ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ “ਵਿਦਿਆਰਥੀਆਂ ਲਈ ਗਣਿਤ ਨੂੰ ਕਿਸ ਤਰ੍ਹਾਂ ਦਿਲਚਸਪ ਬਣਾਇਆ ਜਾਵੇ” ਵਿਸ਼ੇ ‘ਤੇ ਰਾਜ ਪੱਧਰੀ ਕਾਨਫਰੰਸ ਅਤੇ ਪੈਨਲ ਚਰਚਾ

ਸਿੱਖਿਆ \ ਤਕਨਾਲੋਜੀ

ਮੋਹਾਲੀ, 5 ਅਗਸਤ: ਦੇਸ਼ ਕਲਿੱਕ ਬਿਓਰੋ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ “ਵਿਦਿਆਰਥੀਆਂ ਲਈ ਗਣਿਤ ਨੂੰ ਕਿਸ ਤਰ੍ਹਾਂ ਦਿਲਚਸਪ ਬਣਾਇਆ ਜਾਵੇ” ਵਿਸ਼ੇ ‘ਤੇ ਚੇਅਰਮੈਨ ਡਾ. ਅਮਰਪਾਲ ਸਿੰਘ ਦੀ ਅਗਵਾਈ ਹੇਠ ਇੱਕ ਰਾਜ ਪੱਧਰੀ ਕਾਨਫਰੰਸ ਅਤੇ ਪੈਨਲ ਚਰਚਾ ਦਾ ਆਯੋਜਨ ਕੀਤਾ ਗਿਆ। ਚਰਚਾ ਦੀ ਯੋਜਨਾ ਅਤੇ ਸੰਕਲਪ ਵਿਸ਼ਾ ਮਾਹਰਾਂ ਸ. ਪ੍ਰਿਤਪਾਲ ਸਿੰਘ ਕਥੂਰੀਆ ਅਤੇ ਪ੍ਰੀਤੀ ਪੁਰੀ ਵੱਲੋਂ ਤਿਆਰ ਕੀਤਾ ਗਿਆ ਸੀ, ਜੋ ਇਸ ਸਮਾਗਮ ਦੇ ਮੋਡਰੇਟਰ (ਸੰਚਾਲਕ) ਵੀ ਰਹੇ।

ਕਾਨਫਰੰਸ ਦੀ ਸ਼ੁਰੂਆਤ ਕਰਦਿਆਂ ਡਾ. ਅਮਰਪਾਲ ਸਿੰਘ ਨੇ ਗਣਿਤ ਦੀ ਪਾਠਸ਼ਾਲੀ ਢਾਂਚੇ ਤੋਂ ਹਟ ਕੇ ਅਨੁਭਵ ਅਧਾਰਤ ਅਤੇ ਅੰਤਰ ਵਿਸ਼ਾਗਤ ਤਰੀਕਿਆਂ ਨੂੰ ਅਪਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ, ਤਾਂ ਜੋ ਬੱਚਿਆਂ ਵਿੱਚ ਗਣਿਤ ਪੜ੍ਹਨ ਦੀ ਦਿਲਚਸਪੀ ਪੈਦਾ ਕੀਤੀ ਜਾ ਸਕੇ। ਇਹ ਸਮਾਗਮ ਪੰਜਾਬ ਅਤੇ ਹੋਰ ਰਾਜਾਂ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਗਣਿਤ ਅਧਿਆਪਕਾਂ, ਵਿਦਿਅਕ ਅਤੇ ਸੋਸ਼ਲ ਮੀਡੀਆ ‘ਇੰਫਲੂਅੰਸਰਾਂ’ ਦੀ ਹਾਜ਼ਰੀ ਵਿੱਚ ਹੋਇਆ।

