ਕੈਬਨਿਟ ਮੰਤਰੀ ਹਰਦੀਪ ਮੁੰਡੀਆ ਨੇ ਫੇਸ 11 ਮੋਹਾਲੀ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

ਟ੍ਰਾਈਸਿਟੀ

ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਐਸ.ਐਸ. ਆਹਲੂਵਾਲੀਆ ਵੀ ਰਹੇ ਮੌਜੂਦ

ਮੋਹਾਲੀ, 1 ਅਗਸਤ, 2025: ਦੇਸ਼ ਕਲਿੱਕ ਬਿਓਰੋ

ਮੋਹਾਲੀ ਦੇ ਫੇਸ 11 ਵਿੱਚ ਪਿਛਲੇ ਕਈਂ ਸਾਲਾਂ ਤੋਂ ਬਰਸਾਤੀ ਪਾਣੀ ਦਾ ਸੰਤਾਪ ਭੋਗ ਰਹੇ ਇਥੋਂ ਦੇ ਨਿਵਾਸੀਆਂ ਨੂੰ ਇਸ ਮੁਸ਼ਕਿਲ ਤੋਂ ਛੁਟਕਾਰਾ ਦਿਵਾਉਣ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ 2.05 ਕਰੋੜ ਰੁਪਏ ਦੇ ਪ੍ਰੋਜੈਕਟ ਦੇ ਕੰਮ ਦਾ ਜਾਇਜ਼ਾ ਲੈਣ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਪੰਜਾਬ ਸ. ਹਰਦੀਪ ਸਿੰਘ ਮੁੰਡੀਆ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਐਸ.ਐਸ. ਆਹਲੂਵਾਲੀਆ ਨੇ ਅੱਜ ਵਿਸ਼ੇਸ਼ ਤੌਰ ਤੇ ਦੌਰਾ ਕੀਤਾ। ਇਸ ਦੌਰਾਨ ਮਾਰਕੀਟ ਕਮੇਟੀ ਮੋਹਾਲੀ ਦੇ ਚੇਅਰਮੈਨ ਐਡਵੋਕੇਟ ਗੋਵਿੰਦਰ ਮਿੱਤਲ ਅਤੇ ਏਜੀ ਦਫਤਰ ਪੰਜਾਬ ਤੋਂ ਸ. ਧਰਮਿੰਦਰ ਸਿੰਘ ਲਾਂਬਾ ਵੀ ਮੌਜੂਦ ਰਹੇ।
ਕੈਬੀਨਟ ਮੰਤਰੀ ਸ. ਹਰਦੀਪ ਸਿੰਘ ਮੁੰਡੀਆ ਨੇ ਇਸ ਮੌਕੇ ਦੱਸਿਆ ਕਿ ਇਸ ਪ੍ਰੋਜੈਕਟ ਦਾ ਕੰਮ ਕਾਫ਼ੀ ਹੱਦ ਤੱਕ ਪੂਰਾ ਕਰ ਲਿਆ ਗਿਆ ਹੈ, ਜਿਸ ਕਾਰਨ ਇਸ ਸਾਲ ਬਰਸਾਤ ਦੇ ਦਿਨਾਂ ਵਿੱਚ ਫੇਸ 11 ਵਾਸੀਆਂ ਨੂੰ ਬਰਸਾਤੀ ਪਾਣੀ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਿਆ। ਪਿਛਲੇ ਸਾਲਾਂ ਦੌਰਾਨ ਬਰਸਾਤੀ ਪਾਣੀ ਲੋਕਾਂ ਦਾ ਘਰਾਂ ਵਿੱਚ ਵੜ ਕੇ ਉਨਾਂ ਦਾ ਬਹੁਤ ਨੁਕਸਾਨ ਕਰਦਾ ਸੀ। ਉਨ੍ਹਾਂ ਨੇ ਇਸ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਪ੍ਰੋਜੈਕਟ ਦੇ ਬਾਕੀ ਰਹਿੰਦੇ ਕੰਮਾਂ ਨੂੰ ਅਗਲੇ 45 ਦਿਨਾਂ ਦੇ ਵਿੱਚ ਮੁਕੰਮਲ ਕਰਨ ਦੇ ਸਖਤ ਨਿਰਦੇਸ਼ ਦਿੱਤੇ।
ਡਾ. ਐਸ.ਐਸ. ਆਹਲੂਵਾਲੀਆ ਨੇ ਇਸ ਮੌਕੇ ਦੱਸਿਆ ਕਿ ਫੇਜ਼-11, ਮੋਹਾਲੀ ਦੇ ਪੈਟਰੋਲ ਪੰਪ ਤੋਂ ਲੈ ਕੇ ਮੋਹਾਲੀ ਗੋਲਫ ਰੇਂਜ ਤੱਕ 56“ (1400 ਐਮ.ਐਮ.) ਵਿਆਸ ਦੀ ਆਰ.ਸੀ.ਸੀ. ਪਾਈਪ (ਜਿਸ ਦੀ ਲੰਬਾਈ ਲਗਭਗ 750 ਮੀਟਰ ਹੈ) ਪਾਈ ਜਾ ਰਹੀ ਹੈ। ਇਸ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਫੇਸ 11 ਵਿੱਚ ਬਰਸਾਤੀ ਪਾਣੀ ਦੀ ਸਮੱਸਿਆ ਪੂਰੀ ਤਰ੍ਹਾਂ ਨਾਲ ਖਤਮ ਹੋ ਜਾਵੇਗੀ, ਜਿਸ ਨਾਲ ਲੋਕਾਂ ਦੇ ਘਰ ਅਤੇ ਕੀਮਤੀ ਸਮਾਨ ਖਰਾਬ ਨਹੀਂ ਹੋਣਗੇ ਅਤੇ ਇਥੋਂ ਦੇ ਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਫੇਸ 11 ਵਾਸੀਆਂ ਦੀਆਂ ਸਮੱਸਿਆਂ ਵੱਲ ਕੋਈ ਧਿਆਨ ਨਹੀਂ ਦਿੱਤਾ, ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਇਥੋਂ ਦੇ ਵਾਸੀਆਂ ਦੀਆਂ ਮੁਸਕਿਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾ ਰਿਹਾ ਹੈ। ਇਹ ਕੰਮ ਮੁਕੰਮਲ ਹੋਣ ਨਾਲ ਫੇਜ਼-11 ਦੇ ਐਲ.ਆਈ.ਜੀ. ਅਤੇ ਐਮ.ਆਈ.ਜੀ. ਮਕਾਨਾਂ ਵਿੱਚ ਬਰਸਾਤੀ ਪਾਣੀ ਦੀ ਸਮੱਸਿਆ ਤੋਂ ਪੂਰੀ ਤਰ੍ਹਾਂ ਨਾਲ ਨਿਜਾਤ ਮਿਲ ਜਾਵੇਗੀ।

