ਚੰਡੀਗੜ੍ਹ, 30 ਜੁਲਾਈ, ਦੇਸ਼ ਕਲਿੱਕ ਬਿਓਰੋ :
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਨੂੰ ਅੱਜ ਵੀ ਬਾਲੀਵੁੱਡ ਵਾਲੇ ਬਲਾਉਂਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਅੱਜ ਚੰਡੀਗੜ੍ਹ ਵਿੱਚ ਜੰਗਲਾਤ ਵਿਭਾਗ ਦੇ ਦਿਹਾੜੀਦਾਰ ਕਾਮਿਆਂ ਨੂੰ ਰੈਗੂਲਰ ਹੋਣ ਦੇ ਨਿਯੁਕਤੀ ਪੱਤਰ ਸੌਂਪਣ ਸਮੇਂ ਸੰਬੋਧਨ ਕਰ ਰਹੇ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੀਆਂ ਸਰਕਾਰਾਂ ਉਤੇ ਹਮਲਾ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਕੁਝ ਵੀ ਨਹੀਂ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੁਦਰਤ ਬਹੁਤ ਵੱਡੀ ਚੀਜ਼ ਹੈ, ਇਹ ਵੀ ਕੁਦਰਤ ਦੀ ਦੇਣ ਹੀ ਹੈ ਜਿਹੜੇ ਕਹਿੰਦੇ ਸੀ ਅਸੀਂ ਹਾਰਦੇ ਨਹੀਂ ਉਨ੍ਹਾਂ ਦੀਆਂ ਜ਼ਮਾਨਤਾ ਜ਼ਬਤ ਹੋ ਗਈਆਂ। ਭਗਵੰਤ ਮਾਨ ਨੇ ਕਿਹਾ ਕਿ ਮੈਂ ਕੋਈ ਪੈਸਾ ਕਮਾਉਣ ਨਹੀਂ ਆਇਆ, ਪੈਸੇ ਵਾਲਾ ਕੰਮ ਤਾਂ ਛੱਡ ਕੇ ਆਇਆ ਹਾਂ। ਉਨ੍ਹਾਂ ਕਿਹਾ ਕਿ ਮੈਂ ਤਾਂ ਇੱਕ ਮਸ਼ਹੂਰ ਕਲਾਕਾਰ ਸੀ, ਕੋਈ ਫੇਲ੍ਹ ਕਲਾਕਾਰ ਨਹੀਂ, ਅੱਜ ਵੀ ਮੈਨੂੰ ਬਾਲੀਵੁੱਡ ਵਾਲੇ ਬੁਲਾਉਂਦੇ ਨੇ। ਪਰ ਮੈਂ ਨਾ ਕਰ ਦਿੰਦਾ, ਹੁਣ ਨਹੀਂ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦੋਵੇਂ ਪਾਸੇ ਦੇ ਕੁਲ 10-15 ਕੁ ਜਾਣੇ ਹਨ, ਜੋ ਚੀਕਾ ਮਾਰਦੇ ਨੇ। ਉਨ੍ਹਾਂ ਕਿਹਾ ਕਿ ਚਲੋ ਕੋਈ ਨੀ ਮਾਰ ਲੈਣ ਦਿਓ ਚੀਕਾਂ ਆਪਣਾ ਕਿਹੜਾ ਘੱਟ ਕੀਤੀ ਹੈ, ਇੰਨਾਂ ਦੀਆਂ ਜ਼ਮਾਨਤਾਂ ਜ਼ਬਤ ਕਰਵਾ ਦਿੱਤੀਆਂ। ਉਨ੍ਹਾਂ ਕਿਹਾ ਕਿ ਮੈਨੂੰ ਕੋਈ ਲਾਲ ਬੱਤੀਆਂ, ਹੁਟਰ ਜਾਂ ਗੰਨਮੈਨਾਂ ਦਾ ਚਾਅ ਨਹੀਂ ਹੈ, ਮੈਨੂੰ ਤਾਂ ਤੁਸੀਂ 17 ਸਾਲ ਦੀ ਉਮਰ ਵਿੱਚ ਮਸ਼ਹੂਰ ਕਰ ਦਿੱਤਾ ਸੀ। ਮੈਂ ਕਿਹਾ ਹਾਸੇ ਵੀ ਉਦੋਂ ਹੀ ਚੰਗੇ ਲੱਗਦੇ ਨੇ ਜਦੋਂ ਚੁੱਲ੍ਹੇ ਅੱਗ ਹੋਵੇ। ਇਸ ਲਈ ਇਸ ਖੇਤਰ ਵਿੱਚ ਆਇਆ ਹਾਂ।