ਪੰਜਾਬ ਸਰਕਾਰ ਅੱਗੇ ਜਾਂਚ ਕਰਨ ਦੀ ਲਾਈ ਗੁਹਾਰ
ਮੋਹਾਲੀ, 31 ਜੁਲਾਈ, ਦੇਸ਼ ਕਲਿੱਕ ਬਿਓਰੋ :
ਲੋਕਾਂ ਨੂੰ ਨਵੀਂ ਜ਼ਿੰਦਗੀ ਦੇਣ ਵਾਲੇ ਡਾਕਟਰ ਨੂੰ ਸਾਡੇ ਸਮਾਜ ਵਿਚ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ ਪਰ ਅੱਜਕੱਲ੍ਹ ਕੁਝ ਨਿੱਜੀ ਹਸਪਤਾਲ ਚਲਾ ਰਹੇ ਡਾਕਟਰ ਵੱਡੇ ਨਾਮੀ ਹਸਪਤਾਲਾਂ ਨਾਲ ਕਥਿਤ ਮਿਲੀਭੁਗਤ ਅਤੇ ਕੁਝ ਪੈਸਿਆਂ ਖਾਤਰ ਲੋਕਾਂ ਦੀ ਜਾਨ ਦੀ ਵੀ ਪ੍ਰਵਾਹ ਨਹੀਂ ਕਰਦੇ ਅਤੇ ਇਸ ਧੰਦੇ ਨੂੰ ਸ਼ਰਮਸ਼ਾਰ ਕਰ ਰਹੇ ਹਨ। ਅਜਿਹਾ ਹੀ ਇਕ ਮਾਮਲਾ ਮੋਹਾਲੀ ਦੇ ਇਕ ਨਾਮੀ ਹਸਪਤਾਲ ਵਿਚ ਜਨਮ ਤੋਂ 10 ਦਿਨਾਂ ਬਾਅਦ ਇਕ ਬੱਚੇ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ।
ਅੱਜ ਇਥੇ ਮੋਹਾਲੀ ਪ੍ਰੈਸ ਕਲੱਬ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਪੀੜ੍ਹਤ ਇੰਦਰਪ੍ਰੀਤ ਸਿੰਘ, ਵਾਸੀ ਪਿੰਡ ਭੁੱਚੀ, ਡਾਕਖਾਨਾ ਧੁੰਦਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੇ ਦੱਸਿਆ ਕਿ ਉਸਦਾ ਪਰਿਵਾਰ ਇਕ ਗਰੀਬ ਪਰਿਵਾਰ ਹੈ ਅਤੇ ਉਹ ਜ਼ਮੀਨ ਠੇਕੇ ਉਤੇ ਲੈ ਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। ਉਹਨਾਂ ਦੱਸਿਆ ਕਿ ਮੇਰੀ ਪਤਨੀ ਸੰਦੀਪ ਕੌਰ ਨੇ ਬੀਤੀ 22 ਜੂਨ, 2025 ਨੂੰ ਸ਼ੈਲੀ ਹਸਪਤਾਲ, ਸਰਹਿੰਦ ਵਿਖੇ ਆਪਰੇਸ਼ਨ ਰਾਹੀਂ ਇਕ ਲੜਕੇ ਨੂੰ ਜਨਮ ਦਿੱਤਾ। ਇਸ ਦੌਰਾਨ ਡਿਲਿਵਰੀ ਉਪਰੰਤ ਦੋਵੇਂ ਜੱਚਾ-ਬੱਚਾ ਦੀ ਤੰਦਰੁਸਤੀ ਦੀ ਪੁਸ਼ਟੀ ਡਾ. ਜੀ.