ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਲਹਿਰਾਉਣਗੇ ਰਾਸ਼ਟਰੀ ਝੰਡਾ
ਸਮਾਗਮ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਹੋਈ ਰੀਵਿਊ ਮੀਟਿੰਗ
ਡੀ.ਸੀ. ਵੱਲੋਂ ਅਧਿਕਾਰੀਆਂ/ਕਰਮਚਾਰੀਆਂ ਨੂੰ ਡਿਊਟੀ ਤਨਦੇਹੀ ਨਾਲ ਨਿਭਾਉਣ ਦੀ ਹਦਾਇਤ
ਫਰੀਦਕੋਟ 4 ਅਗਸਤ, ਦੇਸ਼ ਕਲਿੱਕ ਬਿਓਰੋ
15 ਅਗਸਤ 2025 ਨੂੰ ਸੁਤੰਤਰਤਾ ਦਿਵਸ ਸਬੰਧੀ ਰਾਜ ਪੱਧਰੀ ਸਮਾਗਮ ਇੱਥੋਂ ਦੇ ਨਹਿਰੂ ਸਟੇਡੀਅਮ ਵਿਖੇ ਮਨਾਇਆ ਜਾਵੇਗਾ, ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਰਾਸ਼ਟਰੀ ਝੰਡਾ ਲਹਿਰਾਉਣ ਦੇ ਰਸਮ ਅਦਾ ਕਰਨਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਸਮਾਗਮ ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕੀਤੀ ਰੀਵਿਊ ਮੀਟਿੰਗ ਦੌਰਾਨ ਦਿੱਤੀ।
ਇਸ ਮੌਕੇ ਸਮਾਗਮ ਸਬੰਧੀ ਤਿਆਰੀ ਦੀ ਜਾਣਕਾਰੀ ਲੈਂਦਿਆਂ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਪਣੀਆਂ ਡਿਊਟੀਆਂ ਇਮਾਨਦਾਰੀ, ਸਮਰਪਣ ਅਤੇ ਜਿੰਮੇਵਾਰੀ ਨਾਲ ਨਿਭਾਉਣ ਦੀ ਹਦਾਇਤ ਕੀਤੀ। ਉਨ੍ਹਾਂ ਦੱਸਿਆ ਕਿ ਸਮਾਰੋਹ ਦੌਰਾਨ ਪੰਜਾਬ ਪੁਲਿਸ, ਬੀ.ਐਸ.ਐਫ ਅਤੇ ਐਨ.ਸੀ.ਸੀ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਜਾਵੇਗਾ ਅਤੇ ਵੱਖ ਵੱਖ ਸਕੂਲਾਂ ਦੇ ਬੱਚੇ ਦੇਸ਼ ਭਗਤੀ ਭਰਪੂਰ ਗੀਤ, ਨਾਚ ਆਦਿ ਰਾਹੀਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ। ਉਨ੍ਹਾਂ ਕਿਹਾ ਕਿ ਇਸ ਦਿਨ ਆਜ਼ਾਦੀ ਦੇ ਜਸ਼ਨਾਂ ਨੂੰ ਤਾਜ਼ਾ ਕਰਨ ਦੇ ਨਾਲ ਨਾਲ ਆਜ਼ਾਦੀ ਦੇ ਸੰਗਰਾਮ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਮਹਾਨ ਸ਼ਹੀਦਾਂ, ਆਜ਼ਾਦੀ ਘੁਲਾਟੀਆ ਨੂੰ ਯਾਦ ਕਰਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ਼ ਭੇਂਟ ਕੀਤੇ ਜਾਣਗੇ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਦਿਨ ਵੱਖ ਵੱਖ ਵਿਭਾਗਾਂ ਵੱਲੋਂ ਆਪਣੇ ਵਿਭਾਗ ਦੇ ਕੰਮਾਂ/ਵਿਕਾਸ ਨੂੰ ਦਰਸਾਉਂਦੀਆਂ ਮਨਮੋਹਕ ਝਾਕੀਆਂ ਜਿੰਨਾਂ ਵਿੱਚ ਬੇਟੀ ਬਚਾਓ ਬੇਟੀ ਪੜਾਓ, ਪੈਨਸ਼ਨ ਸਕੀਮ, ਫਸਲੀ ਵਿਭਿੰਨਤਾ, ਬਾਗਬਾਨੀ, ਸਕੂਲ ਆਫ ਐਮੀਨੈਂਸ, ਸਕੂਲ ਆਫ ਹੈਪੀਨੈਂਸ, ਡੇਅਰੀ ਵਿਭਾਗ, ਉਦਯੋਗ, ਮਾਰਕਫੈਡ, ਪੁਲਿਸ, ਮਗਨਰੇਗਾ, ਖੇਡ ਵਿਭਾਗ ਆਦਿ ਵੱਲੋਂ ਝਾਕੀਆਂ ਦੀ ਪੇਸ਼ਕਾਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਦਿਨ ਵਧੀਆ ਸੇਵਾ ਕਰਨ ਵਾਲੇ ਅਧਿਕਾਰੀ, ਕਰਮਚਾਰੀ, ਵਿਦਿਆਰਥੀ, ਖਿਡਾਰੀ, ਅਧਿਆਪਕ, ਸੁਤੰਤਰਤਾ ਸੰਗਰਾਮੀਆਂ ਅਤੇ ਹੋਰ ਵਿਅਕਤੀਆਂ ਨੂੰ ਇਨਾਮ ਤੇ ਸਨਮਾਨ ਦਿੱਤੇ ਜਾਣਗੇ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਪੁਲਿਸ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਟੈਰਫਿਕ, ਪਾਰਕਿੰਗ, ਐਮਰਜੈਂਸੀ ਸੇਵਾਵਾਂ, ਐਬੂਲੈਂਸ ਅਤੇ ਮੈਡੀਕਲ ਸਹੂਲਤਾਂ ਲਈ ਮੁਕੰਮਲ ਯੋਜਨਾ ਬਣਾਈ ਜਾਵੇ। ਵਿਸ਼ੇਸ਼ ਟਰੈਫਿਕ ਰੂਟ ਤੈਅ ਕੀਤੇ ਜਾਣਗੇ, ਮੋਬਾਇਲ ਪੁਲਿਸ ਪਾਰਟੀਆਂ ਤਾਇਨਾਤ ਕੀਤੀਆਂ ਜਾਣ ਅਤੇ ਲੋਕਾਂ ਦੀ ਸਹੂਲਤ ਲਈ ਪਾਰਕਿੰਗ ਥਾਵਾਂ ਨੂੰ ਨਿਸ਼ਚਿਤ ਕੀਤਾ ਜਾਵੇ।
ਇਸ ਮੌਕੇ ਐਸ.ਡੀ.ਐਮ. ਫਰੀਦਕੋਟ ਮੇਜਰ ਡਾ. ਵਰੁਣ ਕੁਮਾਰ, ਫੌਜ ਤੋਂ ਕਰਨਲ ਹਰਜਿੰਦਰ ਸਿੰਘ, ਸ੍ਰੀ ਮਨਵਿੰਦਰ ਬੀਰ ਸਿੰਘ ਐਸ.ਪੀ, ਡੀ.ਐਫ.ਐਸ.ਸੀ ਗੁਰਜੀਤ ਸਿੰਘ, ਡੀ.ਪੀ.ਓ ਮੈਡਮ ਰਤਨਦੀਪ ਕੌਰ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਜਸਵਿੰਦਰ ਸਿੰਘ ਮੱਲ, ਸ੍ਰੀ ਪ੍ਰਦੀਪ ਦਿਓੜਾ ਉਪ ਜਿਲ੍ਹਾ ਸਿੱਖਿਆ ਅਫਸਰ ਸੈਕਡੰਰੀ, ਜਿਲ੍ਹਾ ਖੇਡ ਅਫਸਰ ਬਲਜਿੰਦਰ ਸਿੰਘ, ਡੀ.ਐਸ.ਐਸ.ਓ ਸ੍ਰੀ ਨਵੀਨ ਗੜਵਾਲ, ਸਕੱਤਰ ਜਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਮਨਦੀਪ ਮੌਂਗਾ, ਜਸਬੀਰ ਜੱਸੀ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।