ਦੇਹਰਾਦੂਨ, 5 ਅਗਸਤ, ਦੇਸ਼ ਕਲਿਕ ਬਿਊਰੋ :
ਉਤਰਾਖੰਡ ਦੇ ਧਰਾਲੀ ਵਿੱਚ ਬੱਦਲ ਫਟਣ ਕਾਰਨ ਖੀਰ ਗੰਗਾ ਪਿੰਡ ਰੁੜ੍ਹ ਗਿਆ ਹੈ। ਇਹ ਘਟਨਾ ਅੱਜ ਮੰਗਲਵਾਰ ਦੁਪਹਿਰ 1.45 ਵਜੇ ਵਾਪਰੀ। ਘਟਨਾ ਦੀਆਂ ਕਈ ਵੀਡੀਓ ਅਤੇ ਫੋਟੋਆਂ ਸਾਹਮਣੇ ਆਈਆਂ ਹਨ। ਇਨ੍ਹਾਂ ਵਿੱਚ ਦਿਖਾਈ ਦੇ ਰਿਹਾ ਹੈ ਕਿ ਪਹਾੜੀ ਤੋਂ ਮੀਂਹ ਦਾ ਪਾਣੀ ਅਤੇ ਮਲਬਾ ਆਇਆ ਅਤੇ 34 ਸਕਿੰਟਾਂ ਵਿੱਚ ਪੂਰੇ ਪਿੰਡ ਨੂੰ ਵਹਾ ਲੈ ਗਿਆ।
ਉੱਤਰਕਾਸ਼ੀ ਦੇ ਡੀਐਮ ਪ੍ਰਸ਼ਾਂਤ ਆਰੀਆ ਨੇ ਕਿਹਾ ਕਿ ਹੁਣ ਤੱਕ 4 ਲੋਕਾਂ ਦੀ ਮੌਤ ਦੀ ਖ਼ਬਰ ਹੈ। 50 ਤੋਂ ਵੱਧ ਲੋਕ ਲਾਪਤਾ ਹਨ। ਕਈ ਲੋਕਾਂ ਦੇ ਦੱਬੇ ਹੋਣ ਦੀ ਖ਼ਬਰ ਹੈ। ਧਰਾਲੀ ਪਿੰਡ ਦੇਹਰਾਦੂਨ ਤੋਂ 218 ਕਿਲੋਮੀਟਰ ਅਤੇ ਗੰਗੋਤਰੀ ਧਾਮ ਤੋਂ 10 ਕਿਲੋਮੀਟਰ ਦੂਰ ਹੈ। ਫੌਜ ਦੇ ਨਾਲ ਬਚਾਅ ਟੀਮ ਐਸਡੀਆਰਐਫ, ਐਨਡੀਆਰਐਫ ਵੀ ਮੌਕੇ ‘ਤੇ ਪਹੁੰਚ ਗਈ ਹੈ।
ਜਿਵੇਂ ਹੀ ਹੜ੍ਹ ਦੇ ਪਾਣੀ ਦਾ ਵਹਾਅ ਪਿੰਡ ਵੱਲ ਆਇਆ, ਲੋਕਾਂ ਨੇ ਚੀਕਣਾ ਸ਼ੁਰੂ ਕਰ ਦਿੱਤਾ। ਪਾਣੀ ਅਤੇ ਮਲਬਾ ਕਈ ਹੋਟਲਾਂ ਵਿੱਚ ਦਾਖਲ ਹੋ ਗਿਆ ਹੈ। ਧਰਾਲੀ ਬਾਜ਼ਾਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਕਈ ਹੋਟਲ ਦੁਕਾਨਾਂ ਤਬਾਹ ਹੋ ਗਈਆਂ ਹਨ। ਪਿਛਲੇ 2 ਦਿਨਾਂ ਤੋਂ ਇੱਥੇ ਭਾਰੀ ਮੀਂਹ ਪੈ ਰਿਹਾ ਹੈ। ਸੀਐਮ ਧਾਮੀ ਨੇ ਕਿਹਾ ਕਿ ਅਸੀਂ ਸਥਿਤੀ ‘ਤੇ ਨਜ਼ਰ ਰੱਖ ਰਹੇ ਹਾਂ।
