ਪੰਜਾਬ ਨਸ਼ਾ ਰੋਕਥਾਮ ਪਾਠਕ੍ਰਮ ਲਾਗੂ ਕਰਨ ਵਾਲਾ ਪਹਿਲਾ ਸੂਬਾ ਬਣੇਗਾ

ਸਿੱਖਿਆ \ ਤਕਨਾਲੋਜੀ ਪੰਜਾਬ

ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਮਾਨ 1 ਅਗਸਤ ਨੂੰ ਫਾਜ਼ਿਲਕਾ ਤੋਂ ਨਸ਼ਾ ਰੋਕਥਾਮ ਪਾਠਕ੍ਰਮ ਦੀ ਕਰਨਗੇ ਸ਼ੁਰੂਆਤ: ਹਰਜੋਤ ਸਿੰਘ ਬੈਂਸ

* ਪਾਠਕ੍ਰਮ ਰਾਹੀਂ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ 8 ਲੱਖ ਵਿਦਿਆਰਥੀਆਂ ਨੂੰ ਨਸ਼ੀਲੇ ਪਦਾਰਥਾਂ ਤੋਂ ਬਚਣ ਦੀ ਦਿੱਤੀ ਜਾਵੇਗੀ ਜਾਣਕਾਰੀ

ਚੰਡੀਗੜ੍ਹ, 28 ਜੁਲਾਈ: ਦੇਸ਼ ਕਲਿਕ ਬਿਓਰੋ

ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਪੰਜਾਬ ਦੀ ਜੰਗ ਇੱਕ ਅਹਿਮ ਮੋੜ ਉੱਤੇ ਪਹੁੰਚ ਗਈ ਹੈ ਅਤੇ ਸੂਬਾ ਸਰਕਾਰ ਵੱਲੋਂ ਵਿੱਢੀ ਗਈ “ਯੁੱਧ ਨਸ਼ਿਆ ਵਿਰੁੱਧ” ਮੁਹਿੰਮ ਦੇ ਤੀਜੇ ਪੜਾਅ ਦੇ ਹਿੱਸੇ ਵਜੋਂ ਸਾਰੇ ਸਰਕਾਰੀ ਸਕੂਲਾਂ ਵਿੱਚ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਇੱਕ ਨਿਵੇਕਲਾ ਨਸ਼ਾ ਰੋਕਥਾਮ ਪਾਠਕ੍ਰਮ ਸ਼ੁਰੂ ਕੀਤਾ ਜਾ ਰਿਹਾ ਹੈ।

ਅੱਜ ਸ਼ਾਮ ਨੂੰ ਇੱਥੇ ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ 1 ਅਗਸਤ ਨੂੰ ਫਾਜ਼ਿਲਕਾ ਜ਼ਿਲ੍ਹੇ ਦੇ ਅਰਨੀਵਾਲਾ ਵਿਖੇ ਸੂਬਾ ਪੱਧਰੀ ਨਸ਼ਾ ਰੋਕਥਾਮ ਪਾਠਕ੍ਰਮ ਦੀ ਸ਼ੁਰੂਆਤ ਕੀਤੀ ਜਾਵੇਗੀ।

