ਚੰਡੀਗੜ੍ਹ , 2 ਅਗਸਤ, ਦੇਸ਼ ਕਲਿੱਕ ਬਿਓਰੋ :
ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ ਅੱਜ ਇਕ ਪੱਤਰ ਜਾਰੀ ਕਰ ਕੇ ਸੂਬੇ ਦੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਦੀਆਂ ਆਮ ਬਦਲੀਆਂ/ਤੈਨਾਤੀਆਂ ਕਰਨ ਸਬੰਧੀ ਹਦਾਇਤਾਂ ਅਤੇ ਸਮਾਂ-ਸੀਮਾ ਸਬੰਧੀ ਵਾਧਾ ਕਰਨ ਬਾਰੇ ਇਕ ਪੱਤਰ ਜਾਰੀ ਕੀਤਾ ਗਿਆ ਹੈ।
ਜਾਰੀ ਕੀਤੇ ਗਏ ਪੱਤਰ ਅਨੁਸਾਰ ਪ੍ਰਸੋਨਲ ਵਿਭਾਗ ਵੱਲੋਂ ਪਹਿਲਾਂ ਜਾਰੀ ਪੱਤਰ ਨੰਬਰ 07/01/2014-1ਪੀ.ਪੀ.2(3ਪੀ.ਪੀ2)/382-385 ਮਿਤੀ 05.06.2025 ਦੀ ਲਗਾਤਾਰਤਾ ਵਿਚ ਪੰਜਾਬ ਸਰਕਾਰ ਵਲੋਂ ਪੰਜਾਬ ਰਾਜ ਦੇ ਸਮੂਹ ਵਿਭਾਗਾਂ/ਅਦਾਰਿਆਂ ਵਿੱਚ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਦੀਆਂ ਆਮ ਬਦਲੀਆਂ ਅਤੇ ਤੈਨਾਤੀਆਂ ਕਰਨ ਦਾ ਸਮਾਂ ਜੋ ਕਿ ਮਿਤੀ 23.06.2025 ਤੋਂ 01.08.2025 ਨਿਰਧਾਰਤ ਕੀਤਾ ਗਿਆ ਸੀ ਪ੍ਰੰਤੂ ਹੁਣ ਇਹ ਪੱਤਰ ਜਾਰੀ ਕਰਕੇ ਆਮ ਬਦਲੀਆਂ/ਤੈਨਾਤੀਆਂ ਦੇ ਸਮੇਂ ਵਿੱਚ ਮਿਤੀ 20.08.2025 ਤੱਕ ਦਾ ਵਾਧਾ ਕੀਤਾ ਗਿਆ ਹੈ।
ਬੁਲਾਰੇ ਨੇ ਦੱਸਿਆ ਕਿ ਮਿਤੀ 20.08.2025 ਤੋਂ ਬਾਅਦ ਆਮ ਬਦਲੀਆਂ ਤੇ ਸੰਪੂਰਨ ਰੋਕ ਹੋਵੇਗੀ ਅਤੇ ਇਸ ਉਪਰੰਤ ਬਦਲੀ/ਤੈਨਾਤੀ ਪ੍ਰਸੋਨਲ ਵਿਭਾਗ ਵੱਲੋਂ ਜਾਰੀ ਟਰਾਂਸਫਰ ਪਾਲਿਸੀ ਮਿਤੀ 23.04.2018 ਵਿੱਚ ਕੀਤੇ ਗਏ ਉਪਬੰਧਾਂ ਅਨੁਸਾਰ ਹੀ ਕੀਤੀ ਜਾ ਸਕੇਗੀ।
ਇਹ ਪੱਤਰ ਰਾਜ ਦੇ ਸਮੂਹ ਵਿਭਾਗਾਂ ਦੇ ਮੁੱਖੀ,ਡਵੀਜਨਾਂ ਦੇ ਕਮਿਸ਼ਨਰਜ਼, ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਜ਼ ਅਤੇ ਸਬ ਡਵੀਜ਼ਨ ਮੈਜਿਸਟਰੇਟ, ਰਾਜ ਦੇ ਸਮੂਹ ਬੋਰਡ/ਕਾਰਪੋਰੇਸ਼ਨਾਂ ਦੇ ਚੈਅਰਮੇਨ/ਮੈਨੇਜਿੰਗ ਡਾਇਰੈਕਟਰ ਨੂੰ ਮੁਖ਼ਾਤਿਬ ਕੀਤਾ ਗਿਆ ਹੈ।