ਮੋਰਿੰਡਾ, 26 ਜੁਲਾਈ ਭਟੋਆ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਚੱਕਲ ਦੀ ਅਗਵਾਈ ਹੇਠ ਮੀਟਿੰਗ ਕੀਤੀ। ਮੀਟਿੰਗ ਦੌਰਾਨ ਪੰਜਾਬ ਸਰਕਾਰ ਦੁਆਰਾ ਬਣਾਈ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕਰਦਿਆਂ ਮੁੱਖ ਮੰਤਰੀ ਪੰਜਾਬ ਨੂੰ ਲੈਂਡ ਪੂਲਿੰਗ ਨੀਤੀ ਦੇ ਸਬੰਧ ਵਿੱਚ ਸੰਯੁਕਤ ਕਿਸਾਨ ਮੋਰਚੇ ਨਾਲ ਸਿੱਧੀ ਡਿਬੇਟ ਲਈ ਚੁਣੌਤੀ ਦਿੱਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਕੇਯੂ ਰਾਜੇਵਾਲ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਚਲਾਕੀ ਨੇ ਦੱਸਿਆ ਕਿ ਇਕੱਤਰਤਾ ਵਿੱਚ ਜਥੇਬੰਦੀ ਵਲੋਂ ਕਈ ਮਤੇ ਪਾਸ ਕੀਤੇ ਗਏ। ਉਹਨਾਂ ਦੱਸਿਆ ਕਿ 30 ਜੁਲਾਈ ਨੂੰ ਹੋਣ ਵਾਲੇ ਟਰੈਕਟਰ ਮਾਰਚ ਵਿੱਚ ਵਧ-ਚੜ ਕੇ ਹਿੱਸਾ ਲਿਆ ਜਾਵੇਗਾ। ਖੰਡ ਮਿੱਲ ਵੱਲ ਗੰਨਾ ਕਾਸ਼ਤਕਾਰਾਂ ਦੀ ਲਗਭਗ 20 ਕਰੋੜ ਰੁਪਏ ਦੀ ਜੋ ਬਕਾਇਆ ਰਾਸ਼ੀ ਰਹਿੰਦੀ ਹੈ, ਉਸਦਾ ਤੁਰੰਤ ਵਿਆਜ ਸਮੇਤ ਭੁਗਤਾਨ ਕੀਤਾ ਜਾਵੇ। ਉਹਨਾਂ ਦੱਸਿਆ ਕਿ ਮੋਰਿੰਡਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਚੋਰੀਆਂ ਦੇ ਸਿਲਸਿਲੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਚੋਰਾਂ ਨੂੰ ਰੋਕਣ ਲਈ ਪ੍ਰਸ਼ਾਸਨ ਬੁਰੀ ਤਰ੍ਹਾ ਫੇਲ ਹੈ। ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਜਥੇਬੰਦੀ ਵਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਿਛਲੇ ਸੀਜ਼ਨ ਦੀ ਤਰਾਂ ਕਿਸਾਨਾਂ ਨੂੰ ਪ੍ਰੇਸ਼ਾਨੀਆਂ ਤੋਂ ਬਚਾਉਣ ਲਈ ਝੋਨੇ ਦੀ ਖਰੀਦ ਦੇ ਢੁੱਕਵੇਂ ਪ੍ਰਬੰਧ ਕੀਤੇ ਜਾਣ ਤੇ ਝੋਨੇ ਦੀ ਖਰੀਦ ਨੂੰ ਨਿਰਵਿਘਨ ਯਕੀਨੀ ਬਣਾਇਆ ਜਾਵੇ। ਸ੍ਰੀ ਚਲਾਕੀ ਨੇ ਦੱਸਿਆ ਕਿ ਸਰਕਾਰ ਨੂੰ ਸੜਕਾਂ ਦੇ ਆਲੇ-ਦੁਆਲੇ ਬੂਟੇ ਲਗਾਉਣ ਦੀ ਡਰਾਮੇਬਾਜੀ ਨੂੰ ਬੰਦ ਕਰਕੇ ਗੁੱਜਰਾਂ ਦੇ ਪਸ਼ੂਆਂ ਦੁਆਰਾ ਸੜਕਾਂ ਲਾਗੇ ਲੱਗੇ ਬੂਟਿਆਂ ਨੂੰ ਨੁਕਸਾਨ ਤੋਂ ਬਚਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਕਿਸਾਨ ਯੂਨੀਅਨ ਨੇ ਕਿਹਾ ਕਿ ਪਿੰਡਾਂ ਵਿੱਚ ਟੋਭਿਆਂ ਦੀ ਡੂੰਘਾਈ ਸਬੰਧੀ ਹਰ ਨਾਗਰਿਕ ਨੂੰ ਦੱਸਿਆ ਜਾਵੇ। ਜਥੇਬੰਦੀ ਵਲੋਂ ਭ੍ਰਿਸ਼ਟਾਚਾਰ ਦੇ ਖਿਲਾਫ ਪੰਚਾਇਤਾਂ ਦਾ ਡਟ ਕੇ ਸਾਥ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਜੀਤ ਸਿੰਘ ਅਮਰਾਲੀ, ਹਰਿੰਦਰ ਸਿੰਘ ਮਾਜਰੀ, ਹਰਵਿੰਦਰ ਸਿੰਘ ਚਲਾਕੀ, ਰਵਿੰਦਰ ਸਿੰਘ ਅਮਰਾਲੀ, ਗਿਆਨ ਸਿੰਘ ਅਮਰਾਲੀ, ਕਮਲ ਸਿੰਘ ਗੋਪਾਲਪੁਰ, ਹਰਮੀਤ ਸਿੰਘ, ਗੁਰਪਾਲ ਸਿੰਘ, ਨਾਜਰ ਸਿੰਘ, ਸੁਖਦੀਪ ਸਿੰਘ, ਰਣਜੀਤ ਸਿੰਘ, ਬਹਾਦਰ ਸਿੰਘ ਖੈਰਪੁਰ, ਰਣਜੋਧ ਸਿੰਘ ਖੈਰਪੁਰ, ਰਣਧੀਰ ਸਿੰਘ ਲੁਠੇੜੀ, ਅਵਤਾਰ ਸਿੰਘ ਸਰਹਾਣਾ, ਜਰਨੈਲ ਸਿੰਘ ਸਰਹਾਣਾ, ਬਲਦੀਪ ਸਿੰਘ ਸੰਗਤਪੁਰਾ, ਅਰਵਿੰਦਰ ਸਿੰਘ ਰੰਗੀ ਆਦਿ ਮੌਜੂਦ ਸਨ।