ਸਾਹਿਬਜ਼ਾਦਾ ਅਜੀਤ ਸਿੰਘ ਨਗਰ, 1 ਅਗਸਤ, 2025, ਦੇਸ਼ ਕਲਿੱਕ ਬਿਓਰੋ :
ਨਿਗਮ (ਐਮ ਸੀ) ਮੋਹਾਲੀ ਨੇ ਸਰਕਾਰ ਦੁਆਰਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਲਈ ਐਲਾਨੀ ਗਈ ਇੱਕਮੁਸ਼ਤ ਨਿਪਟਾਰਾ (ਓ ਟੀ ਐਸ) ਯੋਜਨਾ ਤਹਿਤ ਲਗਭਗ 20 ਕਰੋੜ ਰੁਪਏ ਸਫਲਤਾਪੂਰਵਕ ਵਸੂਲ ਕੀਤੇ ਹਨ। ਇਹ ਮੀਲ ਪੱਥਰ 31 ਜੁਲਾਈ, 2025 ਦੀ ਆਖਰੀ ਮਿਤੀ ਤੱਕ ਕਾਇਮ ਕੀਤਾ ਗਿਆ ਹੈ।
ਜਾਣਕਾਰੀ ਦਿੰਦੇ ਹੋਏ, ਨਗਰ ਨਿਗਮ, ਮੋਹਾਲੀ (Municipal Corporation Mohali) ਦੇ ਕਮਿਸ਼ਨਰ, ਪਰਮਿੰਦਰ ਪਾਲ ਸਿੰਘ ਸੰਧੂ ਨੇ ਕਿਹਾ ਕਿ ਪ੍ਰਾਪਰਟੀ ਟੈਕਸ ਬਕਾਏ ਤੋਂ ਆਇਆ ਮਾਲੀਆ ਪਿਛਲੇ ਸਾਲ ਦੀ ਉਗਰਾਹੀ ਨਾਲੋਂ ਤਿੰਨ ਗੁਣਾ ਵੱਧ ਹੈ।
ਡਾ. ਸੰਜੀਵ ਕੰਬੋਜ, ਹੈਲਥ ਮੈਡੀਕਲ ਅਫਸਰ ਅਤੇ ਇੰਚਾਰਜ, ਨਗਰ ਨਿਗਮ ਮੋਹਾਲੀ ਪ੍ਰਾਪਰਟੀ ਟੈਕਸ ਸ਼ਾਖਾ ਨੇ ਕਿਹਾ ਕਿ ਟੈਕਸ ਬਕਾਏ ਵਿੱਚ ਇਹ ਅਸਾਧਾਰਨ ਉਗਰਾਹੀ, ਨਗਰ ਨਿਗਮ ਸਟਾਫ ਦੇ ਅਣਥੱਕ ਸਮਰਪਣ ਦਾ ਨਤੀਜਾ ਹੈ, ਜਿਨ੍ਹਾਂ ਨੇ ਟੈਕਸਦਾਤਾਵਾਂ ਲਈ ਸਮੇਂ ਸਿਰ ਪ੍ਰਕਿਰਿਆ ਅਤੇ ਸਹਾਇਤਾ ਨੂੰ ਯਕੀਨੀ ਬਣਾਉਣ ਲਈ ਦੇਰ ਰਾਤ ਤੱਕ (ਪਿਛਲੇ ਦੋ ਦਿਨਾਂ ਚ ਅੱਧੀ ਰਾਤ 12 ਵਜੇ ਤੱਕ) ਕੰਮ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੇ ਸਮਰਪਣ ਨੇ ਇਸ ਮੁਹਿੰਮ ਦੀ ਸਫ਼ਲਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਉਨ੍ਹਾਂ ਕਿਹਾ ਕਿ ਮੋਹਾਲੀ ਦੇ ਇਹ ਸਾਰੇ ਵਪਾਰਕ ਜਾਇਦਾਦਾਂ ਦੇ ਮਾਲਕ ਜਿਨ੍ਹਾਂ ਦਾ ਲੰਬੇ ਸਮੇਂ ਤੋਂ ਬਕਾਇਆ ਟੈਕਸ ਖੜ੍ਹਾ ਸੀ, ਵੀ ਨਿਗਮ ਅਧਿਕਾਰੀਆਂ ਦੀ ਪ੍ਰੇਰਨਾ ਸਦਕਾ ਆਪਣੇ ਬਕਾਏ ਦਾ ਨਿਪਟਾਰਾ ਕਰਨ ਲਈ ਅੱਗੇ ਆਏ ਤੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿੰਦਿਆਂ ਸਰਕਾਰ ਦੀ ਟੈਕਸ ਬਕਾਏ ਚ ਛੋਟ ਦੀ ਪਹਿਲਕਦਮੀ ਪ੍ਰਤੀ ਸਖ਼ਤ ਹੁੰਗਾਰਾ ਦਿਖਾਉਂਦੇ ਹੋਏ।
ਕਮਿਸ਼ਨਰ ਨੇ ਅੱਗੇ ਕਿਹਾ ਕਿ ਨਗਰ ਨਿਗਮ ਆਪਣੇ ਮਿਹਨਤੀ ਸਟਾਫ਼ ਅਤੇ ਟੈਕਸ ਸਹਿਯੋਗੀ ਜਨਤਾ ਦਾ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਦਿਲੋਂ ਧੰਨਵਾਦ ਕਰਦੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਨਾਗਰਿਕਾਂ ਨੂੰ ਸ਼ਹਿਰ ਦੇ ਸਮੁੱਚੇ ਵਿਕਾਸ ਲਈ ਅਜਿਹੇ ਯਤਨਾਂ ਦਾ ਸਮਰਥਨ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ ਜਾਂਦਾ ਰਹੇਗਾ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਦੇ ਹੱਲ ਪ੍ਰਤੀ ਵੀ ਪੂਰਨ ਵਚਨਬੱਧਤਾ ਦਿਖਾਈ ਜਾਵੇਗੀ।