ਪਾਠਕ੍ਰਮ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਅਨੋਖਾ ਪ੍ਰੋਗਰਾਮ ਨੋਬਲ ਪੁਰਸਕਾਰ ਜੇਤੂ ਪ੍ਰੋਫੈਸਰ ਅਭਿਜੀਤ ਬੈਨਰਜੀ ਦੀ ਅਗਵਾਈ ਵਾਲੀ ਸੰਸਥਾ ਜੇ-ਪਾਲ ਸਾਊਥ ਏਸ਼ੀਆ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਸ ਪ੍ਰੋਗਰਾਮ ਤਹਿਤ ਮੋਹਰੀ ਵਿਵਹਾਰ ਵਿਗਿਆਨੀ, ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਲਗਭਗ ਅੱਠ ਲੱਖ ਵਿਦਿਆਰਥੀਆਂ ਨੂੰ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਤੋਂ ਦੂਰ ਰਹਿਣ ਸਬੰਧੀ ਗਿਆਨ ਅਤੇ ਹੁਨਰਾਂ ਨਾਲ ਸਸ਼ਕਤ ਬਣਾਉਣਗੇ। ਉਨ੍ਹਾਂ ਦੱਸਿਆ ਕਿ ਪਾਠਕ੍ਰਮ ਵਿੱਚ 35-ਮਿੰਟ ਦੇ ਸੈਸ਼ਨ ਹੋਣਗੇ, ਜੋ 27 ਹਫ਼ਤਿਆਂ ਲਈ ਹਰ ਪੰਦਰਵਾੜੇ ਕਰਵਾਏ ਜਾਣਗੇ ਅਤੇ ਇਸ ਵਿੱਚ ਦਸਤਾਵੇਜ਼ੀ, ਕੁਇੱਜ਼, ਪੋਸਟਰ ਅਤੇ ਇੰਟਰਐਕਟਿਵ ਗਤੀਵਿਧੀਆਂ ਸ਼ਾਮਲ ਹੋਣਗੀਆਂ। ਇਹ ਸੈਸ਼ਨ ਨਸ਼ਿਆਂ ਬਾਰੇ ਮਿੱਥ ਨੂੰ ਦੂਰ ਕਰਨ, ਨਸ਼ਿਆਂ ਨੂੰ ਨਾਂਹ ਕਰਨ ਸਬੰਧੀ ਰਣਨੀਤੀਆਂ ਅਤੇ ਸਾਥੀਆਂ ਦੇ ਦਬਾਅ ਦਾ ਵਿਰੋਧ ਕਰਨ ਵਰਗੇ ਮੁੱਖ ਖੇਤਰਾਂ ‘ਤੇ ਕੇਂਦ੍ਰਤ ਹੋਣਗੇ ਅਤੇ ਵਿਦਿਆਰਥੀਆਂ ਨੂੰ ਸੂਚਿਤ ਫੈਸਲੇ ਲੈਣ ਸਬੰਧੀ ਗਿਆਨ ਅਤੇ ਹੁਨਰਾਂ ਨਾਲ ਲੈਸ ਕਰਨਗੇ।

ਸ. ਬੈਂਸ ਨੇ ਕਿਹਾ ਕਿ ਇਸ ਨਸ਼ਾ ਵਿਰੋਧੀ ਪ੍ਰੋਗਰਾਮ ਦੀ ਵਿਆਪਕ ਪਹੁੰਚ ਹੋਵੇਗੀ, ਜਿਸ ਵਿੱਚ 3,658 ਸਕੂਲ ਸ਼ਾਮਲ ਹੋਣਗੇ ਅਤੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਲਗਭਗ ਅੱਠ ਲੱਖ ਵਿਦਿਆਰਥੀਆਂ ਨੂੰ ਸਸ਼ਕਤ ਬਣਾਉਣ ਲਈ 6,500 ਤੋਂ ਵੱਧ ਸਿਖਲਾਈ ਪ੍ਰਾਪਤ ਅਧਿਆਪਕਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਹ ਵਿਆਪਕ ਪ੍ਰੋਗਰਾਮ ਪੰਜਾਬ ਦੀ ਸਿੱਖਿਆ ਪ੍ਰਣਾਲੀ ‘ਤੇ ਮਹੱਤਵਪੂਰਨ ਪ੍ਰਭਾਵ ਨੂੰ ਯਕੀਨੀ ਬਣਾਏਗਾ, ਵਿਦਿਆਰਥੀਆਂ ਨੂੰ ਨਸ਼ਿਆਂ ਨੂੰ ਨਾਂਹ ਕਹਿਣ ਲਈ ਜ਼ਰੂਰੀ ਹੁਨਰਾਂ ਨਾਲ ਲੈਸ ਕਰੇਗਾ।

