ਡੀ.ਟੀ.ਐੱਫ. ਵੱਲੋ ‘ਅਧਿਆਪਕ ਦਿਵਸ’ ਮੌਕੇ ਮੋਹਾਲੀ ਵਿਖੇ ਫੈਸਲਾਕੁੰਨ ਐਕਸ਼ਨ ਦੀ ਚੇਤਾਵਨੀ
ਮੋਹਾਲੀ, 5 ਅਗਸਤ, ਦੇਸ਼ ਕਲਿੱਕ ਬਿਓਰੋ ;
ਅਧਿਆਪਕਾਂ ਦੀਆਂ ਚੋਣਵੀਆਂ ਵਿਭਾਗੀ ਮੰਗਾਂ ‘ਤੇ ਪੰਜਾਬ ਸਰਕਾਰ ਦੇ ਭਰੋਸੇ ਕਾਗਜ਼ੀ ਸਾਬਿਤ ਹੋਣ ‘ਤੇ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਪੰਜਾਬ ਨੇ ਅੱਜ ਮੋਹਾਲੀ ਵਿਖੇ ਸੰਘਰਸ਼ ਦਾ ਵੱਡਾ ਆਗਾਜ਼ ਕਰ ਦਿੱਤਾ ਹੈ। ਜਿਸ ਤਹਿਤ ਆਗੂਆਂ ਵੱਲੋਂ ਪੰਜਾਬ ਸਕੂਲ ਸਿੱਖਿਆ ਵਿਭਾਗ ਨਾਲ ਸੰਬੰਧਿਤ ਮਸਲੇ ਹੱਲ ਨਾ ਹੋਣ ਤੋਂ ਪੀੜਤ ਸੈਂਕੜੇ ਅਧਿਆਪਕਾਂ ਨੂੰ ਨਾਲ ਲੈ ਕੇ ਗੁਰਦੁਆਰਾ ਸ਼੍ਰੀ ਅੰਬ ਸਾਹਿਬ ਤੋਂ ਸਿੱਖਿਆ ਡਾਇਰੈਕਟੋਰੇਟ ਤੱਕ ‘ਰੋਸ ਮਾਰਚ’ ਕਰਦਿਆਂ ਸਿੱਖਿਆ ਕ੍ਰਾਂਤੀ ਦੇ ਨਾਅਰੇ ਨੂੰ ਖੋਖਲਾ ਕਰਾਰ ਦਿੱਤਾ ਅਤੇ 5 ਸਤੰਬਰ ‘ਅਧਿਆਪਕ ਦਿਵਸ’ ਲਈ ਸਰਕਾਰੀ ਸਮਾਗਮ ਦੇ ਸਮਾਂਤਰ ਮੋਹਾਲੀ ਵਿਖੇ ਸੂਬਾ ਪੱਧਰੀ ਰੋਸ ਰੈਲੀ ਕਰਨ ਦੀ ਚੇਤਾਵਨੀ ਸਹਿਤ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਦੇ ਨਾਂ ‘ਨੋਟਿਸ’ ਕਮ ‘ਮੰਗ ਪੱਤਰ’ ਸੌਂਪਿਆ।
ਅਧਿਆਪਕਾਂ ਦੇ ਰੋਸ ਨੂੰ ਵੇਖਦਿਆਂ ਡਾਇਰੈਕਟਰ ਸਕੂਲ ਸਿੱਖਿਆ (ਸੈ ਅਤੇ ਪ੍ਰ) ਵੱਲੋਂ ਮੌਕੇ ‘ਤੇ ਹੀ ਜੱਥੇਬੰਦੀਆਂ ਦੇ ਆਗੂਆਂ ਨਾਲ ਸਾਂਝੀ ਮੀਟਿੰਗ ਕੀਤੀ ਗਈ ਜਿਸ ਵਿੱਚ ਅਧਿਕਾਰੀਆਂ ਨੇ ਵਿਭਾਗੀ ਮਸਲਿਆਂ ਨੂੰ ਹੱਲ ਕਰਨ ਦਾ ਵਿਸ਼ਵਾਸ ਦਵਾਇਆ ਅਤੇ 21 ਅਗਸਤ ਨੂੰ ਸਿੱਖਿਆ ਸਕੱਤਰ ਨਾਲ ਹੋਣ ਵਾਲੀ ਮੀਟਿੰਗ ਤੱਕ ਸਾਰੇ ਮਸਲਿਆਂ ਦੀ ਰਿਪੋਰਟਿੰਗ ਕਰਕੇ ਹੱਲ ਕਰਾਉਣ ਦਾ ਵਿਸ਼ਵਾਸ ਦਵਾਇਆ।

