ਫਾਜਿਲਕਾ, 4 ਅਗਸਤ
ਫਾਜ਼ਿਲਕਾ ਦੀ ਸਪੈਸ਼ਲ ਕੋਰਟ ਤੇ ਮਾਨਯੋਗ ਜੱਜ ਸ੍ਰੀ ਅਜੀਤ ਪਾਲ ਸਿੰਘ ਦੀ ਅਦਾਲਤ ਵੱਲੋਂ ਰਾਜਸਥਾਨ ਅਤੇ ਮੱਧ ਪ੍ਰਦੇਸ਼ ਤੋਂ ਪੋਸਤ ਦੀ ਤਸਕਰੀ ਕਰਨ ਵਾਲੇ ਦੋਸ਼ੀ ਬਲਵਿੰਦਰ ਸਿੰਘ ਉਰਫ ਭਿੰਦਰ ਨੂੰ 10 ਸਾਲ ਦੀ ਸਖਤ ਸਜ਼ਾ ਅਤੇ ਇਕ ਲੱਖ ਰੁਪਏ ਦੇ ਜੁਰਮਾਨਾ ਕੀਤਾ ਹੈ। ਬਲਵਿੰਦਰ ਸਿੰਘ ਤੇ ਦੋਸ਼ ਸੀ ਕਿ ਉਹ ਆਪਣੀ ਟਰੱਕ ਨੰਬਰ ਪੀਬੀ 05 ਜੇ 9505 ਰਾਹੀਂ ਰਾਜਸਥਾਨ ਅਤੇ ਮੱਧ ਪ੍ਰਦੇਸ਼ ਤੋਂ ਪੋਸਤ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਦਾ ਸੀ । ਗੁਪਤ ਸੂਚਨਾ ਦੇ ਅਧਾਰ ਤੇ ਪੁਲਿਸ ਨੇ ਉਸਦੇ ਟਰੱਕ ਸਮੇਤ ਉਸ ਨੂੰ ਗੰਗਾ ਨਗਰ ਬਾਈਪਾਸ ਚੌਂਕ ਅਬੋਹਰ ਤੋਂ ਗਿਰਫਤਾਰ ਕੀਤਾ ਸੀ ਅਤੇ ਉਸ ਤੋਂ 168 ਕਿਲੋ ਪੋਸਤ ਬਰਾਮਦ ਹੋਇਆ ਸੀ। ਇਸ ਸਬੰਧ ਵਿੱਚ ਐਫਆਈਆਰ ਨੰਬਰ 92 ਮੀਤੀ 16 ਨਵੰਬਰ 2022 ਅਧੀਨ ਧਾਰਾ 15, 29 ਐਨਡੀਪੀਐਸ ਐਕਟ ਤਹਿਤ ਥਾਣਾ ਸਿਟੀ ਅਬੋਹਰ ਦੋ ਵਿਖੇ ਦਰਜ ਕੀਤਾ ਗਿਆ ਸੀ । ਐਫਆਈਆਰ ਅਨੁਸਾਰ ਦੋਸ਼ੀ ਮੱਧ ਪ੍ਰਦੇਸ਼ ਅਤੇ ਰਾਜਸਥਾਨ ਤੋਂ ਪੋਸਤ ਲਿਆ ਕੇ ਪੰਜਾਬ ਵਿੱਚ ਵੇਚਦਾ ਸੀ । ਜੇਕਰ ਦੋਸ਼ੀ ਇਕ ਲੱਖ ਰੁਪਏ ਦਾ ਜੁਰਮਾਨਾ ਨਹੀਂ ਭਰੇਗਾ ਤਾਂ ਉਸਨੂੰ ਇੱਕ ਸਾਲ ਵਾਧੂ ਜੇਲ ਭੁਗਤਣੀ ਪਵੇਗੀ।
