ਮੋਹਾਲੀ, 25 ਜੁਲਾਈ : ਦੇਸ਼ ਕਲਿੱਕ ਬਿਓਰੋ
ਮੋਹਾਲੀ ਦੇ ਖਰੜ ਸ਼ਹਿਰ ਵਿਚ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਇਕ ਘਟਨਾ ਸਾਹਮਣੇ ਆਈ ਹੈ, ਜਿਸ ਵਿਚ 78 ਸਾਲਾ ਬਿਰਧ ਮਾਂ, ਜੋ ਕਿ ਕਰੋੜਾਂ ਦੀ ਮਾਲਕ ਹੈ, ਨੇ ਆਪਣੇ ਇਕਲੌਤੇ ਪੁੱਤ ਉਤੇ ਬੜੇ ਸੰਗੀਨ ਇਲਜ਼ਾਮ ਲਗਾਏ ਹਨ। ਕਿ ਜਾਇਦਾਦ ਹਥਿਆਉਣ ਪਿੱਛੇ ਸਕੇ ਪੁੱਤ ਵੱਲੋਂ ਉਸ ਨੂੰ ਘਨੂੰ ਘਰੋਂ ਬਾਹਰ ਕੱਢ ਦਿੱਤਾ, ਜਿਸ ਕਾਰਨ ਮਾਂ ਹੁਣ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ। ਮਾਂ ਵੱਲੋਂ ਇਨਸਾਫ ਲਈ ਸਰਕਾਰੇ-ਦਰਬਾਰੇ ਪਹੁੰਚ ਕਰਨ ਦੇ ਬਾਵਜੂਦ ਵੀ ਕੋਈ ਉਸਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ।
ਅੱਜ ਇਥੇ ਮੋਹਾਲੀ ਪ੍ਰੈਸ ਕਲੱਬ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਆਪਣੀ ਹੱਡਬੀਤੀ ਸੁਣਾਉਂਦਿਆਂ ਪੀੜ੍ਹਤ ਮਹਿਲਾ ਸ੍ਰੀਮਤੀ ਪਰਮਜੀਤ ਕੌਰ ਗਰੇਵਾਲ ਪਤਨੀ ਸਾਬਕਾ ਸੀਨੀਅਰ ਅਫਸਰ ਸਵ: ਚਰਨਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਅਸੀਂ ਆਪਣੇ ਪੁੱਤਰ ਨੂੰ ਪੜ੍ਹਾ ਲਿਖਾ ਕੇ ਇੰਜੀਨੀਅਰ ਬਣਾਇਆ ਅਤੇ ਆਪਣੀ ਕਰੋੜਾਂ ਰੁਪਿਆਂ ਦੀ ਜਾਇਦਾਦ ਵੇਚ ਕੇ ਖਰੜ ਵਿਚ ਹੀ ਉਸ ਨੂੰ ਇਕ ਨਿੱਜੀ ਸਕੂਲ ਖੋਲ੍ਹ ਕੇ ਪੈਰਾਂ ਉਤੇ ਖੜ੍ਹਾ ਕੀਤਾ।