ਇਹ ਪਹਿਲ ਪ੍ਰੋਗਰਾਮ ਖੋਜ ਆਧਾਰਿਤ ਹੈ, ਜੋ ਮੋਹਰੀ ਵਿਵਹਾਰ ਵਿਗਿਆਨੀਆਂ ਵੱਲੋਂ ਵਿਕਸਤ ਕੀਤਾ ਗਿਆ ਹੈ ਅਤੇ ਵਿੱਤੀ ਸਾਲ 2024-25 ਦੌਰਾਨ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ 78 ਸਰਕਾਰੀ ਸਕੂਲਾਂ ਵਿੱਚ 9600 ਵਿਦਿਆਰਥੀਆਂ ਉੱਤੇ ਕੀਤੇ ਗਏ ਰੈਂਡਮ ਟਰਾਇਲਾਂ ਰਾਹੀਂ ਇਸ ਦਾ ਮੁਲਾਂਕਣ ਕੀਤਾ ਗਿਆ, ਦਿਸ ਦੇ ਬੇਹੱਦ ਮਹੱਤਵਪੂਰਨ ਨਤੀਜੇ ਸਾਹਮਣੇ ਆਏ। ਇਹਨਾਂ ਟਰਾਇਲਾਂ ਵਿੱਚ ਨਸ਼ੇ ਦੇ ਜ਼ੋਖਮ ਪ੍ਰਤੀ ਜਾਗਰੂਕਤਾ ਵਿੱਚ ਇੱਕ ਵਿਸ਼ੇਸ਼ ਸੁਧਾਰ ਦੇਖਣ ਨੂੰ ਮਿਲਿਆ। ਚਿੱਟੇ ਦੀ ਇੱਕ ਵਾਰ ਵਰਤੋਂ ਨਾਲ ਆਦਤ ਲੱਗਣ ਦੇ ਖ਼ਤਰੇ ਨੂੰ 90 ਫ਼ੀਸਦ ਵਿਦਿਆਰਥੀਆਂ ਨੇ ਸਮਝਿਆ, ਜਦੋਂਕਿ ਕੰਟਰੋਲਡ ਸਮੂਹ ਵਿੱਚ ਇਹ ਦਰ 69 ਫ਼ੀਸਦ ਸੀ। ਇਸ ਤੋਂ ਇਲਾਵਾ ਟਰਾਇਲ ਦੌਰਾਨ “ਨਸ਼ੇ ਨੂੰ  ਇੱਛਾ-ਸ਼ਕਤੀ ਨਾਲ ਛੱਡਿਆ ਜਾ ਸਕਦਾ ਹੈ” ਉੱਤੇ ਵਿਸ਼ਵਾਸ ਕਰਨ ਵਾਲਿਆਂ ਦੀ ਗਿਣਤੀ 50 ਫ਼ੀਸਦ ਤੋਂ ਘੱਟ ਕੇ 20 ਫ਼ੀਸਦ ਰਹਿ ਗਈ।

ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਦਹਾਕਿਆਂ ਤੋਂ ਪਿਛਲੀਆਂ ਸਰਕਾਰਾਂ ਦੀ ਅਣਗਹਿਲੀ ਅਤੇ ਸਰਪ੍ਰਸਤੀ ਦਾ ਨਤੀਜਾ ਹੈ। ਉਹਨਾਂ ਕਿਹਾ ਕਿ ਪੰਜਾਬ ਭਾਰਤ ਦਾ ਪਹਿਲਾ ਸੂਬਾ ਬਣਨ ਦਾ ਰਿਹਾ ਹੈ ਜਿਸ ਨੇ ਸੂਬਾ ਪੱਧਰੀ, ਖੋਜ-ਅਧਾਰਤ ਨਸ਼ਾ ਰੋਕਥਾਮ ਪਾਠਕ੍ਰਮ ਲਾਗੂ ਕੀਤਾ ਹੈ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਨਸ਼ਿਆਂ ਵਿਰੁੱਧ ਲੜਾਈ ਕਲਾਸਰੂਮ ਤੋਂ ਸ਼ੁਰੂ ਹੁੰਦੀ ਹੈ, ਥਾਣਿਆਂ ਤੋਂ ਨਹੀਂ।

ਸਿੱਖਿਆ ਮੰਤਰੀ ਨੇ ਇਸ ਸਾਲ ਮਾਰਚ ਵਿੱਚ ਸ਼ੁਰੂ ਕੀਤੀ ਗਈ “ਯੁੱਧ ਨਸ਼ਿਆ ਵਿਰੁੱਧ” ਮੁਹਿੰਮ ਬਾਰੇ ਵੇਰਵੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਸਖ਼ਤ ਕਾਰਵਾਈਆਂ ਕੀਤੀਆਂ ਹਨ, ਜਿਸ ਵਿੱਚ 23,000 ਤੋਂ ਵੱਧ ਨਸ਼ਾ ਤਸਕਰਾਂ ਨੂੰ ਸਲਾਖਾਂ ਪਿੱਛੇ ਸੁੱਟਣਾ, ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕਰਨਾ ਅਤੇ 1000 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਜ਼ਬਤ ਕਰਨਾ ਸ਼ਾਮਲ ਹੈ। ਇਹ ਯਤਨ ਨਸ਼ਿਆਂ ਦੀ ਲਾਹਣਤ ਨਾਲ ਨਜਿੱਠਣ ਅਤੇ ਪੰਜਾਬ ਦੇ ਨੌਜਵਾਨਾਂ ਲਈ ਇੱਕ ਉੱਜਵਲ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਸਰਕਾਰ ਦੀ ਸਮਰਪਣ ਭਾਵਨਾ ਨੂੰ ਦਰਸਾਉਂਦੇ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।