ਚਮਕੌਰ ਸਾਹਿਬ / ਮੋਰਿੰਡਾ , 6 ਅਗਸਤ ਭਟੋਆ
ਪੰਚਾਇਤ ਯੂਨੀਅਨ ਚਮਕੌਰ ਸਾਹਿਬ ਬਲਾਕ ਦੀ ਚੋਣ ਸਰਬਸੰਮਤੀ ਨਾਲ ਹਲਕਾ ਵਿਧਾਇਕ ਡਾ ਚਰਨਜੀਤ ਸਿੰਘ ਦੀ ਮੌਜੂਦਗੀ ਵਿੱਚ ਹੋਈ। ਇਸ ਚੋਣ ਵਿੱਚ ਪਿੰਡ ਜਟਾਣਾ ਦੇ ਸਰਪੰਚ ਹਰਿੰਦਰ ਸਿੰਘ ਕਾਕਾ ਨੂੰ ਯੂਨੀਅਨ ਦਾ ਪ੍ਰਧਾਨ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਪਿੰਡ ਟੱਪਰੀਆਂ ਅਮਰ ਸਿੰਘ ਦੇ ਸਰਪੰਚ ਸਜਣ ਸਿੰਘ ਅਤੇ ਪਿੰਡ ਰੋਲੂਮਾਜਰਾ ਦੇ ਸਰਪੰਚ ਮਲਕੀਤ ਸਿੰਘ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਯੂਨੀਅਨ ਦੇ ਇਲਾਕੇ ਦੇ ਪਿੰਡਾਂ ਨਾਲ ਸੰਬੰਧਤ 28 ਸਰਪੰਚਾਂ ਨੂੰ ਮੈਂਬਰ ਬਣਾਇਆ ਗਿਆ ਹੈ। ਹਲਕਾ ਵਿਧਾਇਕ ਡਾ.ਚਰਨਜੀਤ ਸਿੰਘ ਨੇ ਉਕਤ ਚੁਣੇ ਗਏ ਮੈਂਬਰਾਂ ਅਤੇ ਪੰਚਾਇਤ ਮੈਂਬਰਾਂ ਨੂੰ ਕਿਹਾ ਕਿ ਉਹ ਪਿੰਡਾਂ ਵਿੱਚ ਪਾਰਟੀਬਾਜੀ ਤੋਂ ਉਪਰ ਉੱਠ ਕੇ ਕੰਮ ਕਰਨ ਤਾਂ ਜੋ ਕਿ ਪਿੰਡਾਂ ਵਿੱਚ ਪਹਿਲ ਦੇ ਆਧਾਰ ਤੇ ਵਿਕਾਸ ਕਾਰਜ ਹੋ ਸਕਣ। ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡਾਂ ਵਿੱਚ ਵਿਕਾਸ ਕਾਰਜਾ ਲਈ ਜਲਦੀ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗ੍ਰਾਂਟਾਂ ਜਾਰੀ ਕਰਨਗੇ,ਜਿਸ ਨਾਲ ਪਿੰਡਾਂ ਵਿੱਚ ਵਾਧੂ ਵਿਕਾਸ ਕਾਰਜ ਹੋਣਗੇ। ਉਨ੍ਹਾਂ ਪੰਚਾਇਤ ਮੈਂਬਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪੋ ਆਪਣੇ ਪਿੰਡਾਂ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਨ ਲਈ ਅੱਗੇ ਆਉਣ ਤਾਂ ਜੋ ਕਿ ਨਸ਼ੇ ਦੀ ਸਪਲਾਈ ਦਾ ਲੱਕ ਤੋੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਨੌਜਵਾਨ ਨਸ਼ੇ ਕਰਨ ਦਾ ਆਦੀ ਹੈ ਤਾਂ ਉਸ ਨੂੰ ਸਰਕਾਰੀ ਨਸ਼ਾ ਛਡਾਊ ਕੇਂਦਰ ਵਿੱਚ ਭੇਜ ਕੇ ਉਸ ਦਾ ਨਸ਼ਾ ਛੂਡਾਇਆਂ ਜਾ ਸਕਦਾ ਹੈ, ਜਿਸ ਨਾਲ ਉਸ ਦੀ ਜਾਨ ਬਚ ਸਕਦੀ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਪਿੰਡਾਂ ਨੂੰ ਜਾਂਦੀਆਂ ਲਿੰਕ ਸੜਕਾਂ ਦੀ ਮੁਰੰਮਤ ਜਲਦੀ ਕਰਵਾਉਣ ਲਈ ਉਨ੍ਹਾਂ ਵੱਲੋਂ ਸਰਕਾਰ ਨੂੰ ਲਿਖ ਕੇ ਦਿੱਤਾ ਜਾ ਚੁੱਕਾ ਹੈ, ਜਿਸ ਤੇ ਸੜਕਾਂ ਦੀ ਮੁਰੰਮਤ ਦਾ ਕੰਮ ਵੀ ਜਲਦੀ ਸ਼ੁਰੂ ਹੋਣ ਦੀ ਸੰਭਾਵਨਾਂ ਹੈ। ਇਸ ਮੌਕੇ ਸਿਆਸੀ ਸਕੱਤਰ ਜਗਤਾਰ ਸਿੰਘ ਘੜੂੰਆ, ਨਗਰ ਕੌਂਸਲ ਦੇ ਵਾਈਸ ਪ੍ਰਧਾਨ ਭੁਪਿੰਦਰ ਸਿੰਘ ਭੂਰਾ, ਸਰਪੰਚ ਜਗਦੇਵ ਸਿੰਘ ਜੱਸੜਾ, ਦਲਵੀਰ ਸਿੰਘ ਅਟਾਰੀ, ਸਰਪੰਚ ਜਤਿੰਦਰਪਾਲ ਸਿੰਘ, ਕੁਲਵੀਰ ਸਿੰਘ, ਮੋਹਣ ਸਿੰਘ, ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ, ਕਰਮਜੀਤ ਸਿੰਘ, ਕੁਲਦੀਪ ਸਿੰਘ, ਕੁਲਵੰਤ ਸਿੰਘ ਅਤੇ ਜਸਵੀਰ ਸਿੰਘ ਆਦਿ ਹਾਜ਼ਰ ਸਨ।