ਬੀਐਸਪੀ 2027 ‘ਚ ਪੰਜਾਬ ਵਿੱਚ ਬਣਾਏਗੀ ਆਪਣੀ ਸਰਕਾਰ: ਚੀਫ ਨੈਸ਼ਨਲ ਕੋਆਰਡੀਨੇਟਰ ਆਕਾਸ਼ ਆਨੰਦ
ਚੰਡੀਗੜ੍ਹ: 6 ਅਗਸਤ 2025, ਦੇਸ਼ ਕਲਿੱਕ ਬਿਓਰੋ :
ਬਹੁਜਨ ਸਮਾਜ ਪਾਰਟੀ ਦੇ ਚੀਫ ਨੈਸ਼ਨਲ ਕੋਆਰਡੀਨੇਟਰ ਆਕਾਸ਼ ਆਨੰਦ ਅੱਜ ਚੰਡੀਗੜ੍ਹ ਪੁੱਜੇ ਜਿੱਥੇ ਉਹਨਾਂ ਨੇ ਬਹੁਜਨ ਸਮਾਜ ਪਾਰਟੀ ਦੀਆਂ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਪ੍ਰਦੇਸ਼ ਇਕਾਈਆਂ ਦੇ ਸੰਗਠਨ ਦੀ ਮਜਬੂਤੀ ਦੀ ਸਮੀਖਿਆ ਕੀਤੀ। ਇਹ ਸਮੀਖਿਆ ਮੀਟਿੰਗ ਚੰਡੀਗੜ੍ਹ ਸੈਕਟਰ 29 ਸਥਿਤ ਦੇਸ਼ ਸੇਵਕ ਹਾਲ ਬਾਬਾ ਸੋਹਣ ਸਿੰਘ ਭਕਨਾ ਭਵਨ ਵਿਖੇ ਹੋਈ। ਇਸ ਮੌਕੇ ਦੋਵੇਂ ਸੂਬਿਆਂ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਯੂਟੀ ਚੰਡੀਗੜ੍ਹ ਦੇ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।
ਮੀਟਿੰਗ ਵਿੱਚ ਸ੍ਰੀ ਆਕਾਸ਼ ਆਨੰਦ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦੋਂ ਕਿ ਵਿਸ਼ੇਸ਼ ਮਹਿਮਾਨ ਵਜੋਂ ਪਾਰਟੀ ਦੇ ਨੈਸ਼ਨਲ ਕੋਆਰਡੀਨੇਟਰ ਸ੍ਰੀ ਰਣਧੀਰ ਸਿੰਘ ਬੈਨੀਵਾਲ ਪੁੱਜੇ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਸ੍ਰੀ ਆਕਾਸ਼ ਆਨੰਦ ਨੇ ਕਿਹਾ ਕਿ ਪਾਰਟੀ ਵੱਲੋਂ ਦੇਸ਼ ਭਰ ਵਿਚ ਅਜਿਹੀਆਂ ਸਮੀਖਿਆ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਆਗਾਮੀ ਲੋਕ ਸਭਾ ਤੇ ਵੱਖ ਵੱਖ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਸ਼ਿਸ਼ਾਂ ਦੇ ਵਧੀਆ ਸਿੱਟੇ ਛੇਤੀ ਹੀ ਦਿਖਾਈ ਦੇਣਗੇ ਅਤੇ ਪਾਰਟੀ 2027 ਵਿੱਚ ਪੰਜਾਬ ਅਤੇ ਯੂਪੀ ਵਿਧਾਨ ਸਭਾਵਾਂ ਦੀਆਂ ਚੋਣਾਂ ਸ਼ਾਨਦਾਰ ਢੰਗ ਨਾਲ ਜਿੱਤ ਕੇ ਦੋਵਾਂ ਸੂਬਿਆਂ ਵਿਚ ਆਪਣੀਆਂ ਸਰਕਾਰਾਂ ਬਣਾਵੇਗੀ।
ਉਨ੍ਹਾਂ ਇਸ ਮੌਕੇ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵਿੱਚ ਪਾਰਟੀ ਦੀ ਵਧ ਰਹੀ ਮਜ਼ਬੂਤੀ ਉੱਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਕਿ ਪਿਛਲੀ ਵਾਰ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਮਾਮੂਲੀ ਫਰਕ ਨਾਲ ਵਧੀਆ ਨਤੀਜੇ ਦਿਖਾਉਣ ਤੋਂ ਖੁੰਝ ਗਈ ਪਰ 2027 ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਵਧੀਆ ਨਤੀਜੇ ਦਿਖਾ ਕੇ ਆਪਣੀ ਸਰਕਾਰ ਬਣਾਏਗੀ। ਦੱਸਣਯੋਗ ਹੈ ਕਿ ਸ੍ਰੀ ਆਕਾਸ਼ ਆਨੰਦ ਨੇ ਪਿਛਲੇ ਐਤਵਾਰ 27 ਜੁਲਾਈ ਨੂੰ ਬਹੁਜਨ ਸਮਾਜ ਪਾਰਟੀ ਦੇ ਜਲੰਧਰ ਸਥਿਤ ਮੁੱਖ ਦਫਤਰ “ਮਾਨਿਆਵਰ ਸਾਹਿਬ ਕਾਂਸ਼ੀ ਰਾਮ ਭਵਨ” ਵਿੱਚ ਪੰਜਾਬ ਅਤੇ ਜੰਮੂ ਕਸ਼ਮੀਰ ਸੂਬਾ ਇਕਾਈਆਂ ਦੀ ਸਮੀਖਿਆ ਮੀਟਿੰਗ ਕੀਤੀ ਸੀ।
ਉਹਨਾਂ ਕਿਹਾ ਕਿ ਇਸ ਤਰਾਂ ਸਾਰੇ ਦੇਸ਼ ਵਿੱਚ ਛੇਤੀ ਹੀ ਪਾਰਟੀ ਦਾ ਢਾਂਚਾ ਮਜ਼ਬੂਤ ਕਰਕੇ ਬਹੁਜਨ ਸਮਾਜ ਪਾਰਟੀ ਆਗਾਮੀ ਲੋਕ ਸਭਾ ਚੋਣਾਂ ਵਿਚ ਦੇਸ਼ ਵਿੱਚ ਆਪਣੀ ਸਰਕਾਰ ਬਣਾਵੇਗੀ ਅਤੇ ਬੀਐਸਪੀ ਪ੍ਰਮੁੱਖ ਭੈਣ ਕੁਮਾਰੀ ਮਾਇਆਵਤੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ।
ਇਹ ਮੌਕੇ ਪਾਰਟੀ ਦੇ ਨੈਸ਼ਨਲ ਕੋਆਰਡੀਨੇਟਰ ਰਣਧੀਰ ਸਿੰਘ ਬੈਨੀਵਾਲ ਨੇ ਸਮੀਖਿਆ ਮੀਟਿੰਗ ਦਾ ਸੰਚਾਲਨ ਕੀਤਾ। ਉਹਨਾਂ ਆਪਣੇ ਸੰਬੋਧਨ ਵਿੱਚ ਚੀਫ ਨੈਸ਼ਨਲ ਕੋਆਰਡੀਨੇਟਰ ਸ੍ਰੀ ਆਕਾਸ਼ ਆਨੰਦ ਦਾ ਸਵਾਗਤ ਕੀਤਾ ਅਤੇ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵਿੱਚ ਪਾਰਟੀ ਦੇ ਜਥੇਬੰਦਕ ਢਾਂਚੇ ਬਾਰੇ ਜਾਣਕਾਰੀ ਦਿੱਤੀ। ਉਹਨਾਂ ਪਾਰਟੀ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਹੁਣੇ ਤੋਂ ਹੀ ਚੋਣਾਂ ਦੀ ਆ ਤਿਆਰੀਆਂ ਲਈ ਜੁੱਟ ਜਾਣ।
ਇਸ ਮੌਕੇ ਬੀਐਸਪੀ ਪੰਜਾਬ ਦੇ ਪ੍ਰਧਾਨ, ਸਾਬਕਾ ਮੈਂਬਰ ਰਾਜ ਸਭਾ ਅਤੇ ਚੰਡੀਗੜ੍ਹ ਦੇ ਕੇਂਦਰੀ ਬੀਐਸਪੀ ਇੰਚਾਰਜ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਜਿੱਥੇ 2027 ਵਿੱਚ ਪੰਜਾਬ ਅਤੇ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ, ਉਥੇ ਹੀ 2026 ਦੇ ਅੰਤ ਵਿਚ ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਵੀ ਹੋਣਗੀਆਂ ਅਤੇ ਪਾਰਟੀ ਇਨ੍ਹਾਂ ਚੋਣਾਂ ਲਈ ਵੀ ਸੰਗਠਨ ਦੀ ਮਜ਼ਬੂਤੀ ਵਿਚ ਜੁਟੀ ਹੋਈ ਹੈ। ਉਹਨਾਂ ਕਿਹਾ ਕਿ ਇਸ ਵਾਰ ਚੰਡੀਗੜ੍ਹ ਨਗਰ ਚੋਣਾਂ ਵਿੱਚ ਵੀ ਪਾਰਟੀ ਵਧੀਆ ਕਾਰਗੁਜ਼ਾਰੀ ਦਿਖਾਵੇਗੀ ਤੇ ਆਪਣਾ ਮੇਅਰ ਬਣਾਵੇਗੀ।
ਚੰਡੀਗੜ੍ਹ ਦੇ ਅਹੁਦੇਦਾਰਾਂ ਨੇ ਮੀਟਿੰਗ ਵਿੱਚ ਚੰਡੀਗੜ੍ਹ ਦੀਆਂ ਵਾਰਡ ਵਾਰ ਕਮੇਟੀਆਂ ਅਤੇ ਉੱਥੇ ਸੰਗਠਨ ਦੇ ਮਜਬੂਤੀ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਕੇਂਦਰੀ ਇੰਚਾਰਜ ਹਰਿਆਣਾ ਸ੍ਰੀ ਪ੍ਰਤਾਪ ਸਿੰਘ; ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਇੰਚਾਰਜ ਦਯਾ ਚੰਦ, ਹਰਿਆਣਾ ਦੇ ਇੰਚਾਰਜ ਵਿਸਾਲ ਗੁੱਜਰ ਅਤੇ ਹਰਿਆਣਾ ਬੀਐਸਪੀ ਪ੍ਰਧਾਨ ਕ੍ਰਿਸ਼ਨ ਜਮਾਲਪੁਰੀ ਨੇ ਵੀ ਸੰਬੋਧਨ ਕੀਤਾ। ਮੀਟਿੰਗ ਵਿਚ ਬੀਐਸਪੀ ਹਰਿਆਣਾ ਦੇ ਇੰਚਾਰਜ ਰਾਮ ਸਿੰਘ ਪ੍ਰਜਾਪਤੀ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਇੰਚਾਰਜ ਧਰਮਵੀਰ ਸਿੰਘ ਅਸ਼ੋਕ ਤੇ ਸਾਬਕਾ ਮੰਤਰੀ ਉਤਰ ਪ੍ਰਦੇਸ਼, ਵਿਕਰਮ ਸਿੰਘ ਪ੍ਰਧਾਨ ਬੀਐਸਪੀ ਹਿਮਾਚਲ ਪ੍ਰਦੇਸ਼, ਡੀ.ਆਰ. ਭਾਟੀਆ ਪ੍ਰਭਾਰੀ, ਗਿਆਨ ਚੰਦ ਭਾਟੀਆ, ਵਿਜੇ ਨਾਡੀ ਮੀਤ ਪ੍ਰਧਾਨ ਹਿਮਾਚਲ ਪ੍ਰਦੇਸ਼, ਰਤਨ ਚੰਦ ਇੰਚਾਰਜ ਹਿਮਾਚਲ ਪ੍ਰਦੇਸ਼, ਪੰਜਾਬ ਦੇ ਜਨਰਲ ਸਕੱਤਰ ਹਰਭਜਨ ਸਿੰਘ ਬਜਹੇੜੀ ਤੇ ਬਲਜੀਤ ਸਲਾਣਾ, ਇੰਜੀਨੀਅਰ ਜਸਵੰਤ ਰਾਏ ਪੰਜਾਬ ਸਟੇਟ ਬੀਐਸਪੀ ਦੇ ਆਫਿਸ ਸੈਕਟਰੀ ਬੀਐਸਪੀ, ਚੰਡੀਗੜ੍ਹ ਦੇ ਕੋਆਰਡੀਨੇਟਰ ਤੇ ਪੰਜਾਬ ਦੇ ਜਨਰਲ ਸਕੱਤਰ ਰਾਜਾ ਰਾਜਿੰਦਰ ਸਿੰਘ ਨਨਹੇੜੀਆਂ, ਬ੍ਰਿਜਪਾਲ ਪ੍ਰਧਾਨ ਚੰਡੀਗੜ੍ਹ, ਸੁਰਿੰਦਰ ਸਿੰਘ ਖੁੱਡਾ ਪ੍ਰਧਾਨ ਚੰਡੀਗੜ੍ਹ ਰੂਰਲ, ਡਾ. ਨਿਰਮਲ ਸਿੰਘ ਬੀਕਾ ਮੀਤ ਪ੍ਰਧਾਨ ਚੰਡੀਗੜ੍ਹ, ਸੁਖਦੇਵ ਸੋਨੂ ਇੰਚਾਰਜ ਲੋਕ ਸਭਾ ਹਲਕਾ ਚੰਡੀਗੜ੍ਹ, ਵਿਕਰਾਂਤ ਤੇ ਸ਼ੰਕਰ ਰਾਓ ਜਨਰਲ ਸੈਕਟਰੀ ਅਤੇ ਰੌਬਿਨ ਵਾਲੀਆ ਪ੍ਰਧਾਨ ਬੀਵੀਐਫ ਵੀ ਹਾਜ਼ਰ ਸਨ।