ਬਰਨਾਲਾ,6 ਅਗਸਤ, ਦੇਸ਼ ਕਲਿਕ ਬਿਊਰੋ :
ਬਰਨਾਲਾ ਜ਼ਿਲ੍ਹੇ ਦੇ ਧਨੌਲਾ ਕਸਬੇ ਵਿੱਚ ਲੰਗਰ ਹਾਲ ਦੀ ਰਸੋਈ ’ਚ ਅੱਗ ਲੱਗਣ ਦੀ ਦੁੱਖਦਾਈ ਘਟਨਾ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ 8 ਮਰਦ ਤੇ 7 ਮਹਿਲਾਵਾਂ ਸਮੇਤ ਕੁੱਲ 15 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ।ਇਹ ਘਟਨਾ ਸ਼੍ਰੀ ਹਨੂਮਾਨ ਜੀ ਦੇ ਮਸ਼ਹੂਰ ਮੰਦਰ ਬਾਬਾ ਬਰਨੇਵਾਲਾ ਵਿੱਚ ਵਾਪਰੀ।
ਘਟਨਾ ਮੰਗਲਵਾਰ ਸ਼ਾਮ ਕਰੀਬ 7 ਵਜੇ ਦੀ ਹੈ, ਜਦੋਂ ਲੰਗਰ ਤਿਆਰ ਕਰਨ ਦੇ ਦੌਰਾਨ ਰਸੋਈ ’ਚ ਅਚਾਨਕ ਅੱਗ ਲੱਗ ਗਈ। ਮੌਕੇ ਤੇ ਹਾਜ਼ਰ ਲੋਕਾਂ ਅਨੁਸਾਰ, ਲੰਗਰ ਲਈ ਛੋਲੇ-ਪੂਰੀਆਂ ਤਿਆਰ ਕੀਤੀਆਂ ਜਾ ਰਹੀਆਂ ਸਨ। ਅੱਗ ਦੀਆਂ ਲਪਟਾਂ ਇਕਦਮ ਪੂਰੀ ਰਸੋਈ ‘ਚ ਫੈਲ ਗਈਆਂ।
ਜ਼ਖਮੀਆਂ ਵਿੱਚ ਮਿੱਠੂ ਸਿੰਘ ਪੁੱਤਰ ਸਤਪਾਲ ਸਿੰਘ, ਅਤਿਨੰਦ, ਬਲਵਿੰਦਰ ਸਿੰਘ, ਰਾਮਜੀਤ ਸਿੰਘ, ਰਾਮ ਚੰਦਰ ਅਤੇ ਵਿਸ਼ਾਲ ਦੇ ਨਾਂ ਸਾਹਮਣੇ ਆਏ ਹਨ। ਕਈ ਮਹਿਲਾਵਾਂ ਵੀ ਇਸ ਅੱਗ ਦੀ ਲਪੇਟ ਵਿੱਚ ਆ ਗਈਆਂ। ਸਭ ਨੂੰ ਫੌਰੀ ਤੌਰ ’ਤੇ ਸਿਵਲ ਹਸਪਤਾਲ ਧਨੌਲਾ ਭੇਜਿਆ ਗਿਆ, ਜਿਥੋਂ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ।
ਮੌਕੇ ’ਤੇ ਪੁੱਜੇ ਡੀਐਸਪੀ ਸਤਬੀਰ ਸਿੰਘ ਬੈਂਸ ਨੇ ਦੱਸਿਆ ਕਿ ਹਾਦਸਾ ਉਸ ਵੇਲੇ ਵਾਪਰਿਆ, ਜਦੋਂ ਲੰਗਰ ਬਣਾਉਣ ਵਾਲੇ ਹਲਵਾਈ ਨੇ ਭੱਠੀ ’ਚ ਡੀਜ਼ਲ ਪਾਇਆ। ਇਸ ਦੌਰਾਨ ਡੀਜ਼ਲ ਭੱਠੀ ਤੋਂ ਅੱਗ ਭੜਕ ਗਈ , ਜਿਸ ਕਾਰਨ ਨੇੜੇ ਰੱਖੀ ਕੜਾਹੀ ਵਿੱਚ ਭਰੇ ਤੇਲ ਨੂੰ ਵੀ ਅੱਗ ਲੱਗ ਗਈ।
