ਚੰਡੀਗੜ੍ਹ, 4 ਅਗਸਤ, ਦੇਸ਼ ਕਲਿਕ ਬਿਊਰੋ :
ਪੰਜਾਬ ‘ਚ ਅੱਜ ਤੜਕੇ ਤੋਂ ਕਈ ਥਾਈਂ ਮੀਂਹ ਪੈ ਰਿਹਾ ਹੈ।ਮੀਂਹ ਕਾਰਨ ਗਰਮੀ ਤੋਂ ਰਾਹਤ ਮਿਲੀ ਹੈ ਤੇ ਤਾਪਮਾਨ ਵੀ ਘਟਿਆ ਮਹਿਸੂਸ ਹੋ ਰਿਹਾ ਹੈ। ਅੱਜ ਪਟਿਆਲਾ, ਫਤਹਿਗੜ੍ਹ ਸਾਹਿਬ ਤੇ ਮੋਹਾਲੀ ਜ਼ਿਲ੍ਹਿਆਂ ਦੇ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੂਚਨਾ ਹੈ।
ਇਸ ਦੇ ਨਾਲ ਹੀ ਅੱਜ ਵੀ ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਪਰ ਭਲਕੇ ਮੰਗਲਵਾਰ ਨੂੰ ਮੌਸਮ ਵਿੱਚ ਥੋੜ੍ਹਾ ਬਦਲਾਅ ਆ ਸਕਦਾ ਹੈ। ਪਿਛਲੇ ਕੁਝ ਦਿਨਾਂ ਵਿੱਚ ਮਾਨਸੂਨ ਦੇ ਹੌਲੀ ਹੋਣ ਤੋਂ ਬਾਅਦ, ਤਾਪਮਾਨ ਵਿੱਚ ਥੋੜ੍ਹਾ ਵਾਧਾ ਹੋਇਆ ਹੈ।
ਭਾਰਤ ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੁਆਰਾ ਜਾਰੀ ਰਿਪੋਰਟ ਅਨੁਸਾਰ, ਪੰਜਾਬ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ 1.4 ਡਿਗਰੀ ਸੈਲਸੀਅਸ ਵਧਿਆ ਹੈ। ਹਾਲਾਂਕਿ, ਰਾਜ ਵਿੱਚ ਤਾਪਮਾਨ ਆਮ ਦੇ ਨੇੜੇ ਬਣਿਆ ਹੋਇਆ ਹੈ। ਸਭ ਤੋਂ ਵੱਧ ਤਾਪਮਾਨ 35.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਭਾਖੜਾ ਡੈਮ ਨੰਗਲ ਸਟੇਸ਼ਨ ‘ਤੇ ਦਰਜ ਕੀਤਾ ਗਿਆ।
ਇਸ ਤੋਂ ਇਲਾਵਾ, ਅੰਮ੍ਰਿਤਸਰ ਵਿੱਚ 34.5 ਡਿਗਰੀ ਸੈਲਸੀਅਸ ਅਤੇ ਪਟਿਆਲਾ ਵਿੱਚ 34.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੀਂਹ ਦੀ ਗੱਲ ਕਰੀਏ ਤਾਂ ਬੀਤੇ ਕੱਲ੍ਹ ਪਟਿਆਲਾ, ਪਠਾਨਕੋਟ, ਮੋਹਲ ਵਰਗੇ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਦਰਜ ਕੀਤੀ ਗਈ।
