ਚੰਡੀਗੜ੍ਹ, 29 ਜੁਲਾਈ 2025, ਦੇਸ਼ ਕਲਿੱਕ ਬਿਓਰੋ :
ਪੰਜਾਬੀ ਅਧਿਐਨ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ 29 ਜੁਲਾਈ 2025 ਨੂੰ ਕਾਰਗਿਲ ਵਿਜੈ ਦਿਵਸ ਨੂੰ ਸਮਰਪਿਤ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ 1999 ਦੇ ਕਾਰਗਿਲ ਯੁੱਧ ਦੌਰਾਨ ਭਾਰਤੀ ਸੈਨਾ ਵੱਲੋਂ ਦਿੱਤੀਆਂ ਗਈਆਂ ਸ਼ਹਾਦਤਾਂ ਅਤੇ ਵਿਸ਼ੇਸ਼ ਸਾਹਸ ਨੂੰ ਸਮਰਪਿਤ ਸੀ।
ਪ੍ਰੋਗਰਾਮ ਦੀ ਸ਼ੁਰੂਆਤ ਰਾਸ਼ਟਰਗਾਨ ਨਾਲ ਹੋਈ। ਪ੍ਰੋਗਰਾਮ ਦੇ ਆਰੰਭ ਵਿਚ ਵਿਭਾਗ ਦੇ ਮੁਖੀ ਪ੍ਰੋ. ਯੋਗਰਾਜ ਨੇ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਉਹਨਾਂ ਜ਼ੋਰ ਦੇ ਕੇ ਆਖਿਆ ਕਿ ਜੰਗ ਕੋਈ ਜਸ਼ਨ ਮਨਾਉਣ ਵਾਲੀ ਚੀਜ਼ ਨਹੀਂ, ਇਸਦਾ ਖਾਮਿਆਜਾ ਕੀ ਹੁੰਦਾ ਇਹ ਪੰਜਾਬੀਆਂ ਤੋਂ ਬਿਹਤਰ ਕੌਣ ਜਾਣਦਾ। ਵਿਭਾਗ ਦੀ ਸੀਨੀਅਰ ਪ੍ਰੋ. ਉਮਾ ਸੇਠੀ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਨਾ ਸਿਰਫ਼ ਵਿਦਿਆਰਥੀਆਂ ਅੰਦਰ ਦੇਸ਼ ਪ੍ਰੇਮ ਦੀ ਭਾਵਨਾ ਨੂੰ ਉਭਾਰਦੇ ਹਨ, ਸਗੋਂ ਸਾਨੂੰ ਆਪਣੇ ਅਤੀਤ ਅਤੇ ਵਿਰਾਸਤ ਨਾਲ ਵੀ ਜੋੜਦੇ ਹਨ। ਵਿਭਾਗ ਦੀ ਪ੍ਰਾਅਧਿਆਪਿਕਾ ਡਾ. ਪਰਮਜੀਤ ਸਿੱਧੂ ਨੇ ਵਿਦਿਅਕ ਸੰਸਥਾਵਾਂ ਵਿੱਚ ਅਜਿਹੇ ਪ੍ਰੋਗਰਾਮਾਂ ਕਰਾਏ ਜਾਣ ਦੀ ਅਹਿਮੀਅਤ ਉਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਵਿਦਿਆਰਥੀਆਂ ਵਿੱਚ ਰਾਸ਼ਟਰੀ ਚੇਤਨਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਉਤਸ਼ਾਹਤ ਕਰਦੇ ਹਨ। ਉਹਨਾਂ ਕਿਹਾ ਕਿ ਕਾਰਗਿਲ ਦੀ ਜੰਗ ਵਿਚ ਸਾਡੇ ਵੀਰ ਸਪੂਤਾਂ ਦੁਆਰਾ ਦਿਖਾਇਆ ਸਾਹਸ ਤੇ ਬਹਾਦਰੀ ਸਾਨੂੰ ਬਿਖਮ ਪ੍ਰਸਥਿਤੀਆਂ ਵਿਚ ਵੀ ਡੱਟੇ ਰਹਿਣ ਅਤੇ ਆਪਣੇ ਸਵੈ ਨਾਲੋਂ ਰਾਸ਼ਟਰ ਹਿੱਤ ਨੂੰ ਅੱਗੇ ਰੱਖਣ ਦੀ ਪ੍ਰੇਰਨਾ ਦਿੰਦੀ ਹੈ।
ਇਸ ਮੌਕੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਇਸ ਤੋਂ ਇਲਾਵਾ ਕੁਝ ਵਿਦਿਆਰਥੀਆਂ ਨੇ ਕਾਰਗਿਲ ਯੁੱਧ ਦੌਰਾਨ ਭਾਰਤੀ ਫੌਜ ਦੁਆਰਾ ਦਿਖਾਏ ਸਾਹਸ ਅਤੇ ਵੀਰਤਾ ਨੂੰ ਆਪਣੇ ਭਾਸ਼ਣ ਰਾਹੀਂ ਆਪਣੇ ਸਾਥੀ ਵਿਦਿਆਰਥੀਆਂ ਨਾਲ ਸਾਂਝਾ ਕੀਤਾ। ਇਹਨਾਂ ਪ੍ਰਸਤੁਤੀਆਂ ਰਾਹੀਂ ਵਿਦਿਆਰਥੀਆਂ ਨੇ ਭਾਰਤੀ ਸੈਨਾ ਅਤੇ ਕਾਰਗਿਲ ਯੁੱਧ ਦੌਰਾਨ ਵੀਰ ਗਤੀ ਨੂੰ ਪ੍ਰਾਪਤ ਹੋਏ ਸ਼ਹੀਦਾਂ ਲਈ ਡੂੰਘੀ ਸ਼ਰਧਾ ਅਤੇ ਸਨਮਾਨ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ‘ਤੇ ਵਿਦਿਆਰਥੀਆਂ ਨੂੰ ਕਾਰਗਿਲ ਯੁੱਧ ‘ਤੇ ਆਧਾਰਤ ਬੀ. ਬੀ. ਸੀ. ਦੁਆਰਾ ਤਿਆਰ ਕੀਤੀ ਇੱਕ ਡਾਕੂਮੈਂਟਰੀ ਵਿਖਾਈ ਗਈ।
ਪ੍ਰੋਗਰਾਮ ਦੇ ਅੰਤ ਵਿੱਚ ਵਿਭਾਗ ਵੱਲੋਂ ਪ੍ਰਤੀਭਾਗੀਆਂ ਨੂੰ ਸਰਟੀਫਿਕੇਟ ਵੰਡੇ ਗਏ। ਪੰਜਾਬੀ ਵਿਭਾਗ ਵੱਲੋਂ ਕਰਾਇਆ ਗਿਆ ਇਹ ਪ੍ਰੋਗਰਾਮ ਕਾਰਗਿਲ ਦੇ ਨਾਇਕਾਂ ਨੂੰ ਸਮਰਪਿਤ ਇੱਕ ਭਾਵਭਿੰਨੀ ਸ਼ਰਧਾਂਜਲੀ ਸੀ, ਜਿਸ ਨੇ ਵਿਦਿਆਰਥੀਆਂ ਅੰਦਰ ਦੇਸ਼ ਭਗਤੀ, ਰਾਸ਼ਟਰ ਪ੍ਰੇਮ, ਅਤੇ ਦੇਸ਼ ਲਈ ਆਪ ਵਾਰਨ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ।