ਅੰਮ੍ਰਿਤਸਰ, 6 ਜੁਲਾਈ, ਦੇਸ਼ ਕਲਿੱਕ ਬਿਓਰੋ ;
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ। ਸ੍ਰੀ ਅਕਾਲ ਤਖ਼ਤ ਸਾਹਿਬ ਵਿੱਚ ਹਰਜੋਤ ਸਿੰਘ ਨੂੰ ਧਾਰਮਿਕ ਸਜ਼ਾ ਲਗਾਈ ਗਈ ਹੈ। ਇਸ ਤੋਂ ਬਾਅਦ ਹਰਜੋਤ ਸਿੰਘ ਬੈਂਸ ਨੇ ਸ੍ਰੀ ਗੁਰੂ ਕੇ ਮਹੱਲ ਤੱਕ ਨੰਗੇ ਪੈਰ ਸਫਾਈ ਕੀਤੀ।
ਜ਼ਿਕਰਯੋਗ ਹੈ ਕਿ ਮੰਤਰੀ ਹਰਜੋਤ ਬੈਂਸ ਨੇ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋ ਕੇ ਆਪਣੀ ਭੁੱਲ ਦੀ ਖ਼ਿਮਾ ਮੰਗੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤਖਤ ਸਾਹਿਬ ਵੱਲੋਂ ਧਾਰਮਿਕ ਸੇਵਾ ਦੀ ਸਜ਼ਾ ਲਾਈ ਗਈ। ਇਸ ਸਜ਼ਾ ਦੇ ਤਹਿਤ ਉਨ੍ਹਾਂ ਨੇ ਨੰਗੇ ਪੈਰੀ ਸੇਵਾ ਕਰਕੇ, ਸਿੱਖ ਸਿਧਾਂਤਾਂ ਦੀ ਪਾਲਣਾ ਦੀ ਮਿਸਾਲ ਸਥਾਪਤ ਕੀਤੀ।
ਇਸ ਮੌਕੇ ਹਰਜੋਤ ਸਿੰਘ ਬੈਂਸ ਨੇ ਕਿਹਾ ਮੈਂ ਨਿਮਾਣਾ ਸਿੱਖ ਹਾਂ। ਮੇਰੇ ਕੋਲ ਨਾ ਕੋਈ ਹਸਤੀ, ਨਾ ਕੋਈ ਔਕਾਤ। ਜਿਹੜਾ ਵੀ ਮਾਣ-ਸਨਮਾਨ ਮੈਨੂੰ ਮਿਲਿਆ, ਉਹ ਸਿਰਫ ਗੁਰੂ ਸਾਹਿਬ ਦੀ ਕਿਰਪਾ ਹੈ। ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੈਂ ਆਪਣੇ ਸਿਰ ਮੰਨਿਆ ਹੈ ਤੇ ਬਿਨਾ ਕਿਸੇ ਦਲੀਲ ਦੇ ਇਸ ਉਤੇ ਅਮਲ ਕਰ ਰਿਹਾ ਹਾਂ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਤਖਤ ਸਾਹਿਬ ਤੋਂ ਪੇਸ਼ੀ ਦੇ ਹੁਕਮ ਮਿਲੇ, ਉਸੇ ਦਿਨ ਉਨ੍ਹਾਂ ਨੇ ਆਪਣਾ ਉਤਰ ਭੇਜ ਦਿੱਤਾ ਸੀ ਅਤੇ ਨਮ੍ਰਤਾ ਨਾਲ ਅਪਣੀ ਭੁੱਲ ਨੂੰ ਸਵੀਕਾਰ ਕਰ ਲਿਆ ਸੀ। ਉਨ੍ਹਾਂ ਨੇ ਗੁਰੂ ਘਰ ਪ੍ਰਤੀ ਆਪਣੇ ਅਟੁੱਟ ਵਿਸ਼ਵਾਸ ਪ੍ਰਗਟਾਉਂਦੇ ਹੋਏ ਕਿਹਾ ਕਿ ਜੋ ਕੁਝ ਵੀ ਮੈਂ ਹਾਂ, ਇਹ ਸਬ ਕੁਝ ਗੁਰੂ ਸਾਹਿਬ ਦੀ ਬਖ਼ਸ਼ਿਸ਼ ਹੈ। ਹਰਜੋਤ ਬੈਂਸ ਨੇ ਅੱਗੇ ਕਿਹਾ ਕਿ ਅਕਾਲ ਤਖਤ ਸਾਹਿਬ ਸਿੱਖ ਕੌਮ ਦਾ ਸਰਵਉੱਚ ਤਖਤ ਹੈ, ਅਤੇ ਹਰ ਸਿੱਖ ਲਈ ਇਹ ਮੰਨਣਯੋਗ ਹੈ ਕਿ ਜੇ ਕੋਈ ਭੁੱਲ ਹੋ ਜਾਵੇ ਤਾਂ ਉਸ ਦੀ ਸਜ਼ਾ ਵੀ ਨਿਵਾਈ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਲਈ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਅਨੰਦਪੁਰ ਸਾਹਿਬ ਦੀ ਨੁਮਾਇੰਦਗੀ ਕਰ ਰਹੇ ਹਨ, ਜੋ ਸਿੱਖ ਇਤਿਹਾਸ ਵਿੱਚ ਖਾਸ ਅਹਿਮੀਅਤ ਰੱਖਦਾ ਹੈ।