ਇਸ ਮੌਕੇ ਡੀ ਟੀ ਐੱਫ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, 6635 ਈ.ਟੀ.ਟੀ. ਟੀਚਰ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ਼, ਜਨਰਲ ਸਕੱਤਰ ਮਹਿੰਦਰ ਕੌੜਿਆਂ ਵਾਲੀ ਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ, ਸੂਬਾ ਆਗੂ ਨਿਰਮਲ ਜੀਰਾ ਅਤੇ ਓਡੀਐੱਲ ਅਧਿਆਪਕਾਂ ਦੇ ਆਗੂ ਬਲਜਿੰਦਰ ਗਰੇਵਾਲ, 180 ਈ ਟੀ ਟੀ ਦੇ ਸੰਦੀਪ ਜ਼ੀਰਾ, 899 ਅੰਗਰੇਜ਼ੀ ਅਧਿਆਪਕਾਂ ਦੇ ਸ਼ਿੰਪੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਲੰਘੇ ਜੂਨ ਮਹੀਨੇ ਕੈਬਨਿਟ ਸਬ ਕਮੇਟੀ ਅਤੇ ਸਿੱਖਿਆ ਸਕੱਤਰ ਵੱਲੋਂ ਡਾ. ਰਵਿੰਦਰ ਕੰਬੋਜ ਤੇ ਸਾਥੀ ਨਰਿੰਦਰ ਭੰਡਾਰੀ ਨੂੰ ਜਾਰੀ ਟਰਮੀਨੇਸ਼ਨਾਂ ਰੱਦ ਕਰਕੇ ਸੇਵਾਵਾਂ ਰੈਗੂਲਰ ਕਰਨ ਅਤੇ ਓ.ਡੀ.ਐੱਲ ਅਧਿਆਪਕਾਂ ਦੇ ਪੈਡਿੰਗ ਰੈਗੂਲਰ ਆਰਡਰ ਇੱਕ ਹਫਤੇ ਵਿੱਚ ਜਾਰੀ ਕਰਨ ਦਾ ਭਰੋਸਾ ਪੂਰਾ ਨਹੀਂ ਹੋਇਆ ਹੈ। ਇਸੇ ਤਰ੍ਹਾਂ 6635 ਈਟੀਟੀ, 3704 ਮਾਸਟਰ ਅਤੇ 899 ਅੰਗਰੇਜ਼ੀ ਅਧਿਆਪਕ ਭਰਤੀ ਦੀਆਂ ਰਿਕਾਸਟ ਚੋਣ ਸੂਚੀਆਂ ‘ਚੋਂ ਬਾਹਰ ਕੀਤੇ 300 ਦੇ ਕਰੀਬ ਅਧਿਆਪਕਾਂ ਦੀ ਹੁਣ ਤੱਕ ਦੀ ਨੌਕਰੀ ਅਤੇ ਭਵਿੱਖ ਪੂਰਨ ਸੁਰੱਖਿਅਤ ਕਰਨ ਦਾ ਭਰੋਸਾ ਲਾਗੂ ਨਹੀਂ ਕੀਤਾ ਹੈ। ਰੈਗੂਲਰ ਹੋ ਚੁੱਕੇ ਓ.