ਤੀਆਂ ਵਰਗੇ ਤਿਉਹਾਰ ਸਾਡੇ ਪੰਜਾਬੀ ਸੱਭਿਆਚਾਰ ਦੀ ਰੂਹ : ਪਰਵਿੰਦਰ ਸਿੰਘ ਸੋਹਾਣਾ
ਮੋਹਾਲੀ, 2 ਅਗਸਤ : ਦੇਸ਼ ਕਲਿੱਕ ਬਿਓਰੋ
ਪੰਜਾਬੀ ਸੱਭਿਆਚਾਰ ਅਤੇ ਰੀਤ-ਰਿਵਾਜਾਂ ਨੂੰ ਸਾਂਭ ਕੇ ਰੱਖਣ ਦੀ ਕੋਸ਼ਿਸ਼ ਵਜੋਂ ਸੋਹਾਣਾ ਫਾਊਂਡੇਸ਼ਨ ਵੱਲੋਂ ਮੋਹਾਲੀ ਦੇ ਸੈਕਟਰ 78 ਵਿਚ ਤੀਆਂ ਨੂੰ ਸਮਰਪਿਤ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਫਾਊਂਡੇਸ਼ਨ ਦੀ ਪ੍ਰਧਾਨ ਹਰਜਿੰਦਰ ਕੌਰ ਸੋਹਾਣਾ ਦੀ ਅਗਵਾਈ ਹੇਠ ਕਰਵਾਏ ਸਮਾਗਮ ਵਿੱਚ ਇਲਾਕੇ ਦੀਆਂ ਸੈਂਕੜੇ ਮੁਟਿਆਰਾਂ ਨੇ ਭਾਗ ਲੈ ਕੇ ਤਿਉਹਾਰ ਦੀ ਰੌਣਕ ਵਧਾਈ। ਇਸ ਤਿਉਹਾਰ ਦੀ ਵਿਸ਼ੇਸ਼ਤਾ ਇਹ ਰਹੀ ਕਿ ਔਰਤਾਂ ਨੇ ਰਵਾਇਤੀ ਪੁਸ਼ਾਕਾਂ ਧਾਰਣ ਕਰਕੇ ਗਿੱਧੇ-ਭੰਗੜੇ ਰਾਹੀਂ ਸੱਭਿਆਚਾਰਕ ਪਛਾਣ ਨੂੰ ਉਜਾਗਰ ਕੀਤਾ।

ਸਮਾਰੋਹ ਦੌਰਾਨ “ਮਿਸ ਤੀਜ” ਅਤੇ “ਮਿਸ ਪੰਜਾਬਣ” ਦੇ ਮੁਕਾਬਲੇ ਵੀ ਹੋਏ, ਜਿਨ੍ਹਾਂ ਵਿੱਚ ਜਸਮੀਨ ਕੌਰ ਨੇ ਮਿਸ ਤੀਜ ਅਤੇ ਰਾਜਵੀਰ ਕੌਰ ਨੇ ਮਿਸ ਪੰਜਾਬਣ ਦਾ ਖਿਤਾਬ ਜਿੱਤਿਆ। ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਹਾਜ਼ਰ ਹੋਏ। ਉਨ੍ਹਾਂ ਨੇ ਆਪਣੀ ਸੰਬੋਧਨ ਵਿਚ ਕਿਹਾ ਕਿ ਤੀਆਂ ਸਿਰਫ਼ ਤਿਉਹਾਰ ਨਹੀਂ, ਸਾਡੀ ਮਾਂ-ਧੀ ਦੀ ਮਿੱਠੀ ਵਿਰਾਸਤ ਹਨ। ਇਹ ਤਿਉਹਾਰ ਸਾਡੇ ਪੰਜਾਬੀ ਸਭਿਆਚਾਰ ਦੀ ਰੂਹ ਹਨ, ਜਿੱਥੇ ਧੀਆਂ ਨੂੰ ਸਨਮਾਨ, ਪਿਆਰ ਅਤੇ ਖੁਸ਼ੀਆਂ ਮਿਲਦੀਆਂ ਹਨ। ਅਸੀਂ ਤੀਆਂ ਨੂੰ ਮਨਾਕੇ ਨਾ ਸਿਰਫ਼ ਆਪਣੀ ਰਵਾਇਤ ਨੂੰ ਸੰਭਾਲ ਕੇ ਰੱਖਦੇ ਹਾਂ, ਸਗੋਂ ਨਵੀਂ ਪੀੜ੍ਹੀ ਨੂੰ ਵੀ ਆਪਣੇ ਵਿਰਸਿਆਂ ਤੇ ਵਿਰਾਸਤ ਨਾਲ ਜੋੜ ਕੇ ਰੱਖਣ ਦਾ ਯਤਨ ਕਰਦੇ ਹਾਂ। ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਸੋਹਾਣਾ ਫਾਊਂਡੇਸ਼ਨ ਵੱਲੋਂ ਕੀਤਾ ਗਿਆ ਇਹ ਉਪਰਾਲਾ ਸਿਰਫ਼ ਤਿਉਹਾਰ ਮਨਾਉਣ ਤੱਕ ਸੀਮਿਤ ਨਹੀਂ, ਸਗੋਂ ਇਸ ਨੇ ਸਮਾਜ ਵਿੱਚ ਔਰਤਾਂ ਦੀ ਭੂਮਿਕਾ, ਉਨ੍ਹਾਂ ਦੇ ਅਧਿਕਾਰ ਅਤੇ ਵਿਰਾਸਤ ਬਾਰੇ ਵੀ ਵੱਡਾ ਸੁਨੇਹਾ ਦਿੱਤਾ ਹੈ। ਇਸ ਤਰ੍ਹਾਂ ਦੇ ਸਮਾਰੋਹ ਪੰਜਾਬੀ ਰੀਤ-ਰਿਵਾਜਾਂ ਨੂੰ ਨਵੀਂ ਪੀੜ੍ਹੀ ਤੱਕ ਲਿਜਾਣ ਵਾਸਤੇ ਬੇਹੱਦ ਮਹੱਤਵਪੂਰਨ ਹਨ। ਸਮਾਰੋਹ ਦੀ ਰੌਣਕ ਨੂੰ ਚਾਰ ਚੰਨ ਲਗਾਏ ਪੰਜਾਬ ਦੀ ਮਸ਼ਹੂਰ ਲੋਕ ਗਾਇਕਾ ਜਸਵਿੰਦਰ ਬਰਾੜ ਨੇ, ਜਿਨ੍ਹਾਂ ਨੇ ਆਪਣੇ ਸ਼ਾਨਦਾਰ ਗੀਤਾਂ ਨਾਲ ਹਾਜ਼ਰ ਲੋਕਾਂ ਨੂੰ ਨੱਚਣ ‘ਤੇ ਮਜਬੂਰ ਕਰ ਦਿੱਤਾ। ਇਸ ਮੌਕੇ ਵੱਖ ਵੱਖ ਖੇਤਰਾਂ ਵਿੱਚ ਯੋਗਦਾਨ ਪਾਉਣ ਵਾਲੀਆਂ ਮੋਹਣੀ ਤੂਰ, ਰਾਜ ਧਾਲੀਵਾਲ ਅਤੇ ਗੁਰਪ੍ਰੀਤ ਕੌਰ ਭੰਗੂ ਨੂੰ ਸੋਹਾਣਾ ਫਾਊਂਡੇਸ਼ਨ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਹੋਰ ਵਿਸ਼ੇਸ਼ ਮਹਿਮਾਨਾਂ ਵਿੱਚ ਬੀਬੀ ਪਰਮਜੀਤ ਕੌਰ ਲਾਂਡਰਾਂ (ਸਾਬਕਾ ਚੇਅਰਮੈਨ, ਵੂਮਨ ਕਮਿਸ਼ਨ ਪੰਜਾਬ), ਐਮ.ਸੀ ਨਿਰਮਲ ਕੌਰ ਢਿੱਲੋਂ, ਐਮ.ਸੀ ਗੁਰਪ੍ਰੀਤ ਕੌਰ, ਅਮਨਜੋਤ ਕੌਰ ਰਾਮੂਵਾਲੀਆ ਸਾਬਕਾ ਚੇਅਰਮੈਨ ਯੋਜਨਾ ਬੋਰਡ ਮੋਹਾਲੀ, ਜਗਜੀਤ ਕੌਰ ਕਾਹਲੋਂ, ਸਤਵੰਤ ਕੌਰ ਜੌਹਲ, ਹਰਦੀਪ ਕੌਰ (ਦਿਸ਼ਾ ਵੁਮੈਨ ਟਰਸਟ) ਆਦਿ ਹਾਜ਼ਰ ਸਨ