ਪੈਨਲ ਵਿੱਚ ਸ਼ਾਮਲ ਪ੍ਰਮੁੱਖ ਇੰਫਲੂਅੰਸਰਾਂ ਵਿੱਚ ਅਮਿਤ ਚੌਧਰੀ (ਪੰਚਕੂਲਾ – ਮੈਥਸ ਬਾਬਾ), ਜਸਵਿੰਦਰ ਸਿੰਘ (ਪੰਜਾਬ –ਸਾਇੰਸ ਆਨ ਵ੍ਹੀਲਸ), ਅਰੁਣ ਗਰਗ (ਅਭਿਆਸ), ਅਤੇ ਮਿਸਟਰ ਸੁਨਮ ਮੁਖਰਜੀ (ਬੈਂਗਲੁਰੂ – ਦ ਪੰਚ ਤੱਤਵ ਅਕਾਡਮੀ ) ਸਨ। ਇਨ੍ਹਾਂ ਨੇ ਗਣਿਤ ਨੂੰ ਕੁਦਰਤ, ਅਸਲ ਜ਼ਿੰਦਗੀ ਅਤੇ ਆਧੁਨਿਕ ਤਕਨਾਲੋਜੀ ਨਾਲ ਜੋੜਨ ਦੇ ਨਵੇਂ ਤੇ ਦਿਲਚਸਪ ਤਰੀਕੇ ਸਾਂਝੇ ਕੀਤੇ।

ਪੈਨਲ ਚਰਚਾ ਵਿੱਚ ਤਿੰਨ ਵਿਸ਼ੇਸ਼ ਪੱਖਾਂ ‘ਕੁਦਰਤ ਵਿੱਚ ਗਣਿਤ’, ‘ਅਸਲ ਜ਼ਿੰਦਗੀ ਵਿੱਚ ਗਣਿਤ’, ਅਤੇ ‘ਗਣਿਤ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ’ ‘ਤੇ ਵਿਚਾਰ ਕੀਤੇ ਗਏ। ਜਸਵਿੰਦਰ ਸਿੰਘ ਨੇ ਗਣਿਤ ਦੀ ਆਧਿਆਤਮਿਕ ਦਿਸ਼ਾ ਵੀ ਦਰਸਾਈ ਅਤੇ ਅੰਕ 108 ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ। ਚਰਚਾ ਵਿੱਚ ਇਹ ਵੀ ਦਰਸਾਇਆ ਗਿਆ ਕਿ ਗਣਿਤ ਸਿਰਫ ਕਿਤਾਬੀ ਵਿਸ਼ਾ ਨਹੀਂ, ਸਗੋਂ ਇਹ ਹਰ ਰੋਜ਼ ਦੀ ਜ਼ਿੰਦਗੀ ਵਿੱਚ ਵਰਤੋਂ ਵਾਲਾ ਵਿਗਿਆਨ ਹੈ, ਜੋ ਵਿੱਤੀ ਯੋਜਨਾ, ਇਮਾਰਤਾਂ, ਖੇਡਾਂ ਅਤੇ ਟ੍ਰੈਫਿਕ ਵਰਗੀਆਂ ਜ਼ਿੰਦਗੀ ਦੀਆਂ ਪ੍ਰਸਥਿਤੀਆਂ ਵਿੱਚ ਵਰਤਿਆ ਜਾਂਦਾ ਹੈ।

ਸਮਾਗਮ ਵਿੱਚ ਇਹ ਵੀ ਵਿਖਾਇਆ ਗਿਆ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਗਣਿਤਕ ਅਧਾਰਾਂ ‘ਤੇ ਕੰਮ ਕਰਦੀ ਹੈ ਅਤੇ ਗਣਿਤ ਸਿੱਖਣ ਲਈ ਇੰਟਰਐਕਟਿਵ ਐਪਸ, ਗੇਮਸ ਅਤੇ ਅਨੁਕੂਲ ਟੈਸਟਿੰਗ ਟੂਲ ਉਪਲਬਧ ਕਰਵਾਉਂਦੀ ਹੈ, ਜੋ ਸਿੱਖਣ ਦੀ ਪ੍ਰਕਿਰਿਆ ਨੂੰ ਹੋਰ ਰੁਚਿਕਰ ਬਣਾਉਂਦੇ ਹਨ।

ਇਹ ਚਰਚਾ ਬਹੁਤ ਹੀ ਦਿਲਕਸ਼ ਰਹੀ ਜਿਸ ਵਿੱਚ ਅਧਿਆਪਕਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਵਧੀਆ ਪ੍ਰਸ਼ਨ ਪੁੱਛ ਕੇ ਡੂੰਘੀ ਰੁਚੀ ਵਿਖਾਈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।