ਕੇ. ਸ਼ੈਲੀ, ਡਾ. ਸੀਮਾ ਸ਼ੈਲੀ ਤੇ ਡਾ. ਜੇ.ਡੀ. ਸ਼ੈਲੀ ਨੇ ਕੀਤੀ। ਉਹਨਾਂ ਕਿਹਾ ਕਿ ਕਰੀਬ ਇਕ ਘੰਟੇ ਬਾਅਦ ਹੀ ਉਪਰੋਕਤ ਡਾਕਟਰਾਂ ਦੀ ਟੀਮ ਨੇ ਬੱਚੇ ਦੀ ਸਿਹਤ ਵਿਗੜਨ ਦਾ ਹਵਾਲਾ ਦਿੰਦੇ ਹੋਏ ਬੱਚੇ ਨੂੰ ਤੁਰੰਤ ਮੈਕਸ ਹਸਪਤਾਲ, ਮੋਹਾਲੀ ਵਿਖੇ ਰੈਫਰ ਕਰਨ ਦੀ ਗੱਲ ਆਖੀ। ਜਿਸ ਕਾਰਨ ਪਰਿਵਾਰ ਨੂੰ ਉਹਨਾਂ ਦੇ ਬੇਰੁਖ਼ੇ ਰਵੱਈਏ ਉਤੇ ਸ਼ੱਕ ਪੈਦਾ ਹੋਈ ਅਤੇ ਅਸੀਂ ਡਾਕਟਰਾਂ ਨੂੰ ਗੌਰਮਿੰਟ ਹਸਪਤਾਲ ਸੈਕਟਰ 32 ਜਾਂ ਪੀਜੀਆਈ ਚੰਡੀਗੜ੍ਹ ਵਿਖੇ ਰੈਫਰ ਕਰਨ ਦੀ ਮੰਗ ਕੀਤੀ। ਉਹਨਾਂ ਸਾਡੀ ਗੱਲ ਨਾ ਮੰਨਦਿਆਂ ਧੱਕੇ ਨਾਲ, ਇਕੱਲੇ ਬੱਚੇ ਨੂੰ ਐਂਬੂਲੈਂਸ ਰਾਹੀਂ ਮੋਹਾਲੀ ਸਥਿਤ ਮੈਕਸ ਹਸਪਤਾਲ ਵਿਖੇ ਡਾ. ਮਨੂੰ ਸ਼ਰਮਾ ਕੋਲ ਭੇਜ ਦਿੱਤਾ, ਜਦਕਿ ਬੱਚੇ ਦੇ ਮਾਂ-ਬਾਪ ਨੂੰ ਵੀ ਐਂਬੂਲੈਂਸ ਵਿਚ ਬੈਠਣ ਨਾ ਦਿੱਤਾ।
ਉਹਨਾਂ ਅੱਗੇ ਦੱਸਿਆ ਕਿ ਬੱਚੇ ਦੀ ਹਾਲਤ ਚਿੰਤਾਜਨਕ ਦੱਸ ਕੇ ਸਾਡੇ ਕੋਲੋਂ ਹਜ਼ਾਰਾਂ ਰੁਪਏ ਜਮ੍ਹਾਂ ਕਰਵਾਉਂਦੇ ਰਹੇ ਅਤੇ ਡਾਕਟਰਾਂ ਮੁਤਾਬਕ 1 ਜੁਲਾਈ, 2025 ਤੱਕ ਬੱਚੇ ਦੀ ਸਿਹਤ ਤੰਦਰੁਸਤ ਦੱਸੀ ਗਈ। ਉਹਨਾਂ ਕਿਹਾ ਕਿ ਮੈਕਸ ਡਾਕਟਰਾਂ ਵੱਲੋਂ ਸਾਨੂੰ ਬੱਚੇ ਨਾਲ ਮਿਲਣ ਤੱਕ ਵੀ ਨਾ ਦਿੱਤਾ ਗਿਆ ਅਤੇ ਇਹ ਵੀ ਕਿਹਾ ਕਿ ਜਦੋਂ ਤੱਕ ਅਸੀਂ ਤੁਹਾਨੂੰ ਨਹੀਂ ਬੁਲਾਉਂਦੇ, ਤੁਹਾਨੂੰ ਹਸਪਤਾਲ ਵਿਚ ਵੀ ਆਉਣ ਦੀ ਲੋੜ ਨਹੀਂ ਹੈ। ਮੈਕਸ ਦੇ ਡਾਕਟਰਾਂ ਵੱਲੋਂ ਬੱਚੇ ਦੀ ਸਿਹਤਯਾਬ ਦੱਸਦੇ ਹੋਏ ਇਕ-ਦੋ ਦਿਨ ਵਿਚ ਛੁੱਟੀ ਦੇਣ ਦੀ ਗੱਲ ਵੀ ਆਖੀ ਗਈ। ਪਰੰਤੂ 1 ਜੁਲਾਈ 2025 ਨੂੰ ਮੈਕਸ ਹਪਸਤਾਲ ਤੋਂ ਫੋਨ ਆਇਆ ਕਿ ਤੁਹਾਡਾ ਪੈਂਡਿੰਗ ਬਿੱਲ ਪਿਆ ਤੁਰੰਤ ਕਲੀਅਰ ਕਰੋ ਕਿਉਂਕਿ ਬੱਚੇ ਨੂੰ ਦਵਾਈ ਮਹਿੰਗੀ ਚੜ੍ਹਾਈ ਜਾ ਰਹੀ ਹੈ, ਕਿਉਂਕਿ ਬੱਚੇ ਵੈਂਟੀਲੇਟਰ ਉਤੇ ਰੱਖਿਆ ਗਿਆ ਸੀ। ਪ੍ਰੰਤੂ ਸਾਡੇ ਪਰਿਵਾਰ ਉਤੇ ਦੁੱਖਾਂ ਦਾ ਪਹਾੜ ਉਦੋਂ ਟੁੱਟ ਗਿਆ ਜਦੋਂ ਡਾਕਟਰਾਂ ਨੇ 2 ਜੁਲਾਈ 2025 ਨੂੰ ਸਵੇਰੇ 4 ਵਜੇ ਹੀ ਸਾਡੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਸਾਨੂੰ ਤੁਰੰਤ ਸਾਢੇ ਤਿੰਨ ਲੱਖ ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ। ਪੀੜ੍ਹਤ ਇੰਦਰਪ੍ਰੀਤ ਸਿੰਘ ਨੇ ਕਿਹਾ ਕਿ ਪਰਿਵਾਰ ਨੂੰ ਸ਼ੱਕ ਹੈ ਕਿ ਸਾਡਾ ਬੱਚਾ ਪਹਿਲਾਂ ਹੀ ਮਰ ਚੁੱਕਾ ਸੀ, ਪਰ ਹਸਪਤਾਲ ਕਥਿਤ ਤੌਰ ਉਤੇ ਮੋਟੇ ਪੈਸੇ ਬਟੋਰਨ ਲਈ ਟਾਲ-ਮਟੋਲ ਕਰਦਾ ਰਿਹਾ।
ਇੰਦਰਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਜਦੋਂ ਉਹਨਾਂ ਸ਼ੈਲੀ ਹਸਪਤਾਲ ਦੇ ਮਾਲਕ ਡਾ. ਜੀ.ਕੇ. ਸ਼ੈਲੀ ਨੂੰ ਬੱਚੇ ਦੀ ਮੌਤ ਬਾਰੇ ਜਾਣਕਾਰੀ ਦਿੱਤੀ ਤਾਂ ਉਹਨਾਂ ਆਪਣਾ ਪੱਲਾ ਝਾੜਦਿਆਂ ਕਿਹਾ ਕਿ ਮੈਂ ਇਸ ਵਿਚ ਕੀ ਕਰ ਸਕਦੀ ਹਾਂ, ਮੈਂ ਕੋਈ ਰੱਬ ਥੋੜ੍ਹੀ ਆਂ, ਮੇਰਾ ਤਾਂ ਆਪ 30 ਸਾਲਾਂ ਦਾ ਪੁੱਤਰ ਮਰ ਗਿਆ। ਡਾ. ਸ਼ੈਲੀ ਦੇ ਇਸ ਜਵਾਬ ਨੇ ਪੂਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਅਤੇ ਪਰਿਵਾਰ ਸਦਮੇ ਵਿਚ ਹੈ।
