ਚੰਡੀਗੜ੍ਹ, 2 ਅਗਸਤ, ਦੇਸ਼ ਕਲਿੱਕ ਬਿਓਰੋ :
ਅੱਜ ਸਵੇਰੇ ਸਵੇਰੇ ਪੰਜਾਬ ਵਿਜੀਲੈਂਸ ਦੀ ਟੀਮ ਰਣਜੀਤ ਸਿੰਘ ਗਿੱਲ ਦੇ ਘਰ ਪਹੁੰਚੀ ਹੈ। ਪੰਜਾਬ ਵਿਜੀਲੈਂਸ ਚੰਡੀਗੜ੍ਹ ਸੈਕਟਰ ਵਿਖੇ ਰਣਜੀਤ ਸਿੰਘ ਦੇ ਘਰ ਪੁੱਜੀ। ਰਣਜੀਤ ਸਿੰਘ ਗਿੱਲ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੇ ਦੂਜੇ ਦਿਨ ਹੀ ਵਿਜੀਲੈਂਸ ਉਨ੍ਹਾਂ ਘਰ ਪੁੱਜੀ ਹੈ। ਜ਼ਿਕਰਯੋਗ ਹੈ ਕਿ ਰਣਜੀਤ ਸਿੰਘ ਨੇ ਕੁਝ ਦਿਨ ਪਹਿਲਾਂ ਹੀ ਅਕਾਲੀ ਦਲ ਤੋਂ ਆਪਣਾ ਅਸਤੀਫਾ ਦੇ ਦਿੱਤਾ ਸੀ। ਬੀਤੇ ਕੱਲ੍ਹ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਰਣਜੀਤ ਸਿੰਘ ਗਿੱਲ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਾਰਟੀ ਵਿਚ ਸ਼ਾਮਲ ਕਰਵਾਇਆ ਸੀ। ਰਣਜੀਤ ਗਿੱਲ ਇਸ ਤੋਂ ਪਹਿਲਾਂ ਅਕਾਲੀ ਦਲ ਦੀ ਟਿਕਟ ਉਤੇ ਖਰੜ ਵਿਧਾਨ ਸਭਾ ਤੋਂ ਚੋਣ ਲੜੇ ਸਨ।ਰਣਜੀਤ ਸਿੰਘ ਗਿੱਲ ਅਜੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਪਣੇ ਕਾਡਰ ਨਾਲ ਤਾਲਮੇਲ ਕਰਨ ਦੀਆਂ ਵਿਉਂਤਾਂ ਬਣਾ ਰਹੇ ਸਨ ਜਦੋਂ ਵਿਜੀਲੈਂਸ ਨੇ ਅੱਜ ਸਵੇਰੇ ਹੀ ਉਨ੍ਹਾਂ ਦੇ ਸੈਕਟਰ 2 ਸਥਿਤ ਘਰ ਅਤੇ ਉਨ੍ਹਾਂ ਦੇ ਪਾਰਟਨਰ ਦੇ ਫੇਜ 7 ਵਿੱਚ ਘਰ ‘ਤੇ ਰੇਡ ਮਾਰ ਦਿੱਤੀ। ਰਣਜੀਤ ਸਿੰਘ ਗਿੱਲ ਦੋ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜ ਚੁੱਕੇ ਹਨ ਪਰ ਦੋਵੇਂ ਵਾਰ ਉਹ ਕਾਮਯਾਬ ਨਹੀਂ ਹੋ ਸਕੇ ਸਨ। ਇਸ ਵਾਰ ਉਨ੍ਹਾਂ ਨੇ 2027 ‘ਚ ਨਵੀਂ ਪਾਰੀ ਖੇਡਣ ਦੀ ਤਿਆਰੀ ਕੀਤੀ ਹੈ। ਉਨ੍ਹਾਂ ਨੇ ਆਪਣਾ ਰੀਅਲ ਅਸਟੇਟ ਦਾ ਬਿਜ਼ਨਸ ਰੋਪੜ ਤੋਂ ਸ਼ੁਰੂ ਕੀਤਾ ਸੀ ਜੋ ਹੁਣ ਵਧ ਕੇ ਖਰੜ ਤੇ ਮੋਹਾਲੀ ਅਤੇ ਕੁਝ ਹੋਰ ਥਾਵਾਂ ‘ਤੇ ਫੈਲਿਆ ਹੋਇਆ ਹੈ। ਹੁਣ ਵਿਜੀਲੈਂਸ ਦੀ ਰੇਡ ਤੋਂ ਬਾਅਦ ਗਿੱਲ ਦੀ ਰੀਅਲ ਅਸਟੇਟ ਦੀ ਕੀ ਗੜਬੜ ਸਾਹਮਣੇ ਆਉਂਦੀ ਹੈ , ਇਸ ਦਾ ਪਤਾ ਅਜੇ ਵਿਜੀਲੈਂਸ ਵੱਲੋਂ ਇੰਕਸਾਫ ਕਰਨ ‘ਤੇ ਲੱਗੇਗਾ।