ਕਪੂਰਥਲਾ, 25 ਜੁਲਾਈ, ਦੇਸ਼ ਕਲਿਕ ਬਿਊਰੋ :
ਪਿੰਡ ਖਿਰਾਂਵਾਲੀ ਨੇੜੇ ਕਾਰ ਸਵਾਰ ਨਸ਼ਾ ਤਸਕਰਾਂ ਅਤੇ ਪੁਲਿਸ ਵਿਚਕਾਰ ਗੋਲੀਬਾਰੀ ਹੋਣ ਦੀ ਖ਼ਬਰ ਹੈ। ਜਿਸ ਵਿੱਚ ਇੱਕ ਤਸਕਰ ਗੰਭੀਰ ਜ਼ਖਮੀ ਹੋ ਗਿਆ। ਹਾਲਾਂਕਿ, ਤਸਕਰਾਂ ਵੱਲੋਂ ਕੀਤੀ ਗਈ ਗੋਲੀਬਾਰੀ ਤੋਂ ਪੁਲਿਸ ਕਰਮਚਾਰੀ ਵਾਲ-ਵਾਲ ਬਚ ਗਏ। ਪੁਲਿਸ ਟੀਮ ਨੇ ਕਾਰ ਵਿੱਚ ਸਵਾਰ ਦੋਵੇਂ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਵੀਰਵਾਰ ਸ਼ਾਮ ਨੂੰ ਕਪੂਰਥਲਾ ਦੇ ਪਿੰਡ ਖਿਰਾਂਵਾਲੀ ਨੇੜੇ ਅੰਮ੍ਰਿਤਸਰ ਤੋਂ ਦੋ ਤਸਕਰ ਇੱਕ ਸਵਿਫਟ ਕਾਰ ਵਿੱਚ ਨਸ਼ਾ ਸਪਲਾਈ ਕਰਨ ਲਈ ਆਏ ਸਨ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਇਲਾਕੇ ਵਿੱਚ ਨਾਕਾਬੰਦੀ ਕੀਤੀ ਹੋਈ ਸੀ, ਜਦੋਂ ਇੱਕ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਕਾਰ ਵਿੱਚ ਸਵਾਰ ਤਸਕਰਾਂ ਨੇ ਪੁਲਿਸ ‘ਤੇ ਗੋਲੀਬਾਰੀ ਕਰ ਦਿੱਤੀ। ਪੁਲਿਸ ਟੀਮ ਨੇ ਜਵਾਬੀ ਕਾਰਵਾਈ ਕਰਦਿਆਂ ਦੋਵਾਂ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਇਸ ਦੀ ਪੁਸ਼ਟੀ ਕਰਦਿਆਂ ਐਸਐਸਪੀ ਕਪੂਰਥਲਾ ਗੌਰਵ ਤੂਰਾ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਤਸਕਰਾਂ ਤੋਂ ਇੱਕ ਪਿਸਤੌਲ, ਮੈਗਜ਼ੀਨ ਅਤੇ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਕਾਰ ਵੀ ਜ਼ਬਤ ਕਰ ਲਈ ਹੈ। ਫੱਤੂਢੀਂਗਾ ਥਾਣੇ ਵਿੱਚ ਦੋਵਾਂ ਮੁਲਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਤਸਕਰ ਗੋਲੀਬਾਰੀ ਵਿੱਚ ਨਹੀਂ ਸਗੋਂ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਜ਼ਖਮੀ ਹੋਇਆ ਹੈ। ਤਸਕਰਾਂ ਦੀ ਗੋਲੀਬਾਰੀ ਤੋਂ ਇੱਕ ਪੁਲਿਸ ਮੁਲਾਜ਼ਮ ਵਾਲ-ਵਾਲ ਬਚ ਗਿਆ। ਗ੍ਰਿਫ਼ਤਾਰ ਕੀਤੇ ਗਏ ਇੱਕ ਮੁਲਜ਼ਮ ਖ਼ਿਲਾਫ਼ 14 ਤੋਂ ਵੱਧ ਮਾਮਲੇ ਦਰਜ ਹਨ।