ਇਸ ਦੌਰਾਨ ਫੇਸ 11 ਨਿਵਾਸੀ ਆਪ ਮਹਿਲਾ ਵਿੰਗ ਦੇ ਜਿਲ੍ਹਾ ਸਕੱਤਰ ਸਵਰਣਾ ਲਤਾ, ਬਲਾਕ ਪ੍ਰਧਾਨ ਤਰਨਜੀਤ ਸਿੰਘ ਪੱਪੂ, ਗੱਜਣ ਸਿੰਘ, ਕੈਪਟਨ ਕਰਨੈਲ ਸਿੰਘ ਤੋਂ ਇਲਾਵਾ ਇਲਾਕਾ ਨਿਵਾਸੀਆਂ ਵੱਲੋਂ ਕੰਮ ਪ੍ਰਤੀ ਸੰਤੁਸ਼ਟੀ ਦਰਸਾਈ ਗਈ ਅਤੇ ਕੈਬੀਨਟ ਮੰਤਰੀ ਸ. ਹਰਦੀਪ ਸਿੰਘ ਮੁੰਡੀਆ ਅਤੇ ਚੇਅਰਮੈਨ ਡਾ. ਐਸ.ਐਸ. ਆਹਲੂਵਾਲੀਆ ਵੱਲੋਂ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਣ ਲਈ ਧੰਨਵਾਦ ਕੀਤਾ ਗਿਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।