ਖੰਨਾ, 5 ਅਗਸਤ, ਦੇਸ਼ ਕਲਿਕ ਬਿਊਰੋ :
ਖੰਨਾ ਪੁਲਿਸ ਨੇ ਸੋਮਵਾਰ ਰਾਤ ਮਾਛੀਵਾੜਾ ਸਾਹਿਬ ਦੇ ਬੇਟ ਇਲਾਕੇ ਵਿੱਚ ਸਥਿਤ ਪਿੰਡ ਖਾਨਪੁਰ ਦੇ ਜੰਗਲ ਵਿੱਚ ਬਦਮਾਸ਼ ਨਾਲ ਹੋਏ ਮੁਕਾਬਲੇ ਵਿੱਚ ਇੱਕ ਬਦਮਾਸ਼ ਨੂੰ ਜ਼ਖਮੀ ਕਰ ਦਿੱਤਾ। ਜ਼ਖਮੀ ਬਦਮਾਸ਼ ਦੀ ਪਛਾਣ ਸੁਪਾਰੀ ਕਿਲਰ ਸ਼ੂਟਰ ਸਲੀਮ ਵਜੋਂ ਹੋਈ ਹੈ, ਜਿਸਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ। ਸਲੀਮ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਮੌਕੇ ‘ਤੇ ਲਿਆਂਦਾ ਗਿਆ ਸੀ।
ਐਸਪੀ (ਡੀ) ਪਵਨਜੀਤ ਅਨੁਸਾਰ ਕੁਝ ਦਿਨ ਪਹਿਲਾਂ ਪਿੰਡ ਚੱਕ ਲੋਹਟ ਦੇ ਰਹਿਣ ਵਾਲੇ ਜਸਪ੍ਰੀਤ ਸਿੰਘ ਨੂੰ ਗੋਲੀ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਰੁੜਕੀ ਦੇ ਰਹਿਣ ਵਾਲੇ ਸਲੀਮ ਸਮੇਤ ਕੁਝ ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ।
ਘਟਨਾ ਦੌਰਾਨ ਸਲੀਮ ਨੇ ਜ਼ਮੀਨ ਵਿੱਚ ਲੁਕਾਇਆ ਰਿਵਾਲਵਰ ਅਤੇ ਕਾਰਤੂਸ ਕੱਢ ਲਏ। ਇਸ ਤੋਂ ਬਾਅਦ ਉਸਨੇ ਥਾਣਾ ਇੰਚਾਰਜ ਹਰਵਿੰਦਰ ਸਿੰਘ ਦਾ ਸਰਵਿਸ ਰਿਵਾਲਵਰ ਖੋਹ ਲਿਆ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਸਦੀ ਲੱਤ ਵਿੱਚ ਗੋਲੀ ਮਾਰ ਦਿੱਤੀ।
ਜ਼ਖ਼ਮੀ ਸਲੀਮ ਨੂੰ ਮੌਕੇ ‘ਤੇ ਹੀ ਫੜ ਲਿਆ ਗਿਆ। ਉਸਨੂੰ ਇਲਾਜ ਲਈ ਸਮਰਾਲਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਜਸਪ੍ਰੀਤ ਸਿੰਘ ‘ਤੇ ਹਮਲਾ ਕਰਨ ਲਈ ਵਰਤਿਆ ਗਿਆ ਰਿਵਾਲਵਰ ਅਤੇ ਮੈਗਜ਼ੀਨ ਵੀ ਬਰਾਮਦ ਕਰ ਲਿਆ ਹੈ।
