ਫਾਜ਼ਿਲਕਾ, 6 ਅਗਸਤ: ਦੇਸ਼ ਕਲਿੱਕ ਬਿਓਰੋ
ਫਾਜ਼ਿਲਕਾ ਜ਼ਿਲ੍ਹੇ ਵਿਚ ਜ਼ਿਲ੍ਹਾ ਪੱਧਰੀ ਕਲਾ ਉਤਸਵ 8 ਅਗਸਤ 2025 ਨੂੰ ਕਰਵਾਇਆ ਜਾ ਰਿਹਾ ਹੈ। ਇਹ ਸਕੂਲ ਆਫ ਐਮੀਨੈਂਸ ਫਾਜ਼ਿਲਕਾ ਦੇ ਔਡੀਟੋਰੀਅਮ ਵਿਚ ਕਰਵਾਇਆ ਜਾ ਰਿਹਾ ਹੈ। ਸਮੱਗਰਾ ਸਿੱਖਿਆ ਅਭਿਆਨ ਅਧੀਨ ਵਿਦਿਆਰਥੀਆਂ ਨੂੰ ਵਿਰਸੇ ਨਾਲ ਜ਼ੋੜਨ ਅਤੇ ਛੁੱਪੀ ਪ੍ਰਤਿਭਾ ਨੂੰ ਉਭਾਰਨ ਦੇ ਮੰਤਵ ਤਹਿਤ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆ ਲਈ ਇਸ ਕਲਾ ਉਤਸਵ ਪ੍ਰੋਗਰਾਮ ਤਹਿਤ ਵੱਖ—ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।ਇਸ ਜਾਣਕਾਰੀ ਜ਼ਿਲ੍ਹਾ ਸਿਖਿਆ ਅਫਸਰ ਅਜੈ ਸ਼ਰਮਾ ਅਤੇ ਜ਼ਿਲ੍ਹਾ ਸਿਖਿਆ ਨੋਡਲ ਅਫਸਰ ਵਿਜੈ ਪਾਲ ਨੇ ਦਿੱਤੀ।
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਅਜੈ ਸ਼ਰਮਾ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਦੇ ਆਯੋਜਨ ਨਾਲ ਬਚਿਆਂ ਦੇ ਅੰਦਰ ਦੇ ਹੁਨਰ ਅਤੇ ਕਲਾ ਨੂੰ ਜਿਥੇ ਨਿਖਾਰਨਾ ਹੈ ਉਥੇ ਵਿਦਿਆਰਥੀਆਂ ਨੁੰ ਆਤਮ ਨਿਰਭਰ ਵੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਕਲਾ ਉਤਸਵ ਪ੍ਰੋਗਰਾਮ ਦੌਰਾਨ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀ ਵੱਖ—ਵੱਖ ਮੁਕਾਬਲਿਆਂ ਰਾਹੀਂ ਜ਼ਿਲ੍ਹਾ ਪੱਧਰ ਤੋਂ ਬਾਅਦ ਜ਼ੋਨ, ਰਾਜ ਅਤੇ ਰਾਸ਼ਟਰ ਪੱਧਰ *ਤੇ ਆਪਣੀ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਨਗੇ।
ਨੋਡਲ ਅਫ਼ਸਰ ਵਿਜੈ ਪਾਲ ਅਤੇ ਗੁਰਛਿੰਦਰ ਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਦੌਰਾਨ ਵੋਕਲ ਮਿਉਜਿਕ ਸੋਲੋ ਅਤੇ ਗਰੁੱਪ, ਇੰਸਟਰੂਮੈਂਟ ਮਿਉਜਿਕ ਸੋਲੋ ਅਤੇ ਗਰੁੱਪ, ਮੈਲੋਡੀ, ਡਾਂਸ ਸੋਲੋ ਅਤੇ ਗਰੁੱਪ, ਥੀਏਟਰ ਗਰੁੱਪ ਦੀਆਂ ਗਤੀਵਿਧੀਆ, ਵਿਜਿਉਅਲ ਆਰਟ (2 ਡੀ, 3 ਡੀ, ਗਰੁੱਪ) ਕਹਾਣੀ ਦੱਸਣ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲਾਂ ਦੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀ ਭਾਗ ਲੈ ਸਕਦੇ ਹਨ। ਸਕੂਲ ਮੁੱਖੀਆਂ ਨੂੰ ਇਸ ਸਬੰਧੀ ਪਹਿਲਾਂ ਹੀ ਸੂਚਨਾ ਭੇਜੀ ਜਾ ਚੁੱਕੀ ਹੈ।
