ਵੱਡੀ ਗਿਣਤੀ ਵਿੱਚ ਕਿਸਾਨ ਅਤੇ ਮਜ਼ਦੂਰ ਕਰਨਗੇ ਸ਼ਿਰਕਤ
ਮੁਹਾਲੀ,26 ਜੁਲਾਈ: ਦੇਸ਼ ਕਲਿੱਕ ਬਿਓਰੋ
ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੀਂ ਲੈਂਡ ਪੂਲਿੰਗ ਨੀਤੀ ਦੇ ਵਿਰੁੱਧ 28 ਜੁਲਾਈ ਨੂੰ ਮੁਹਾਲੀ ਦੇ ਗਮਾਡਾ ਦਫ਼ਤਰ ਸਾਹਮਣੇ ਦਿੱਤੇ ਜਾਣ ਵਾਲੇ ਧਰਨੇ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ। ਇਹ ਦਾਅਵਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਮੁਹਾਲੀ ਹਲਕੇ ਦੇ ਇੰਚਾਰਜ ਜਥੇਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਅੱਜ ਇਸ ਖੇਤਰ ਦੇ ਪਿੰਡ ਦੁਰਾਲੀ,ਬਠਲਾਣਾ, ਨਗਾਰੀ, ਮੋਟੇਮਾਜਰਾ, ਤੰਗੌਰੀ, ਬਾਕਰਪੁਰ, ਦੈੜੀ, ਬੜੀ ਅਤੇ ਮਨੌਲੀ ਪਿੰਡਾਂ ਵਿੱਚ ਧਰਨੇ ਦੀ ਲਾਮਬੰਦੀ ਲਈ ਰੱਖੀਆਂ ਮੀਟਿੰਗਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਜਥੇਦਾਰ ਸੋਹਾਣਾ ਨੇ ਕਿਹਾ ਕਿ ਧਰਨੇ ਵਿੱਚ ਕਿਸਾਨ ਅਤੇ ਮਜ਼ਦੂਰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ। ਉਨ੍ਹਾਂ ਕਿਹਾ ਕਿ ਧਰਨੇ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ਲੀਡਰਸ਼ਿਪ ਸੰਬੋਧਨ ਕਰੇਗੀ। ਇਸ ਤੋਂ ਪਹਿਲਾਂ ਇਕੱਠਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਸੁਹਾਣਾ ਨੇ ਕਿਹਾ ਕਿ ਨਵੀਂ ਲੈਂਡ ਪੂਲਿੰਗ ਨੀਤੀ ਕਿਸੇ ਵੀ ਪੱਖ ਤੋਂ ਕਿਸਾਨਾਂ ਮਜ਼ਦੂਰਾਂ ਅਤੇ ਪੰਜਾਬ ਦੇ ਹੱਕ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ 65 ਹਜ਼ਾਰ ਏਕੜ ਤੋਂ ਵੱਧ ਰਕਬੇ ਨੂੰ ਬਿਨਾਂ ਕਿਸੇ ਲੋੜ ਤੋਂ ਖੇਤੀਬਾੜੀ ਥੱਲਿਓਂ ਕੱਢਣਾ ਬੇਹਦ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿਰਫ ਲੈਂਡ ਬੈਂਕ ਇਕੱਠਾ ਕਰਨਾ ਚਾਹੁੰਦੀ ਹੈ ਤਾਂ ਕਿ ਉਹ ਵੱਡਾ ਕਰਜ਼ਾ ਹਾਸਿਲ ਕਰ ਸਕੇ। ਉਨ੍ਹਾਂ ਕਿਹਾ ਕਿ ਇਹ ਲੈਂਡ ਪੂਲਿੰਗ ਨੀਤੀ ਸਿਰਫ਼ ਅਤੇ ਸਿਰਫ਼ ਕਾਰਪੋਰੇਟਾਂ ਅਤੇ ਵੱਡੀਆਂ ਕੰਪਨੀਆਂ ਲਈ ਬਣਾਈ ਗਈ ਹੈ, ਜਿਨ੍ਹਾਂ ਨੂੰ ਨਵੀਂ ਨੀਤੀ ਤਹਿਤ 50 ਏਕੜ ਪਿੱਛੇ 30 ਏਕੜ ਜ਼ਮੀਨ ਖੁਦ ਡਿਵੈਲਪ ਕਰਕੇ ਦਿੱਤੀ ਜਾਣੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਕੋਲ ਪਹਿਲਾਂ ਹੀ ਬਹੁਤ ਘੱਟ ਜ਼ਮੀਨਾਂ ਹਨ ਤੇ ਉਨ੍ਹਾਂ ਦੀਆਂ ਜ਼ਮੀਨਾਂ ਐਕੁਵਾਇਰ ਕਰਨ ਨਾਲ ਕਿਸਾਨ ਅਤੇ ਮਜ਼ਦੂਰਾਂ ਦੇ ਹੱਥੋਂ ਉਨ੍ਹਾਂ ਦਾ ਕਿੱਤਾ ਛੁੱਟ ਜਾਵੇਗਾ। ਪਰਵਿੰਦਰ ਸੁਹਾਣਾ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਭਰਮਾਉਣ ਲਈ ਤਰ੍ਹਾਂ ਤਰ੍ਹਾਂ ਦੇ ਵਾਅਦੇ ਕਰ ਰਹੀ ਹੈ ਪਰ ਹਕੀਕਤ ਇਸ ਤੋਂ ਉਲਟ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਜ਼ਮੀਨ ਨਾ ਲਏ ਜਾਣ ਦੀਆਂ ਮੁੱਖ ਮੰਤਰੀ ਗੱਲਾਂ ਕਰਦੇ ਹਨ ਪਰ ਦੂਜੇ ਪਾਸੇ ਜ਼ਮੀਨਾਂ ਦੇ ਨੰਬਰਾਂ ਦੀਆਂ ਰਜਿਸਟਰੀਆਂ ਨਹੀਂ ਹੋ ਰਹੀਆਂ, ਜਿਸ ਕਾਰਨ ਕਿਸਾਨ ਪਰੇਸ਼ਾਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਤਨਖਾਹ ਦੇਣ ਲਈ ਤਾਂ ਪੈਸੇ ਨਹੀਂ ਹਨ ਤੇ 65 ਹਜ਼ਾਰ ਏਕੜ ਜ਼ਮੀਨ ਦੇ ਮਾਲਕ ਕਿਸਾਨਾਂ ਨੂੰ 50 ਹਜ਼ਾਰ ਅਤੇ ਇੱਕ ਲੱਖ ਰੁਪਈਆ ਪ੍ਰਤੀ ਏਕੜ ਸਲਾਨਾ ਕਿੱਥੋਂ ਦੇ ਦੇਣਗੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੇ ਜਾਲ ਵਿੱਚ ਨਾ ਫ਼ਸਣ ਅਤੇ ਕਿਸੇ ਵੀ ਕੀਮਤ ਤੇ ਆਪਣੀਆਂ ਜ਼ਮੀਨਾਂ ਦੀ ਸਹਿਮਤੀ ਸਰਕਾਰ ਨੂੰ ਨਾ ਦੇਣ। ਸ੍ਰੀ ਸੁਹਾਣਾ ਨੇ ਕਿਹਾ ਕਿ ਅਕਾਲੀ ਦਲ ਕਿਸੇ ਵੀ ਕੀਮਤ ਤੇ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਧੱਕੇ ਨਾਲ ਸਰਕਾਰ ਨੂੰ ਨਹੀਂ ਖੋਹਣ ਦੇਵੇਗਾ ਅਤੇ ਇਸ ਲਈ ਮੂਹਰੇ ਹੋ ਕੇ ਸੰਘਰਸ਼ ਕਰੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ 28 ਜੁਲਾਈ ਦੇ ਧਰਨੇ ਵਿੱਚ ਹੁੰਮ ਹੁੰਮਾ ਪਹੁੰਚਣ ਤਾਂ ਕਿ ਸਰਕਾਰ ਦੀਆਂ ਅੱਖਾਂ ਖੁੱਲ ਜਾਣ ਕਿ ਸਮੁੱਚੇ ਵਰਗ, ਸਮੁੱਚੇ ਕਿਸਾਨ, ਸਮੁੱਚੇ ਪੰਜਾਬੀ, ਸਮੁੱਚੇ ਮਜ਼ਦੂਰ ਲੈਂਡ ਪੂਲਿੰਗ ਨੀਤੀ ਤੋਂ ਨਾਰਾਜ਼ ਹਨ ਅਤੇ ਉਹ ਇਸ ਦੇ ਵਿਰੋਧ ਵਿੱਚ ਉੱਠ ਖੜੇ ਹੋਏ ਹਨ। ਇਕੱਠਾਂ ਦੌਰਾਨ ਪਿੰਡਾਂ ਦੇ ਵਸਨੀਕਾਂ ਨੇ ਪਰਵਿੰਦਰ ਸਿੰਘ ਸੋਹਾਣਾ ਦਾ ਸਨਮਾਨ ਵੀ ਕੀਤਾ