ਉਨਾਂ ਦੱਸਿਆ ਕਿ ਮੈਂ ਅਤੇ ਮੇਰਾ ਪੁੱਤਰ ਸਿਮਰਨਪ੍ਰੀਤ ਸਿੰਘ ਗਰੇਵਾਲ, ਪਤੀ ਦੇ ਦੇਹਾਂਤ ਤੋਂ ਬਾਅਦ ਪਰਿਵਾਰ ਦੀ 50-50 ਫੀਸਦੀ ਜਾਇਦਾਦ ਦੇ ਮਾਲਕ ਸਨ। ਜਦਕਿ ਮੇਰਾ ਪੁੱਤਰ ਸਿਮਰਨਪ੍ਰੀਤ ਸਿੰਘ ਗਰੇਵਾਲ ਬੀਤੇ 10-12 ਸਾਲਾਂ ਤੋਂ ਸਾਰੀ ਜਾਇਦਾਦ ਆਪਣੇ ਨਾਮ ਕਰਨ ਲਈ ਮੈਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਮੇਰੇ ਵੱਲੋਂ ਨਾਂਹ ਕਰਨ ਉਤੇ, ਉਸ ਨੇ ਸਕੂਲ ਨੂੱ ਅੱਪਗ੍ਰੇਡ ਕਰਨ ਦੇ ਬਹਾਨੇ, ਮੈਨੂੰ ਮਜ਼ਬੂਰ ਕਰਦਿਆਂ ਜ਼ਬਰਦਸਤੀ ਸਾਈਨ ਕਰਵਾ ਕੇ ਮੇਰੇ ਹਿੱਸੇ ਦੀ ਜਾਇਦਾਦ 30 ਸਾਲਾਂ ਲਈ ਲੀਜ਼, ਪੰਜਾਹ ਹਜ਼ਾਰ ਰੁਪਏ ਸਲਾਨਾ ਕਿਰਾਏ ਉਤੇ ਆਪਣੇ ਨਾਮ ਕਰਵਾ ਲਈ ਅਤੇ ਦੋਵੇਂ ਪਤੀ-ਪਤਨੀ ਆਪ ਮਾਲਕ ਬਣ ਗਏ। ਉਹਨਾਂ ਦੱਸਿਆ ਕਿ ਇਸ ਤੋਂ ਬਾਅਦ, ਉਹ, ਆਪਣੀ ਬੇਟੀ ਨੂੰ ਮਿਲਣ ਲਈ ਵਿਦੇਸ਼ ਚਲੇ ਗਈ ਤਾਂ ਜਦੋਂ ਉਹ ਵਾਪਸ ਪਰਤੀ ਤਾਂ ਘਰ ਅੱਗੇ ਖੜ੍ਹੇ ਸਕਿਊਰਿਟੀ ਗਾਰਡ ਨੇ, ਮੇਰੇ ਪੁੱਤ-ਨੂੰਹ ਦੇ ਕਹਿਣ ਉਤੇ ਘਰ ਅੰਦਰ ਦਾਖਲ ਨਹੀਂ ਹੋਣ ਦਿੱਤਾ। ਇਥੋਂ ਤੱਕ ਕਿ ਘਰ ਦੀ ਤਾਲੇ ਆਦਿ ਵੀ ਬਦਲ ਦਿੱਤੇ।
ਉਹਨਾਂ ਆਪਣਾ ਦੁੱਖ ਸਾਂਝਾ ਕਰਦਿਆਂ ਦੱਸਿਆ ਕਿ ਸਕੂਲ ਦੀ ਆਮਦਨ ਵਿੱਚੋਂ ਇੱਕ ਵੀ ਪੈਸਾ ਨਹੀਂ ਦਿੱਤਾ ਅਤੇ ਮੈਨੂੰ ਆਪਣਾ ਗੁਜ਼ਾਰਾ ਕਰਨਾ ਵੀ ਔਖਾ ਹੈ। ਉਹਨਾਂ ਕਿਹਾ ਕਿ ਆਖਰ ਬੇਟੀਆਂ ਹੀ ਮਾਂ ਬਾਪ ਦਾ ਸਹਾਰਾ ਬਣਦੀਆਂ ਹਨ ਅਤੇ ਉਹ ਉਸ ਕੋਲ ਚਲੇ ਗਈ।
ਉਹਨਾਂ ਅੱਗੇ ਦੱਸਿਆ ਕਿ ਉਹ ਅਤੇ ਉਸਦੀ ਬੇਟੀ ਪਿਛਲੇ ਚਾਰ ਮਹੀਨਿਆਂ ਤੋਂ ਇਨਸਾਫ ਲੈਣ ਲਈ ਐਸ.ਡੀ.ਐਮ. ਖਰੜ, ਪੰਜਾਬ ਮਹਿਲਾ ਕਮਿਸ਼ਨ ਅਤੇ ਉੱਪ ਪੁਲਿਸ ਕਪਤਾਨ ਖਰੜ ਨੂੰ ਲਿਖਤੀ ਅਪੀਲਾਂ ਕੀਤੀਆਂ ਹਨ, ਪਰ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ।
