ਮਾਨਸਾ, 30 ਜੁਲਾਈ, ਦੇਸ਼ ਕਲਿੱਕ ਬਿਓਰੋ :
ਸੰਯੁਕਤ ਮੋਰਚੇ ਵੱਲੋਂ ਠੂਠਿਆਂਵਾਲੀ ਪਿੰਡ ਦੀ ਦਾਣਾ ਮੰਡੀ ਤੋਂ ਸੁਰੂ ਕੀਤਾ ਗਿਆ ਅੱਜ ਦਾ ਝੰਡਾ ਤੇ ਵਹੀਕਲ ਮਾਰਚ ਕਿਸਾਨੀ ਵੱਲੋਂ ਪੰਜਾਬ ਸਰਕਾਰ ਦੀ ਬਦਨੀਤੀ ਖਿਲਾਫ਼ ਸੰਘਰਸੀ ਐਲਾਨ ਹੈ I ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਰੁਲਦੂ ਸਿੰਘ ਮਾਨਸਾ ਨੇ ਕੀਤਾ I ਪਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਰਾਮ ਸਿੰਘ ਭੈਣੀਬਾਘਾ,ਨਿਰਮਲ ਸਿੰਘ ਝੰਡੂਕੇ,ਪਰਮਜੀਤ ਸਿੰਘ ਗਾਗੋਵਾਲ,ਭਜਨ ਸਿੰਘ ਘੁੰਮਣ,ਕਰਿਸਨ ਚੌਹਾਨ, ਡਾ.ਧੰਨਾ ਮੱਲ ਗੋਇਲ,ਅਮਰੀਕ ਸਿੰਘ ਫਫੜੇ ਅਤੇ ਨਰਿੰਦਰ ਕੌਰ ਬੁਰਜ ਹਮੀਰਾ ਨੇ ਸਾਂਝੇ ਬਿਆਨ ਰਾਹੀਂ ਕਿਹਾ ਕਿ ‘ਲੈਂਡ ਪੁਲਿੰਗ ਨੀਤੀ’ ਵਿਕਾਸ ਦੇ ਨਾਂ ਤੇ ਕਿਸਾਨੀ ਇਲਾਕਿਆਂ ਦੀ ਜਮਹੂਰੀ ਢਾਂਚੇ ਤੋਂ ਵਾਂਝੀ ਤਬਾਹੀ ਦਾ ਰਾਹ ਹੈ I
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਲੋਕਾਂ ਦੀ ਭਲਾਈ ਕਰਨ ਦੀ ਬਜਾਏ ਆਪਣੀ ਰਾਜਨੀਤਕ ਤਾਕਤ ਨੂੰ ਕਾਰਪੋਰੇਟ ਦੇ ਪੱਖ ਵਿੱਚ ਭੁਗਤਾਕੇ ‘ਪ੍ਰਾਪਰਟੀ ਡੀਲਰ’ ਹੋਣ ਦਾ ਰੋਲ ਅਦਾ ਕਰ ਰਹੇ ਹਨ I ਜਿਸਨੂੰ ਪੰਜਾਬ ਦੇ ਲੋਕ ਹਰਗਿਜ਼ ਬਰਦਾਸਿਤ ਨਹੀਂ ਕਰਨਗੇ I ਮੋਰਚੇ ਦੇ ਆਗੂ ਗੁਰਜੰਟ ਸਿੰਘ ਮਾਨਸਾ,ਪ੍ਸੋਤਮ ਸਿੰਘ ਗਿੱਲ,ਸੁਖਵਿੰਦਰ ਕੌਰ ਰਾਮਪੁਰਾ ਨੇ ਕਿਹਾ ਕਿ ਵਹੀਕਲ ਮਾਰਚ ਦੀ ਗੂੰਜ ਸਿਰਫ਼ ਹਾਈ ਵੇ ਤੱਕ ਹੀ ਨਹੀਂ ਰਹੇਗੀ ਇਹ ਅਸੈਂਬਲੀਆਂ ਅਤੇ ਵਿਧਾਨ ਮੰਚਾਂ ਨੂੰ ਹਿਲਾ ਦੇਵੇਗੀ I ਉਨਾਂ ਕਿਹਾ ਕਿ ਦਿੱਲੀ ਦੇ ਇਸਾਰਿਆਂ ਉਤੇ ਚਲਦੀ ਪੰਜਾਬ ਸਰਕਾਰ ਆਪਣੇ ਸ਼ਾਸਨ ਦੀ ਉਲਟੀ ਗਿਣਤੀ ਕਰਨੀ ਸ਼ੁਰੂ ਕਰ ਦੇਵੇ ਪੰਜਾਬ ਦੇ ਮਿਹਨਤੀ ਲੋਕ ਜਮੀਨ ਹੜੱਪਣ ਦੀ ਸਿਆਸੀ ਰਣਨੀਤੀ ਖਿਲਾਫ਼ ਡਟਕੇ ਮੈਦਾਨ ਵਿੱਚ ਨਿੱਤਰਣਗੇ I ਇਸ ਸਮੇਂ ਸੁਖਵਿੰਦਰ ਸਿੰਘ,ਅਵੀ ਮੌੜ,ਡਾ.ਗੁਰਪ੍ਰੀਤ ਸਿੰਘ ਭੈਣੀ,ਸੁਖਦੇਵ ਸਿੰਘ,ਹਾਕਮ ਸਿੰਘ ਤੋ ਇਲਾਵਾ ਸੈਂਕੜਿਆਂ ਦੀ ਗਿਣਤੀ ਵਿੱਚ ਵਰਕਰ ਹਾਜਿਰ ਸਨ I