ਉਹਨਾਂ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਸਿਹਤ ਮੰਤਰੀ ਬਲਬੀਰ ਸਿੰਘ, ਡੀਜੀਪੀ ਪੰਜਾਬ ਸਮੇਤ ਐਸਐਸਪੀ ਅਤੇ ਸਿਵਲ ਸਰਜਨ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਸ਼ੈਲੀ ਹਸਪਤਾਲ ਅਤੇ ਮੈਕਸ ਹਸਪਤਾਲ ਵਿਰੁੱਧ ਕਾਨੂੰਨੀ ਕਾਰਵਾਈ ਕਰਦਿਆਂ ਸਾਨੂੰ ਇਨਸਾਫ਼ ਦਿਵਾਇਆ ਜਾਵੇ। ਉਹਨਾਂ ਕਿਹਾ ਕਿ ਅਜਿਹੇ ਨਿੱਜੀ ਹਸਪਤਾਲ ਆਪਣੇ ਚੰਦ ਪੈਸਿਆਂ ਲਈ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੇ ਹਨ, ਜਿਨ੍ਹਾਂ ਉਤੇ ਤੁਰੰਤ ਨੱਥ ਪਾਈ ਜਾਵੇ।
ਕੀ ਕਹਿਣਾ ਹੈ ਸ਼ੈਲੀ ਹਸਪਤਾਲ ਦੀ ਡਾ. ਜੀ.ਕੇ. ਸ਼ੈਲੀ ਦਾ:
ਜਦੋਂ ਇਸ ਮਾਮਲੇ ਸਬੰਧੀ ਸ਼ੈਲੀ ਹਸਪਤਾਲ ਦੀ ਡਾ. ਜੀ.ਕੇ. ਸ਼ੈਲੀ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮੇਰੇ ਕੋਲ ਡਾਕਟਰੀ ਦਾ 51 ਸਾਲਾਂ ਦਾ ਤਜ਼ਰਬਾ ਹੈ ਅਤੇ ਮੈਂ ਕਿਸੇ ਤੋਂ ਕਮਿਸ਼ਨ ਲੈ ਕੇ ਕੰਮ ਨਹੀਂ ਕਰਦੀ। ਉਹਨਾਂ ਸਾਫ ਕਿਹਾ ਕਿ ਜਨਮ ਸਮੇਂ ਬੱਚਾ ਤੰਦਰੁਸਤ ਸੀ ਪਰ ਬਾਅਦ ਵਿਚ ਬੱਚੇ ਨੂੰ ਸਾਹ ਲੈਣ ਵਿਚ ਦਿੱਕਤ ਹੋਣ ਕਾਰਨ ਮਾਂ-ਬਾਪ ਵੱਲੋਂ ਬੱਚੇ ਮੈਕਸ ਹਸਪਤਾਲ ਮੋਹਾਲੀ ਭੇਜਿਆ ਗਿਆ। ਜਿਥੇ ਮਾਂ ਨੂੰ ਹਾਈਪਰਟੈਨਸ਼ਨ ਹੋਣ ਕਾਰਨ ਬੱਚਾ ਵੀ ਜਨਮ ਤੋਂ ਬਾਅਦ ਹਾਈਪਰਟੈਨਸ਼ਨ ਵਿਚ ਸੀ। ਜਿਸ ਕਾਰਨ ਕਾਰਨ ਉਸਦੇ ਫੇਫੜਿਆਂ ਵਿਚੋਂ ਬਲੀਡਿੰਗ ਹੋਣ ਲੱਗੀ ਅਤੇ ਬੱਚੇ ਨੂੰ ਵੈਂਟੀਲੇਟਰ ਉਤੇ ਰੱਖਿਆ ਗਿਆ, ਜਿਸ ਤੋਂ ਕੁਝ ਸਮੇਂ ਬਾਅਦ ਬੱਚੇ ਦੀ ਮੌਤ ਹੋ ਗਈ।
ਜਦੋਂ ਇਸ ਮਾਮਲੇ ਸਬੰਧੀ ਮੈਕਸ ਹਸਪਤਾਲ ਦੇ ਡਾ. ਮਨੂੰ ਸ਼ਰਮਾ ਨਾਲ ਉਤੇ ਵਾਰ-ਵਾਰ ਗੱਲ ਕਰਨੀ ਚਾਹੀ ਤਾਂ ਉਹਨਾਂ ਫੋਨ ਨਹੀਂ ਚੁੱਕਿਆ।