ਡੀ.ਐੱਲ. ਅਧਿਆਪਕਾਂ ਦੇ ਤਨਖ਼ਾਹ ਬਕਾਏ ਅਤੇ 180 ਅਧਿਆਪਕਾਂ ਨੂੰ ਮੁੱਢਲੀ ਭਰਤੀ ਅਨੁਸਾਰ ਬਣਦੇ ਸਾਰੇ ਲਾਭ ਵੀ ਬਹਾਲ ਨਹੀਂ ਹੋਏ ਹਨ। ਕੰਪਿਊਟਰ ਫੈਕਲਟੀ, ਮੈਰੀਟੋਰੀਅਸ ਅਧਿਆਪਕ ਅਤੇ ਸਮੂਹ ਕੱਚੇ ਅਧਿਆਪਕ ਤੇ ਨਾਨ ਟੀਚਿੰਗ ਵੀ ਸਿੱਖਿਆ ਵਿਭਾਗ ਵਿੱਚ ਰੈਗੂਲਰ ਨਹੀਂ ਕੀਤੇ ਹਨ। ਆਗੂਆਂ ਨੇ ਦੱਸਿਆ ਕਿ 3582 ਮਾਸਟਰ ਕਾਡਰ ਨੂੰ ਮੁੱਖ ਦਫਤਰ ਵਿਖੇ ਹਾਜਰ ਹੋਣ ਦੀ ਮਿਤੀ ਅਨੁਸਾਰ ਸਾਰੇ ਪੈਡਿੰਗ ਲਾਭ ਦੇਣ, ਐੱਸ ਐੱਸ ਏ/ ਰਮਸਾ ਅਧੀਨ ਕੀਤੀ 10 ਸਾਲ ਦੀ ਕੱਚੀ ਨੌਕਰੀ ਤੋਂ ਬਾਅਦ ਰੈਗੂਲਰ ਹੋਏ 8886 ਅਧਿਆਪਕਾਂ ਸਮੇਤ ਅਜਿਹੀਆਂ ਬਾਕੀ ਭਰਤੀਆਂ ਦੇ ਪੁਰਸ਼ ਅਧਿਆਪਕਾਂ ਨੂੰ ਸਲਾਨਾ ਇਤਫਾਕੀਆ ਛੁੱਟੀਆਂ ਵਿੱਚ ਵਾਧੇ ਮੌਕੇ ਠੇਕਾ ਅਧਾਰ ‘ਤੇ ਕੀਤੀ ਸੇਵਾ ਨੂੰ ਗਿਣਨ ਦਾ ਪੱਤਰ ਜਾਰੀ ਕਰਨ ਅਤੇ 17 ਜੁਲਾਈ 2020 ਤੋਂ ਬਾਅਦ ਭਰਤੀ ਸਮੂਹ 4161 ਮਾਸਟਰ, 6635, 5994, 2364 ਈ.ਟੀ.ਟੀ. ਅਤੇ 569 ਲੈਕਚਰਾਰ ਕਾਡਰ ਲਈ ਛੇਵੇਂ ਪੰਜਾਬ ਤਨਖ਼ਾਹ ਸਕੇਲਾਂ ਅਨੁਸਾਰ ਪੇਅ ਫਿਕਸੇਸ਼ਨ ਕਰਨ ਦੇ ਅਦਾਲਤੀ ਫੈਸਲੇ ਜਰਨਲਾਈਜ਼ ਕਰਨ ਪ੍ਰਤੀ ਸਿੱਖਿਆ ਵਿਭਾਗ ਸੁਹਿਰਦ ਨਹੀਂ ਹੈ। ਆਗੂਆਂ ਨੇ ਕਿਹਾ ਕਿ ਸਿੱਖਿਆ ਸਕੱਤਰ ਵੱਲੋਂ ਈ.ਟੀ.ਟੀ, ਐੱਚ.ਟੀ, ਸੀ.ਐੱਚ.ਟੀ, ਬੀ.ਪੀ.ਈ.ਓ, ਓ.ਸੀ.ਟੀ, ਸੀਐਂਡਵੀ, ਨਾਨ-ਟੀਚਿੰਗ, ਮਾਸਟਰ ਕਾਡਰ, ਲੈਕਚਰਾਰ, ਹੈੱਡਮਾਸਟਰ ਅਤੇ ਅੱਗੇ ਪ੍ਰਿੰਸੀਪਲ ਕਾਡਰਾਂ ਦੀਆਂ ਸਾਰੀਆਂ ਪ੍ਰਮੋਸ਼ਨਾਂ 31 ਜੁਲਾਈ ਤੱਕ ਮੁਕੰਮਲ ਕਰਨ ਦਾ ਸਰਕਾਰੀ ਐਲਾਨ ਵੀ ਨਿਰਾ ਝੂਠ ਦਾ ਪੁਲੰਦਾ ਸਾਬਿਤ ਹੋਇਆ ਹੈ। ਆਗੂਆਂ ਨੇ ਕਿਹਾ ਕਿ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਹੋਣ ਵਾਲੇ ਐਕਸ਼ਨ ਦੀ ਤਿਆਰੀ ਲਈ ਜ਼ਿਲ੍ਹਾ ਪੱਧਰੀ ਮੀਟਿੰਗਾਂ 11 ਅਗਸਤ ਤੋਂ 13 ਅਗਸਤ ਦੌਰਾਨ ਅਤੇ ਬਲਾਕ ਪੱਧਰੀ ਮੀਟਿੰਗਾਂ 18 ਅਗਸਤ ਤੋਂ 20 ਅਗਸਤ ਦੌਰਾਨ ਕੀਤੀਆਂ ਜਾਣਗੀਆਂ।
ਇਸ ਮੌਕੇ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ, ਡੀ.ਟੀ.ਐੱਫ. ਦੇ ਸੂਬਾ ਮੀਤ ਪ੍ਰਧਾਨ ਗੁਰਪਿਆਰ ਕੋਟਲੀ, ਰਾਜੀਵ ਬਰਨਾਲਾ, ਬੇਅੰਤ ਫੁੱਲੇਵਾਲਾ, ਹਰਜਿੰਦਰ ਵਡਾਲਾ ਬਾਂਗਰ, ਜਗਪਾਲ ਬੰਗੀ, ਸੂਬਾ ਆਗੂ ਮੁਕੇਸ਼ ਕੁਮਾਰ, ਕੁਲਵਿੰਦਰ ਜੋਸ਼ਨ, ਜਸਵਿੰਦਰ ਔਜਲਾ, ਸੁਖਦੇਵ ਡਾਨਸੀਵਾਲ, ਦਲਜੀਤ ਸਫ਼ੀਪੁਰ, ਜਤਿੰਦਰ ਸਿੰਘ ਫਤਹਿਗੜ੍ਹ ਸਾਹਿਬ, ਕੌਰ ਸਿੰਘ ਫੱਗੂ, ਪਵਨ ਕੁਮਾਰ ਮੁਕਤਸਰ, ਰੁਪਿੰਦਰਪਾਲ ਗਿੱਲ, ਸਰਬਜੀਤ ਭਾਵੜਾ, ਗਿਆਨ ਚੰਦ, ਪ੍ਰਤਾਪ ਸਿੰਘ ਠੱਠਗੜ੍ਹ, ਹਰਵਿੰਦਰ ਅੱਲੂਵਾਲ, ਸੁਖਵਿੰਦਰ ਗਿਰ, ਮਲਕੀਤ ਹਰਾਜ, ਓ ਡੀ ਐੱਲ ਦੇ ਮੋਹਨ ਸਿੰਘ, 180 ਈਟੀਟੀ ਅਧਿਆਪਕਾਂ ਦੇ ਗੁਰਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।