ਅੰਮ੍ਰਿਤਸਰ, 29 ਜੁਲਾਈ, ਦੇਸ਼ ਕਲਿਕ ਬਿਊਰੋ :
ਪੰਜਾਬ ਪੁਲਿਸ ਨੇ ਪਾਕਿਸਤਾਨ ਨਾਲ ਜੁੜੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕ ਦੇ ਇੱਕ ਮੈਂਬਰ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਡੀਜੀਪੀ ਗੌਰਵ ਯਾਦਵ ਨੇ ਅੱਜ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਕਿ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਟੀਮ ਨੇ ਖੁਫੀਆ ਜਾਣਕਾਰੀ ਅਧਾਰਤ ਕਾਰਵਾਈ ਤਹਿਤ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ਅਤੇ ਇਸ ਵਿੱਚ ਸ਼ਾਮਲ ਇੱਕ ਤਸਕਰ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਦਿੱਤੀ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਭਾਰਤ-ਪਾਕਿ ਸਰਹੱਦ ਦੇ ਨੇੜਿਓਂ ਹਥਿਆਰਾਂ ਦੀ ਇਹ ਖੇਪ ਚੁੱਕੀ ਸੀ ਅਤੇ ਉਨ੍ਹਾਂ ਨੂੰ ਅਪਰਾਧਿਕ ਤੱਤਾਂ ਨੂੰ ਅੱਗੇ ਸੌਂਪਣ ਲਈ ਰਵਾਨਾ ਹੋਇਆ ਸੀ, ਪਰ ਪੁਲਿਸ ਨੇ ਸਮੇਂ ਸਿਰ ਉਸਨੂੰ ਫੜ ਲਿਆ।
ਮੁਲਜ਼ਮ ਪਾਕਿਸਤਾਨ ਵਿੱਚ ਬੈਠੇ ਇੱਕ ਤਸਕਰ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਿਹਾ ਸੀ। ਬਰਾਮਦ ਕੀਤੇ ਗਏ ਹਥਿਆਰ ਅਪਰਾਧੀਆਂ ਅਤੇ ਗੈਂਗਸਟਰਾਂ ਨੂੰ ਸੌਂਪੇ ਜਾਣੇ ਸਨ। ਪੁਲਿਸ ਟੀਮ ਨੇ ਤਸਕਰ ਦੇ ਕਬਜ਼ੇ ਵਿੱਚੋਂ ਕੁੱਲ 5 ਪਿਸਤੌਲ ਬਰਾਮਦ ਕੀਤੇ ਹਨ।