ਉਹਨਾਂ ਕਿਹਾ ਕਿ ਆਖਰ ਉਸ ਕੋਲ ਪ੍ਰੈਸ ਸਾਹਮਣੇ ਆ ਕੇ ਆਪਣਾ ਦੁੱਖ-ਦਰਦ ਜਨਤਕ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ ਬਚਿਆ। ਉਹਨਾਂ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਡੀਜੀਪੀ ਪੰਜਾਬ ਅਤੇ ਡੀਸੀ ਮੋਹਾਲੀ ਨੂੰ ਅਪੀਲ ਕੀਤੀ ਹੈ ਕਿ ਉਸਨੂੰ ਇਨਸਾਫ ਦਿਵਾਉਂਦਿਆਂ ਆਪਣੇ ਘਰ ਦਾ ਕਬਜ਼ਾ ਦਿੱਤਾ ਜਾਵੇ।
ਜਦੋਂ ਪਰਮਜੀਤ ਕੌਰ ਗਰੇਵਾਲ ਦੇ ਪੁੱਤਰ ਸਿਮਰਨਪ੍ਰੀਤ ਸਿੰਘ ਗਰੇਵਾਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਆਪਣਾ ਪੱਖ ਦੱਸਦਿਆਂ ਕਿਹਾ ਕਿ ਮਾਤਾ ਆਪਣੀ ਮਰਜ਼ੀ ਨਾਲ ਘਰ ਛੱਡ ਕੇ ਗਈ ਹੈ, ਕਿਉਂਕਿ ਉਹਨਾਂ ਦੀ ਇਕੋ ਇਕ ਭੈਣ ਦੀ ਉਹਨਾਂ ਦੇ ਪਰਿਵਾਰ ਵਿਚ ਨਜਾਇਜ਼ ਦਖਲਅੰਦਾਜ਼ੀ ਹੈ, ਜਿਸ ਕਾਰਨ ਰਿਸ਼ਤਿਆਂ ਵਿਚ ਦਰਾਰ ਪੈਦਾ ਹੋਈ ਹੈ। ਉਹਨਾਂ ਆਪਣੀ ਭੈਣ ਉਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਆਪਣੀ ਮਾਤਾ ਨੂੰ ਆਪਣੇ ਹੱਕ ਵਿਚ ਕਰਕੇ ਬੇਗੋਵਾਲ ਪਿੰਡ ਵਿਚ 10 ਕਿੱਲੇ ਖੇਤੀਬਾੜੀਯੋਗ ਜ਼ਮੀਨ ਅਤੇ ਚੰਡੀਗੜ੍ਹ ਵਿਚ ਇਕ ਫਲੈਟ ਪਹਿਲਾਂ ਹੀ ਹਥਿਆ ਚੁੱਕੀ ਹੈ ਅਤੇ ਹੁਣ ਉਸਦੀ ਨਜ਼ਰ ਸਾਡੇ ਰਿਹਾਇਸ਼ੀ ਘਰ ਅਤੇ ਸਕੂਲ ਨੂੰ ਹਥਿਆਉਣ ਦੀ ਹੈ। ਉਹਨਾਂ ਸਾਫ ਕਿਹਾ ਕਿ ਨਾ ਹੀ ਉਸਨੇ ਆਪਣੀ ਮਾਂ ਨੂੰ ਘਰੋਂ ਬਾਹਰ ਕੱਢਿਆ ਹੈ ਅਤੇ ਨਾ ਹੀ ਘਰ ਵਿਚ ਦਾਖਲ ਹੋਣ ਤੋਂ ਰੋਕਿਆ। ਉਹ ਜਦੋਂ ਮਰਜ਼ੀ ਘਰ ਆ ਸਕਦੇ ਹਨ ਪਰੰਤੂ ਉਹਨਾਂ ਆਪਣੀ ਭੈਣ ਨੂੰ ਘਰ ਵਿਚ ਦਾਖਲ ਹੋਣ ਰੋਕਿਆ ਹੈ।