਇੱਟਾਂ ਅਤੇ ਹੋਰ ਸਮਾਨ ਪਹੁੰਚਣ ਉਪਰੰਤ ਚਾਰ ਦਵਾਰੀ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਿਆ ਹੈ, ਜਿਸ ਨੂੰ ਜਲਦੀ ਮੁਕੰਮਲ ਕਰ ਲਿਆ ਜਾਵੇਗਾ।
ਇਸ ਮੌਕੇ ਤੇ ਹੋਰਨਾਂ ਤੋਂ ਬਿਨਾਂ ਅਸਿਸਟੈਂਟ ਸਿਵਿਲ ਸਰਜਨ ਡਾਕਟਰ ਬੋਬੀ ਗੁਲਾਟੀ, ਡਾਕਟਰ ਨੀਤੀਕਾ ਗੋਇਲ, ਫਾਰਮਾਸਿਸਟ ਸੰਜੀਵ ਸ਼ਰਮਾ, ਨਰਸਿੰਗ ਸਿਸਟਰ ਪਰਮਜੀਤ ਕੌਰ, ਕੁਲਵਿੰਦਰ ਸਿੰਘ ਮਲਟੀਪਰਪਜ਼ ਹੈਲਥ ਵਰਕਰ, ਰਾਗਵ ਸਿੰਗਲਾ ਅਤੇ ਹਰਦੀਪ ਸਿੰਘ ਆਦਿ ਵੀ ਹਾਜ਼ਰ ਸਨ।